ਫਤਹਿਗੜ੍ਹ ਸਾਹਿਬ-“ਹਿੰਦੂਤਵ ਹਕੂਮਤਾਂ ਭਾਵੇ ਉਹ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ, ਅਕਸਰ ਹੀ ਇਹ ਜਮਾਤਾਂ ਅਜਿਹੇ ਆਗੂਆਂ ਨੂੰ ਹੀ ਉੱਚ ਅਹੁਦੇ ਤੇ ਮਾਨ ਸਤਿਕਾਰ ਦਿੰਦੀਆਂ ਆ ਰਹੀਆਂ ਹਨ । ਜੋ ਘੱਟ ਗਿਣਤੀ ਸਿੱਖ-ਮੁਸਲਿਮ ਕੌਮਾਂ ਦੀ ਨਸ਼ਲਕੁਸੀ ਕਰੇ ਅਤੇ ਇਨ੍ਹਾਂ ਕੌਮਾਂ ਉਤੇ ਜ਼ਬਰ-ਜੁਲਮ ਦਾ ਕੁਹਾੜਾ ਵਰਤਾਉਦਾ ਰਹੇ । ਪੀ. ਚਿੰਦਬਰਮ ਜਾਂ ਮੋਦੀ ਜਿਨ੍ਹਾਂ ਨੂੰ ਕਾਂਗਰਸ ਤੇ ਭਾਜਪਾ ਵੱਲੋਂ ਅਗਲੇ ਵਜ਼ੀਰ-ਏ-ਆਜ਼ਮ ਬਣਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਹ ਦੋਵੇ ਸਿੱਖ ਤੇ ਮੁਸਲਿਮ ਕੌਮਾਂ ਦੇ ਕਾਤਿਲ ਹਨ । ਅਜਿਹੇ ਕਾਤਿਲਾਂ ਨੂੰ ਘੱਟ ਗਿਣਤੀ ਕੌਮਾਂ ਕਦੀ ਵੀ ਵਜ਼ੀਰ-ਏ-ਆਜ਼ਮ ਸਵਿਕਾਰ ਨਹੀ ਕਰਨਗੀਆਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਅਖ਼ਬਾਰਾਂ ਵੱਲੋਂ ਪੀ.ਚਿੰਦਬਰਮ ਨੂੰ ਕਾਂਗਰਸ ਵੱਲੋਂ ਅਤੇ ਮੋਦੀ ਨੂੰ ਭਾਜਪਾ ਵੱਲੋਂ ਅਗਲੇ ਵਜ਼ੀਰ-ਏ-ਆਜ਼ਮ ਦੇ ਤੌਰ ਤੇ ਸਿੱਖ ਅਤੇ ਮੁਸਲਿਮ ਕੌਮ ਦੇ ਮਨਾ ਨੂੰ ਠੇਸ ਪਹੁੰਚਾਉਣ ਦੇ ਕੀਤੇ ਜਾ ਰਹੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਮਰਹੂਮ ਇੰਦਰਾਂ ਗਾਂਧੀ ਨੇ 1984 ਵਿਚ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫ਼ੌਜੀ ਧਾਵਾ ਬੋਲਿਆ । ਉਪਰੰਤ ਰਾਜੀਵ ਗਾਂਧੀ ਨੇ 1984 ਵਿਚ ਦਿੱਲੀ ਅਤੇ ਹੋਰ ਅਸਥਾਨਾਂ ਉਤੇ ਸਿੱਖ ਕੌਮ ਦੀ ਯੋਜਨਾਬੰਧ ਢੰਗ ਨਾਲ ਨਸ਼ਲਕੁਸੀ ਤੇ ਕਤਲੇਆਮ ਕਰਵਾਇਆ । ਅੱਜ ਵੀ ਸਿੱਖਾਂ ਉੱਤੇ ਜ਼ਬਰ-ਜੁਲਮ ਕਰਨ ਵਾਲੇ ਅਤੇ ਕਾਤਿਲ ਪੀ.ਚਿੰਦਬਰਮ ਅਤੇ ਕਮਲ ਨਾਥ ਨੂੰ ਯੂਪੀਏ ਹਕੂਮਤ ਵਿਚ ਵਜੀਰੀਆਂ ਦਿੱਤੀਆਂ ਹੋਈਆਂ ਹਨ । ਬੀਜੇਪੀ ਜਿਸ ਜਮਾਤ ਨੇ ਮੁਸਲਿਮ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਬਾਬਰੀ ਮਸਜਿ਼ਦ ਨੂੰ ਢਹਿ-ਢੇਰੀ ਕੀਤਾ, ਉਸ ਜਮਾਤ ਨਾਲ ਸੰਬੰਧਤ ਵਜ਼ੀਰ-ਏ-ਆਜ਼ਮ ਸ੍ਰੀ ਵਾਜਪਾਈ ਨੇ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਉਪਰੰਤ ਮਰਹੂਮ ਇੰਦਰਾਂ ਗਾਂਧੀ ਨੂੰ “ਦੁਰਗਾ ਮਾਤਾ” ਦਾ ਖਿਤਾਬ ਦੇਕੇ ਨਿਵਾਜਿ਼ਆਂ ਸੀ । ਬੀਜੇਪੀ ਦੇ ਦੂਸਰੇ ਆਗੂ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਫਿਰ ਅਡਵਾਨੀ ਨੇ ਆਪਣੇ ਵੱਲੋਂ ਲਿਖੀ ਕਿਤਾਬ “ਮਾਈ ਕੰਟਰੀ, ਮਾਈ ਲਾਇਫ਼” ਵਿਚ ਪ੍ਰਵਾਨ ਕੀਤਾ ਹੈ ਕਿ ਇੰਦਰਾਂ ਗਾਂਧੀ ਨੂੰ ਉਪਰੋਕਤ ਫ਼ੌਜੀ ਹਮਲਾ ਕਰਨ ਲਈ ਅਸੀਂ ਹੀ ਉਤਸਾਹਿਤ ਕੀਤਾ ਸੀ । ਫਿਰ ਗੁਜਰਾਤ ਵਿਚ ਮੁਸਲਿਮ ਕੌਮ ਦੇ ਕਾਤਿਲ ਮੋਦੀ ਨੂੰ ਬੀਜੇਪੀ ਨੇ ਗੁਜਰਾਤ ਦਾ ਇਸ ਕਰਕੇ ਹੀ ਮੁੱਖ ਮੰਤਰੀ ਬਣਾਇਆ ਹੈ, ਕਿਉਂਕਿ ਉਸ ਨੇ ਬੀਜੇਪੀ ਦੀ ਭਾਵਨਾ ਅਧੀਨ ਹੀ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਸੀ । ਜਿਸ ਤੋ ਸਾਬਿਤ ਹੋ ਜਾਂਦਾ ਹੈ ਕਿ ਦੋਵੇ ਕਾਂਗਰਸ ਅਤੇ ਭਾਜਪਾ ਉਹਨਾਂ ਲੋਕਾਂ ਨੂੰ ਹੀ ਉੱਚ ਅਹੁਦੇ ਦਿੰਦੀਆਂ ਹਨ, ਜੋ ਘੱਟ ਗਿਣਤੀ ਕੌਮਾਂ ਦੀ ਨਸਲਕੁਸੀ ਕਰਨ ।
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਜਦੋਂ ਭਾਈ ਰਾਜੋਆਣਾ ਨੂੰ ਫ਼ਾਂਸੀ ਲੱਗਣੀ ਸੀ ਤਾਂ ਬਾਦਲ ਦਲ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਸੀ, ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਬਾਦਲ ਦਲ ਦੀ ਭਾਈਵਾਲ ਜਮਾਤ ਬੀਜੇਪੀ ਰਾਜੋਆਣੇ ਤੇ ਸ੍ਰੀ ਭੁੱਲਰ ਨੂੰ ਫ਼ਾਂਸੀ ਦੇਣ ਦੀ ਵਕਾਲਤ ਕਰ ਰਹੀ ਹੈ । ਦੂਸਰੇ ਪਾਸੇ ਲੁਧਿਆਣਾ ਦੇ ਐਮ.ਪੀ. ਅਤੇ ਸੈਟਰ ਦੇ ਮੌਜੂਦਾਂ ਵਜ਼ੀਰ ਸ੍ਰੀ ਮੁਨੀਸ ਤਿਵਾੜੀ ਅਤੇ ਸ੍ਰੀ ਵਿਜੇਇੰਦਰ ਸਿੰਗਲਾ ਜੋ ਸੰਗਰੂਰ ਤੋਂ ਐਮ.ਪੀ. ਹਨ, ਦੋਵੇਂ ਬਹੁ ਸਿੱਖ ਵਸੋਂ ਵਾਲੇ ਇਲਾਕਿਆਂ ਵਿਚੋਂ ਐਮ.ਪੀ. ਬਣੇ ਹਨ, ਉਹ ਵੀ ਭਾਈ ਰਾਜੋਆਣੇ ਅਤੇ ਭਾਈ ਭੁੱਲਰ ਦੀ ਫ਼ਾਂਸੀ ਦੇ ਹੱਕ ਵਿਚ ਹਨ । ਕਹਿਣ ਤੋਂ ਭਾਵ ਹੈ ਕਿ ਕਾਂਗਰਸ ਤੇ ਭਾਜਪਾ ਉਹਨਾਂ ਨੂੰ ਹੀ ਉੱਚ ਅਹੁਦੇ ਦਿੰਦੀ ਹੈ ਜੋ ਸਿੱਖ ਅਤੇ ਮੁਸਲਿਮ ਕੌਮ ਦੀ ਨਸ਼ਲਕੁਸੀ ਕਰਨ ਅਤੇ ਉਹਨਾਂ ਨਾਲ ਹਰ ਖੇਤਰ ਵਿਚ ਬੇਇਨਸਾਫ਼ੀ ਕਰਨ ਦੀ ਸੋਚ ਵਿਚ ਵਿਸ਼ਵਾਸ ਰੱਖਦੇ ਹੋਣ। ਉਹਨਾਂ ਕਿਹਾ ਕਿ ਹਿੰਦ ਵੱਖ-ਵੱਖ ਕੌਮਾਂ ਅਤੇ ਧਰਮਾਂ ਦਾ ਇਕ ਸਮੂਹ ਹੈ । ਇਸ ਲਈ ਹਿੰਦ ਦਾ ਵਜ਼ੀਰ-ਏ-ਆਜ਼ਮ ਮੁਸਲਿਮ ਕੌਮ, ਸਿੱਖ ਕੌਮ, ਈਸਾਈ ਕੌਮ ਜਾਂ ਰੰਘਰੇਟਿਆਂ ਦਾ ਕਤਲ ਕਰਨ ਵਾਲੇ, ਘੁਟਾਲਿਆ ਅਤੇ ਵੱਡੀਆਂ ਰਿਸ਼ਵਤਾਂ ਲੈਣ ਵਿਚ ਸ਼ਾਮਿਲ ਮੁਤੱਸਵੀ ਸੋਚ ਦੇ ਮਾਲਿਕਾਂ ਨੂੰ ਕਦੀ ਵੀ ਵਜ਼ੀਰ-ਏ-ਆਜ਼ਮ ਪ੍ਰਵਾਨ ਨਹੀ ਕਰਨਗੇ ।