ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮਹਾਨ ਪਰਉਪਕਾਰੀ, ਚੌਹਾਂ ਉਦਾਸੀਆਂ ਰਾਹੀਂ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਜ਼ੁਲਮ, ਅਨਿਆ, ਅਧਰਮ ਤੇ ਚਾਰੇ-ਪਾਸੇ ਫੇਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਤੇ ਵਰਿਮਾਂ-ਭਰਮਾਂ ਵਿੱਚ ਫਸੀ ਮਨੁੱਖਤਾ ਨੂੰ ਸੱਚ ਤੇ ਧਰਮ ਦੇ ਰਾਹ ਤੇ ਤੋਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਡੀ ਪੱਧਰ ਤੇ ਮਨਾਇਆ ਗਿਆ। ਇਸੇ ਉਦੇਸ਼ ਤਹਿਤ ਹਰਿ ਕੀ ਪੌੜੀ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵਿਖੇ ਪ੍ਰਕਾਸ਼ ਪੁਰਬ ਮਨਾਉਣ ਤੇ ਸਾਂਤ ਮਈ ਯਾਤਰਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਏ ਸਿੱਖ ਯਾਤਰੂਆਂ ਨੂੰ ਉੱਤਰਾਖੰਡ ਸਰਕਾਰ ਵੱਲੋਂ ਸਰਹੱਦ ਤੇ ਰੋਕ ਕੇ ਹਿਰਾਸਤ ਵਿੱਚ ਲੈਣਾ ਕਾਂਗਰਸ ਸਰਕਾਰ ਦੀ ਤੰਗ ਦਿਲੀ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਸਿੱਧੀ ਦਖਲ ਅੰਦਾਜੀ ਹੈ, ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੇ-ਸ਼ੱਕ ਕਾਂਗਰਸ ਸਰਕਾਰ ਵੱਲੋਂ ਸਿੱਖ ਮਾਮਲਿਆਂ ਵਿੱਚ ਕੋਈ ਪਹਿਲੀ ਵਾਰ ਦਖਲ-ਅੰਦਾਜੀ ਨਹੀ ਕੀਤੀ। ਕਾਂਗਰਸ ਸਰਕਾਰ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਭਰਿਆ ਰਵਈਆ ਅਪਣਾ ਕੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਗੁਰੂ-ਘਰ ਭਾਵੇਂ ਦਿੱਲੀ ‘ਚ ਹੋਣ ਜਾਂ ਉੱਤਰਖੰਡ ‘ਚ ਕਾਂਗਰਸ ਨੇ ਹਮੇਸ਼ਾ ਹੀ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਕੇ ਸਿੱਖਾਂ ਦੀ ਵਿਰੋਧਤਾ ਕੀਤੀ। 1984 ਵੇਲੇ ਗੁਰਦੁਆਰਾ ਗਿਆਨ ਗੋਦੜੀ ‘ਹਰਿ ਕੀ ਪੌੜੀ’ ਨੂੰ ਢਹਿ-ਢੇਰੀ ਕਰਕੇ ਉਥੋਂ ਇਤਿਹਾਸਕ ਅਸਥਾਨ ਦਾ ਨਾਮੋਂ ਨਿਸ਼ਾਨ ਮਿਟਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ, ਪਰ ਸਿੱਖ ਕਾਂਗਰਸ ਦੀ ਇਸ ਕੋਸ਼ਿਸ਼ ਨੂੰ ਇੱਕ ਦਿਨ ਜਰੂਰ ਨਾਕਾਮ ਕਰਕੇ ਹੀ ਰਹਿਣਗੇ।
ਉਨ੍ਹਾਂ ਕਿਹਾ ਕਿ ਮੈਂ ਖੁਦ ਹਰਿ ਕੀ ਪੌੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਬਾਰੇ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਮਿਲ ਕੇ ਗੱਲਬਾਤ ਕਰ ਚੁੱਕਾ ਹਾਂ ਪਰ ਉਹਨਾਂ ਵੱਲੋਂ ਇਸ ਮਸਲੇ ਦੇ ਹੱਲ ਲਈ ਅਜੇ ਤੱਕ ਕੋਈ ਧਿਆਨ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਅਨੁਸਾਰ ਉੱਤਰਾਖੰਡ ਸਰਕਾਰ ਨਾਲ ਇਸ ਮਸਲੇ ਦੇ ਹੱਲ ਲਈ ਚਿੱਠੀ ਪੱਤਰ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੀ ਅਜਾਦੀ ਵੇਲੇ ਕੀਤੀਆਂ ਕੁਰਬਾਨੀਆਂ ਦਾ ਮੁਲੰਕਣ ਕਰਕੇ ਘੱਟ ਗਿਣਤੀ ਕੌਮਾਂ ਦਾ ਸਤਿਕਾਰ ਤੇ ਪੂਰਨ ਤੌਰ ਤੇ ਧਾਰਮਿਕ ਅਜਾਦੀ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।