ਨਿਹਾਲ ਸਿੰਘ ਵਾਲਾ – (ਮਿੰਟੂ ਖੁਰਮੀ) ਰੇਡੀਓ ਦਿਲ ਆਪਣਾ ਪੰਜਾਬੀ ਦੇ ਹਾਲੈਂਡ ਤੋਂ ਪੇਸ਼ਕਾਰ ਹਰਜੋਤ ਸਿੰਘ ਸੰਧੂ ਅਤੇ ‘ਹਿੰਮਤਪੁਰਾ ਡੌਟ ਕੌਮ’ ਦੇ ਸਾਂਝੇ ਯਤਨਾਂ ਨਾਲ ਅਜੋਕੀ ਹਿੰਸਾ ਭਰਪੂਰ ਅਤੇ ਅਸੱਭਿਅਕ ਗਾਇਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤਾ ਪੋਸਟਰ ਲੋਕ ਲਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿੱਥੇ ਇਸ ਪੋਸਟਰ ਨੂੰ ਵਿਦੇਸ਼ਾਂ ‘ਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਗੁਰੂਘਰਾਂ, ਖਾਧ ਸਟੋਰਾਂ ਅੱਗੇ ਲਗਾ ਕੇ ਪੰਜਾਬੀਆਂ ਨੂੰ ਜਾਗਰੂਕ ਕਰਨ ‘ਚ ਹਿੱਸਾ ਪਾ ਰਹੇ ਹਨ, ਉੱਥੇ ਇੱਕ ਅਜਿਹਾ ਇਨਸਾਨ ਵੀ ਪੰਜਾਬ ਦੀ ਧਰਤੀ ‘ਤੇ ਪਿੰਡ ਪਿੰਡ ਸਾਈਕਲ ਯਾਤਰਾ ਰਾਹੀਂ ਅਖੌਤੀ ਗਾਇਕਾਂ ਵੱਲੋਂ ਉਜਾੜੇ ਜਾ ਰਹੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਲੋਕਾਂ ਅੱਗੇ ਦੁਹਾਈਆਂ ਪਾ ਰਿਹਾ ਹੈ। ਹਾਂ ਜੀ, ਅਜਿਹਾ ਹੀ ਸ਼ਖਸ ਹੈ ਪੰਡਿਤ ਧਰਨੇਨਵਰ ਰਾਓ (ਸਹਾਇਕ ਪ੍ਰੋਫੈਸਰ, ਪੀ.ਜੀ ਸਰਕਾਰੀ ਕਾਲਜ ਚੰਡੀਗੜ੍ਹ) ਜੋ ਅੱਜਕੱਲ੍ਹ ਉਕਤ ਪੋਸਟਰ ਨੂੰ ਆਪਣੇ ਸਾਇਕਲ ਅੱਗੇ ਬੋਰਡ ਉੱਪਰ ਚਿਪਕਾ ਕੇ ਆਪਣੀ ਯਾਤਰਾ ‘ਤੇ ਨਿੱਕਲੇ ਹੋਏ ਹਨ। ਇੱਕ ਕਰਨਾਟਕ ਦੇ ਜੰਮਪਲ ਵੱਲੋਂ ਪੰਜਾਬ ਦੀ ਬੋਲੀ, ਵਿਰਸੇ, ਸੱਭਿਆਚਾਰ ਬਾਰੇ ਚਿੰਤਤ ਹੋਣਾ ਜਿੱਥੇ ਹੈਰਾਨੀ ਵਾਲੀ ਗੱਲ ਹੈ ਉੱਥੇ ਪੰਜਾਬ ਦੇ ਜਿਆਦਾਤਰ ਬੁੱਧੀਜੀਵੀ ਵਰਗ ਵੱਲੋਂ ਧਾਰੀ ਹੋਈ ਚੁੱਪ ਵੀ ਸ਼ੰਕੇ ਪੈਦਾ ਕਰਨ ਵਾਲੀ ਹੈ। ਸ੍ਰੀ ਰਾਓ ਵੱਲੋਂ ਯਾਤਰਾ ਦੌਰਾਨ ਅਜੋਕੀ ਗਾਇਕੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਢੰਗ ਵੀ ਨਿਰਾਲਾ ਹੈ। ਉਹਨਾਂ ਨੂੰ ਜਿੱਥੇ ਵੀ ਲੋਕ ਖੜ੍ਹੇ ਨਜਰੀਂ ਪੈਂਦੇ ਹਨ ਤਾਂ ਉਹ ਆਪਣਾ ਸਾਈਕਲ ਰੋਕ ਕੇ ਉਹਨਾਂ ਨੂੰ ਪੋਸਟਰ ਦੀ ਇਬਾਰਤ ਪੜ੍ਹ ਕੇ ਸੁਨਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਸੰਬੰਧੀ ਆਪਣੇ ਵਿਚਾਰ ਇਸ ਪ੍ਰਤੀਨਿਧ ਨਾਲ ਸਾਂਝੇ ਕਰਦਿਆਂ ਕਿਹਾ ਕਿ ਉਹ ਪ੍ਰਵਾਸੀ ਪੰਜਾਬੀ ਵੀਰਾਂ ਦਾ ਧੰਨਵਾਦ ਕਰਦੇ ਹਨ ਜੋ ਹਜਾਰਾਂ ਦੀ ਗਿਣਤੀ ਵਿੱਚ ਪੋਸਟਰ ਛਪਵਾਉਣ ਦੀ ਸੇਵਾ ਕਰਕੇ ਪਿੰਡ ਪਿੰਡ ਦੀਆਂ ਕੰਧਾਂ ‘ਤੇ ਚਿਪਕਾਉਣ ਲਈ ਯਤਨਸ਼ੀਲ ਹਨ। ਉਹਨਾਂ ਕਿਹਾ ਕਿ ਜਿੱਥੇ ਵੀ ਇਸ ਪੋਸਟਰ ਸੰਬੰਧੀ ਚਰਚਾ ਹੋਈ ਹੈ ਉੱਥੇ ਇਸ ਪੋਸਟਰ ਦੀ ਇਬਾਰਤ ਨੂੰ ਸਾਰਥਿਕ ਹਾਂ-ਪੱਖੀ ਹੁੰਗਾਰਾ ਹੀ ਮਿਲਿਆ ਹੈ। ਉਹਨਾਂ ਕਿਹਾ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ‘ਚ ਲੋਕ ਗੰਦ-ਮੰਦ ਗਾਉਣ ਵਾਲੇ ਗਾਇਕ ਵੀਰਾਂ ਨੂੰ ਸਵਾਲ ਪੁੱਛਣ ਦੇ ਰਾਹ ਤੁਰਨਗੇ। ਸ੍ਰੀ ਰਾਓ ਨੇ ਕਿਹਾ ਕਿ ਉਹ ਵੀ ਆਪਣੀ ਨੌਕਰੀ ਰਾਹੀਂ ਮਿਲਦੇ ਵੇਤਨ ਤੋਂ ਚੰਗੀ ਜਿੰਦਗੀ ਜੀਅ ਸਕਦੇ ਹਨ ਪਰ ਉਹ ਜਿਸ ਪੰਜਾਬ ਦਾ ਅੰਨ ਖਾ ਰਹੇ ਹਨ, ਉਸਦੇ ਕਰਜੇ ਦਾ ਵਿਆਜ ਮਾਤਰ ਵਾਪਸ ਕਰਨ ਲਈ ਹੀ ਇਹ ਕਾਰਜ ਕਰ ਰਹੇ ਹਨ। ਉਹਨਾਂ ਸਮੂਹ ਬੁੱਧੀਜੀਵੀਆਂ ਨੂੰ ਬੇਨਤੀ ਕੀਤੀ ਕਿ ਉਹ ਵੀ ਪੰਜਾਬ ਦੇ ਅਮੀਰ ਵਿਰਸੇ, ਬੋਲੀ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਅੱਗੇ ਆਉਣ। ਇੱਥੇ ਇਹ ਵਰਨਣਯੋਗ ਹੈ ਕਿ ਪੰਡਤ ਰਾਓ ਜੀ ਨੇ ਜਪੁਜੀ ਸਾਹਿਬ ਅਤੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਅਨੁਵਾਦ ਆਪਣੀ ਮਾਂ ਬੋਲੀ ਕੰਨੜ ਰਾਹੀਂ ਕਰਨਾਟਕ ਦੇ ਲੋਕਾਂ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਦਾ ਮਹਾਨ ਕੰਮ ਕੀਤਾ ਹੈ।
ਕਰਨਾਟਕ ਦਾ ਜੰਮਪਲ ਪ੍ਰੋਫੈਸਰ ਰਾਓ ਪੰਜਾਬ ਦੇ ਲੋਕਾਂ ਨੂੰ ਸਾਈਕਲ ਯਾਤਰਾ ਰਾਹੀਂ ਦੇ ਰਿਹੈ ਸੱਭਿਆਚਾਰ ਬਚਾਉਣ ਦੀਆਂ ਦੁਹਾਈਆਂ
This entry was posted in ਪੰਜਾਬ.