ਲੁਧਿਆਣਾ : ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਅੰਮ੍ਰਿਤ ਗਰੇਵਾਲ ਜੌਲੀ ਦੀ ਪੁਸਤਕ ਪਵੇ ਕਲੇਜੇ ਧੂਹ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਸਾਂਝੇ ਤੌਰ ਤੇ ਭਰਤ ਭੂਸ਼ਨ ਆਸ਼ੂ ਐਮ ਐਲ ਏ, ਸ਼੍ਰੀਮਤੀ ਮਮਤਾ ਆਸ਼ੂ ਕੌਂਸਲਰ, ਸਰਦਾਰ ਜਗਦੇਵ ਸਿੰਘ ਜੱਸੋਵਾਲ, ਹਰਦੇਵ ਦਿਲਗੀਰ, ਪ੍ਰੋ: ਰਵਿੰਦਰ ਭੱਠਲ, ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਸੁਰਿੰਦਰ ਕੌਰ ਭੱਠਲ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਰਿਲੀਜ਼ ਕੀਤੀ।
ਇਸ ਮੌਕੇ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਸ਼ਬਦ ਸਾਧਨਾ ਅਤੇ ਪੁਸਤਕ ਸਭਿਆਚਾਰ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ। ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਲੋਕ ਲਹਿਰ ਬਣਾਇਆ ਜਾਵੇ ਤਾਂ ਜੋ ਆਉਣ ਵਾਲੀਆ ਨਸਲਾਂ ਨੂੰ ਸ਼ਬਦ ਸਾਧਨਾ ਨਾਲ ਜੋੜਿਆ ਜਾ ਸਕੇ। ਉਹਨਾਂ ਆਖਿਆਂ ਕਿ ਵਿਰਸੇ ਤੋਂ ਵਰਤਮਾਨ ਤੀਕ ਫੈਲੇ ਇਹ ਗੀਤ ਦੇਸ਼ਕਾਲ ਦੀ ਸੀਮਾ ਤੋਂ ਮੁਕਤ ਹਨ।
ਡਾ ਗੁਰਇਕਬਾਲ ਸਿੰਘ ਨੇ ਕਿਹਾ ਕਿ ਅੰਮ੍ਰਿਤ ਜੌਲੀ ਇੱਕੋ ਸਮੇਂ ਖੁਸ ਚੁੱਕੇ ਪੰਜਾਬੀ ਸਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਆਵਾਜਾਂ ਹੀ ਨਹੀਂ ਮਾਰਦਾ, ਸਗੋਂ ਲੋਕ ਨਾਇਕਾਂ ਦੀ ਸੂਰਮਗਤੀ ਦਾ ਬਿਰਤਾਂਤ ਵੀ ਸਿਰਜਦਾ ਹੈ।
ਉਘੇ ਗੀਤ ਲੇਖਕ ਹਰਦੇਵ ਦਿਲਗੀਰ ਨੇ ਆਖਿਆ ਕਿ ਅੱਜ ਗੀਤ ਦੀ ਸ਼ਾਨ ਖਤਰੇ ਆਧੀਨ ਹੈ। ਅਸ਼ਲੀਲ, ਭੜਕਾਊ ਅਤੇ ਹਥਿਆਰਾਂ ਦੀ ਅੰਨੀ ਮਹਿਮਾਂ ਵਾਲੇ ਗੀਤਾਂ ਨੇ ਪੰਜਾਬੀ ਜੁਬਾਨ ਵਿਚ ਜ਼ਹਿਰੀਲਾ ਮਾਹੌਲ ਉਸਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਲੰਮੀ ਸਾਧਨਾ ਤੋਂ ਬਾਅਦ ਅੰਮ੍ਰਿਤ ਗਰੇਵਾਲ ਨੇ ਇਸ ਗੀਤ ਸੰਗ੍ਰਹਿ ਦੀ ਰਚਨਾ ਕਰਕੇ ਗੀਤਾਂ ਨੂੰ ਸਮਰੱਥ ਬਣਾਇਆ ਹੈ। ਪਰ ਹੁਣ ਇਨ੍ਹਾਂ ਵਿਚ ਲੋਕ ਗੀਤਕ ਮੁਹਾਂਦਰਾ ਭਰਨ ਦੀ ਲੋੜ ਹੈ।
ਮਨਜਿੰਦਰ ਧਨੋਆਂ ਨੇ ਇਸ ਪੁਸਤਕ ਬਾਰੇ ਕਿਹਾ ਕਿ ਇਹ ਕਿਤਾਬ ਜਣਨਹਾਰੀ ਮਾਂ, ਧਰਤੀ ਮਾਂ ਅਤੇ ਮਾਂ ਬੋਲੀ ਨੂੰ ਸਮਰਪਿਤ ਭਾਵਨਾਵਾਂ ਦਾ ਖੂਬਸੂਰਤ ਪਰਾਗਾ ਹੈ।
ਪ੍ਰਿੰ: ਪ੍ਰੇਮ ਸਿੰਘ ਬਜਾਜ ਨੇ ਕਿਹਾ ਕਿ ਅੰਮ੍ਰਿਤ ਜੌਲੀ ਵਰਗੇ ਸੁਹਿਰਦ ਲੇਖਕ ਪਰਵਾਸ ਵਿਚ ਰਹਿ ਕੇ ਵੀ ਆਪਣੀ ਧਰਤ ਨਾਲ ਜੁੜੇ ਰਹਿਣ ਦਾ ਯਤਨ ਕਰਦੇ ਹਨ। ਇਹ ਚੰਗਾ ਸ਼ਗਨ ਹੈ।
ਸਭਾ ਦੇ ਪ੍ਰਧਾਨ ਰਵਿੰਦਰ ਭੱਠਲ ਨੇ ਪੁਸਤਕ ਬਾਰੇ ਕਿਹਾ ਕਿ ਇਹ ਰਿਸ਼ਤਿਆਂ ਦੀ ਗਾਥਾ ਹੈ। ਪ੍ਰੋ: ਜਸਵਿੰਦਰ ਧਨਾਨਸੂ, ਰਵਿੰਦਰ ਦੀਵਾਨਾ ਅਤੇ ਕਰਮਜੀਤ ਗਰੇਵਾਲ ਨੇ ਪੁਸਤਕ ਵਿਚੋ ਗੀਤ ਪੇਸ਼ ਕੀਤੇ।
ਇਸ ਮੌਕੇ ਤੇ ਹਰਦੇਵ ਸਿੰਘ ਗਰੇਵਾਲ ਕਲਕੱਤਾ, ਸਤੀਸ਼ ਗੁਲਾਟੀ, ਤ੍ਰੋਲੋਚਨ ਲੋਚੀ, ਦਲਵਰੀ ਸਿੰਘ ਲੁਧਿਅਤਾਵੀ, ਜਸਵੰਤ ਜਫ਼ਰ, ਬਲਵਿੰਦਰ ਗਿੱਲ, ਤਰਲੋਚਨ ਨਾਟਕਕਾਰ, ਗੁਰਚਰਨ ਕੌਰ ਕੋਚਰ, ਪ੍ਰਿੰ: ਇੰਦਰਜੀਤ ਪਾਲ ਕੌਰ, ਜਰਨੈਲ ਸਿੰਘ ਸੇਖੋਂ, ਨਿਰਮਲ ਸਿੰਘ ਸਿੱਧੂ, ਮਨਿੰਦਰ ਗਰੇਵਾਲ, ਇੰਗਲੈਂਡ ਦੇ ਸ਼ਹਿਰ ਸਲੋਅ ਦੇ ਸਾਬਕਾ ਮੇਅਰ ਗੁਰਚਰਨ ਸਿੰਘ ਥਿੰਦ, ਲੁਧਿਆਣਾ ਦੇ ਸੀਨੀਅਰ ਕੌਂਸਲਰ ਬਲਕਾਰ ਸਿੰਘ ਸੰਧੂ, ਲਾਭ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਵਿਰਦੀ, ਬਲਕੌਰ ਸਿੰਘ ਗਿੱਲ, ਤਰਸੇਮ ਨੂਰ ਸਮੇਤ ਕਾਫੀ ਗਣਤੀ ਵਿਚ ਲੇਖਕ ਹਾਜ਼ਿਰ ਸਨ।