ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭੂਮੀ ਵਿਗਿਆਨੀਆਂ ਦੀ 77ਵੀਂ ਕੌਮੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜਿਸ ਮੁਲਕ ਵਿੱਚ ਆਜ਼ਾਦੀ ਮੌਕੇ ਆਪਣੇ ਵਾਸੀਆਂ ਦਾ ਢਿੱਡ ਭਰਨ ਲਈ ਪੂਰਾ ਅਨਾਜ ਨਹੀਂ ਸੀ ਉਸ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਿਰਫ ਸਵੈ ਨਿਰਭਰ ਹੀ ਨਹੀਂ ਕੀਤਾ ਸਗੋਂ ਵਿਦੇਸ਼ੀ ਮੰਡੀਆਂ ਵਿੱਚ ਵੀ ਆਪਣੀ ਉਪਜ ਵੇਚਣ ਦਾ ਰਾਹ ਖੋਲਿਆ ਹੈ। ਉਨ੍ਹਾਂ ਆਖਿਆ ਕਿ ਭਾਰਤ ਕੋਲ ਕੁੱਲ ਜਲ ਸੋਮਿਆਂ ਦਾ 4.2 ਫੀ ਸਦੀ ਭੰਡਾਰ ਹੈ ਜਿਸ ਨਾਲ ਵਿਸ਼ਵ ਦੀ 17 ਫੀ ਸਦੀ ਆਬਾਦੀ ਅਤੇ 11 ਫੀ ਸਦੀ ਪਸ਼ੂ ਧਨ ਦੀ ਵੀ ਖੁਰਾਕ ਪੈਦਾ ਕਰਨੀ ਹੈ। ਉਨ੍ਹਾਂ ਆਖਿਆ ਕਿ ਦੇਸ਼ ਨੂੰ 700 ਤੋਂ ਵੱਧ ਫ਼ਸਲਾਂ, ਫ਼ਲਾਂ, ਸਬਜ਼ੀਆਂ ਅਤੇ ਫੁੱਲਾਂ ਦੀਆਂ ਕਿਸਮਾਂ ਦੇਣ ਦੇ ਨਾਲ ਨਾਲ ਇਸ ਯੂਨੀਵਰਸਿਟੀ ਨੇ ਵਿਦਿਅਕ ਅਦਾਰਿਆਂ ਨੂੰ 40 ਵਾਈਸ ਚਾਂਸਲਰ ਅਤੇ ਭਾਰਤੀ ਹਾਕੀ ਟੀਮ ਤਿੰਨ ਉਲੰਪਿਕਸ ਦੇ ਕਪਤਾਨ ਦਿੱਤੇ ਹਨ।
ਸ: ਢੀਂਡਸਾ ਨੇ ਆਖਿਆ ਕਿ ਜਲ ਸੋਮੇ ਅਤੇ ਭੂਮੀ ਦੀ ਸਿਹਤ ਸੁਰੱਖਿਆ ਸਾਡੇ ਸਾਹਮਣੇ ਦੋ ਵੱਡੇ ਮਸਲੇ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਪੂਰਾ ਦੇਸ਼ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲ ਵੇਖ ਰਿਹਾ ਹੈ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੇ ਖੇਤੀਬਾੜੀ ਵੰਨ ਸੁਵੰਨਤਾ ਲਈ 5 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦੇਣ ਲਈ ਕਿਹਾ ਹੈ। ਸ: ਢੀਂਡਸਾ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਇਸ ਵੇਲੇ 190 ਕਰੋੜ ਰੁਪਏ ਸਾਲਾਨਾ ਬਜਟ ਵਿੱਚ ਅਤੇ 80 ਕਰੋੜ ਰੁਪਏ ਪੇਂਡੂ ਵਿਕਾਸ ਫੰਡ ਵਿੱਚੋਂ ਦਿੱਤੇ ਜਾ ਰਹੇ ਹਨ ਜਿਸ ਦਾ ਮਨੋਰਥ ਵਿਗਿਆਨੀਆਂ ਅਤੇ ਇਥੇ ਕੰਮ ਕਰਦੇ ਕਰਮਚਾਰੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਨਾ ਦੇਣਾ ਹੈ। ਉਨ੍ਹਾਂ ਆਖਿਆ ਕਿ ਖੋਜ ਕਾਰਜਾਂ ਲਈ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਖੁਦ ਖੇਤੀ ਕਰਦੇ ਪਰਿਵਾਰ ਵਿਚੋਂ ਹੋਣ ਕਰਕੇ ਮੈਂ ਕਿਸਾਨੀ ਦੀਆਂ ਸਮੱਸਿਆਵਾਂ ਦਾ ਵਾਕਿਫ਼ ਹਾਂ ਅਤੇ ਇਹ ਵੀ ਜਾਣਦਾ ਹਾਂ ਕਿ ਇਸ ਯੂਨੀਵਰਸਿਟੀ ਤੋਂ ਬਿਨਾਂ ਖੇਤੀਬਾੜੀ ਦੀਆਂ ਸਮੱਸਿਆਵਾਂ ਦਾ ਹੱਲ ਹੋਰ ਕਿਤੋਂ ਨਹੀਂ ਮਿਲਣਾ। ਸ: ਢੀਂਡਸਾ ਨੇ ਇਸ ਮੌਕੇ ਪ੍ਰਕਾਸ਼ਤ ਸੋਵੀਨਰ ਵੀ ਰਿਲੀਜ਼ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਹਿਲੇ ਨਿਰਦੇਸ਼ਕ ਖੋਜ ਅਤੇ ਇਕਰੀਸੈਟ ਹੈਦਰਾਬਾਦ ਵਿਖੇ 15 ਸਾਲ ਲਗਾਤਾਰ ਰਹੇ ਡਿਪਟੀ ਡਾਇਰੈਕਟਰ ਜਨਰਲ ਡਾ: ਜ.ਸ. ਕੰਵਰ ਨੇ ਦੇਸ਼ ਦੀ ਵੰਡ ਅਤੇ ਉਸ ਤੋਂ ਬਾਅਦ ਖੇਤੀਬਾੜੀ ਵਿਕਾਸ ਦੇ ਹਵਾਲੇ ਨਾਲ ਵਿੱਤ ਮੰਤਰੀ ਸ: ਢੀਂਡਸਾ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਖੇਤੀ ਵਿਕਾਸ ਨੀਤੀਆਂ ਅਤੇ ਖੇਤੀਬਾੜੀ ਖੋਜ ਨੂੰ ਹਮ ਕਦਮ ਕਰਕੇ ਹੀ ਚੰਗੇ ਨਤੀਜੇ ਹਾਸਿਲ ਹੋ ਸਕਦੇ ਹਨ। ਜਲ ਸੋਮਿਆਂ ਦੇ ਮਾਹਿਰ ਡਾ: ਸੋਹਣ ਸਿੰਘ ਪਰਿਹਾਰ ਨੇ ਵੀ ਜਲ ਸੋਮਿਆਂ ਦੀ ਸੰਭਾਲ ਬਾਰੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਪਾਣੀ ਦਾ ਬਜਟ ਵੀ ਪੈਸੇ ਦੇ ਬਜਟ ਵਾਂਗ ਜ਼ਰੂਰੀ ਹੈ ਅਤੇ ਫ਼ਸਲਾਂ ਨੂੰ ਇਸ ਯੂਨੀਵਰਸਿਟੀ ਵੱਲੋਂ ਦੱਸੇ ਢੰਗ ਤਰੀਕਿਆਂ ਨਾਲ ਪਾਲ ਕੇ ਵੀ ਜਲ ਸੋਮਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ। ਭਾਰਤ ਸਰਕਾਰ ਦੇ ਸਾਬਕਾ ਖੇਤੀਬਾੜੀ ਕਮਿਸ਼ਨਰ ਡਾ: ਡੀ ਆਰ ਭੂੰਬਲਾ ਨੇ ਭੂਮੀ ਵਿਗਿਆਨੀਆਂ ਵੱਲੋਂ ਵੱਖ ਵੱਖ ਸਮੇਂ ਨਿਭਾਏ ਯੋਗਦਾਨ ਦਾ ਜ਼ਿਕਰ ਕਰਨ ਦੇ ਨਾਲ ਨਾਲ ਇਹ ਵੀ ਕਿਹਾ ਕਿ ਧਰਤੀ ਦੀ ਸਿਹਤ ਸੰਭਾਲੇ ਬਿਨਾਂ ਪੌਸ਼ਟਿਕ ਅਨਾਜ ਸੁਰੱਖਿਆ ਦਾ ਸੁਪਨਾ ਪੂਰਾ ਨਹੀਂ ਹੋਣਾ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਨੂੰ ਸਮੂਹ ਵਿਗਿਆਨੀਆਂ ਦੀ ਸਭਾ ਨੇ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰ੍ਹੇ ਵਿੱਚ ਭਾਰਤੀ ਭੂਮੀ ਵਿਗਿਆਨੀਆਂ ਦੀ 77ਵੀਂ ਕੌਮੀ ਕਨਵੈਨਸ਼ਨ ਹੋਣਾ ਇਸ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਭੂਮੀ ਵਿਗਿਆਨੀਆਂ ਦੀ ਮਹੱਤਤਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਮਹੱਤਵਪੂਰਨ ਮੰਨਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਪੰਜ ਸਦੀਆਂ ਪਹਿਲਾਂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਹਿ ਕੇ ਆਪਣੀ ਵਿਗਿਆਨਕ ਚੇਤਨਾ ਦਾ ਪ੍ਰਮਾਣ ਦੇ ਕੇ ਸਾਨੂੰ ਸੁਚੇਤ ਕੀਤਾ ਸੀ। ਉਨ੍ਹਾਂ ਆਖਿਆ ਕਿ ਇਸ ਵਾਰ ਦਾ ਵਿਸ਼ਵ ਖੁਰਾਕ ਸਨਮਾਨ ਵੀ ਇਜ਼ਰਾਈਲ ਵਿੱਚ ਜਨਮੇਂ ਅਮਰੀਕਨ ਭੂਮੀ ਵਿਗਿਆਨੀ ਡਾ: ਡੇਨੀਅਲ ਹਿਲੇਲ ਨੂੰ ਮਿਲਿਆ ਹੈ। ਵਧੀਆ ਗੱਲ ਇਹ ਹੈ ਕਿ ਡਾ: ਹਿਲੇਲ 2011 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੌਰੇ ਤੇ ਆਏ ਸਨ। ਡਾ: ਢਿੱਲੋਂ ਨੇ ਆਖਿਆ ਕਿ ਭੋਜਨ ਸੁਰੱਖਿਆ, ਊਰਜਾ ਸੁਰੱਖਿਆ, ਜਲ ਸੋਮਿਆਂ ਦੀ ਪ੍ਰਾਪਤੀ, ਮਿਆਰੀ ਪਾਣੀ ਦੀ ਪ੍ਰਾਪਤੀ, ਭੂਮੀ ਦੀ ਸਿਹਤ ਅਤੇ ਮੌਸਮੀ ਤਬਦੀਲੀ ਗਲੋਬਲ ਪੱਧਰ ਤੇ ਵੱਡੀ ਚੁਣੌਤੀ ਹਨ। ਧਰਤੀ ਦੀ ਸਿਹਤ ਸੰਭਾਲਣ ਲਈ ਸਾਨੂੰ ਤੁਰੰਤ ਹਰਕਤ ਵਿੱਚ ਆਉਣਾ ਪਵੇਗਾ। ਉਨ੍ਹਾਂ ਆਖਿਆ ਕਿ ਜ਼ਮੀਨ ਵਿਚੋਂ ਜੈਵਿਕ ਮਾਦੇ ਦਾ ਘੱਟਣਾ ਸਿਰਫ ਅਨਾਜ ਉਤਪਾਦਨ ਨੂੰ ਹੀ ਨਹੀਂ ਘਟਾ ਰਿਹਾ ਸਗੋਂ ਵਾਤਾਵਰਨ ਵਿੱਚ ਵੀ ਵਿਗਾੜ ਪੈਦਾ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਵਿਸ਼ਵ ਦੀ 15 ਫੀ ਸਦੀ ਆਬਾਦੀ ਪੌਸ਼ਟਿਕਤਾ ਪੱਖੋਂ ਮਾੜੀ ਖੁਰਾਕ ਖਾ ਰਹੀ ਹੈ। ਭਾਰਤ ਵਿੱਚ 42 ਫੀ ਸਦੀ ਬੱਚੇ ਅਜਿਹੇ ਹਨ ਜੋ ਪੰਜ ਸਾਲ ਦੀ ਉਮਰ ਤੋਂ ਘੱਟ ਉਮਰ ਵਿੱਚ ਹੀ ਇਸ ਕਮਜ਼ੋਰੀ ਦਾ ਸ਼ਿਕਾਰ ਹਨ।
ਡਾ: ਢਿੱਲੋਂ ਨੇ ਆਖਿਆ ਕਿ ਉਪਜਾਊ ਜ਼ਮੀਨ ਦਾ ਰਕਬਾ ਵਧਣਾ ਤਾਂ ਸੰਭਵ ਨਹੀਂ ਪਰ ਸਾਨੂੰ ਪ੍ਰਾਪਤ ਜ਼ਮੀਨ ਵਿਚੋਂ ਹੀ ਵੱਧ ਪੌਸ਼ਟਿਕ ਅਨਾਜ ਪੈਦਾ ਕਰਨਾ ਪੈਣਾ ਹੈ। ਉਨ੍ਹਾਂ ਆਖਿਆ ਕਿ ਭਾਰਤ ਵਿੱਚ ਖਾਦਾਂ ਦੀ ਵਰਤੋਂ ਵੀ ਖੇਤਰੀ ਵਖਰੇਵਿਆਂ ਵਾਲੀ ਹੈ। ਉਨ੍ਹਾਂ ਆਖਿਆ ਕਿ ਮਿੱਟੀ ਪਰਖ਼ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਦਾ ਮਾਹੌਲ ਉਸਾਰ ਕੇ ਹੀ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਵੱਲੋਂ ਵਿਕਸਤ ਢੰਗ ਤਰੀਕੇ ਨੂੰ ਕਿਸਾਨਾਂ ਨੇ ਅਪਣਾਇਆ ਹੈ ਪਰ ਬਿਹਾਰ, ਗੁਜਰਾਤ ਅਤੇ ਤਾਮਿਲਨਾਡੂ ਆਦਿ ਸੂਬਿਆਂ ਵਿੱਚ ਜ਼ਿੰਕ ਦੀ ਭਾਰੀ ਕਮੀ ਹੈ। ਕਣਕ ਝੋਨਾ ਫ਼ਸਲ ਚੱਕਰ ਦੇ ਹਵਾਲੇ ਨਾਲ ਡਾ: ਢਿੱਲੋਂ ਨੇ ਆਖਿਆ ਕਿ ਇਸ ਨਾਲ ਦੇਸ਼ ਦੀ ਅਨਾਜ ਸੁਰੱਖਿਆ ਤਾਂ ਯਕੀਨੀ ਹੋ ਗਈ ਪਰ ਧਰਤੀ ਵਿਚੋਂ ਲੋੜੀਂਦੇ ਤੱਤਾਂ ਨੂੰ ਭਾਰੀ ਖੋਰਾ ਲੱਗਿਆ ਹੈ। ਪਾਣੀ ਵੀ ਵੱਧ ਖਰਚ ਹੋ ਰਿਹਾ ਹੈ। ਪੰਜਾਬ ਦੇ 142 ਬਲਾਕਾਂ ਵਿਚੋਂ 110 ਖਤਰੇ ਦੇ ਨਿਸ਼ਾਨ ਤੇ ਪਹੁੰਚ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਸਿਫਾਰਸ਼ਾਂ ਮੁਤਾਬਕ ਝੋਨੇ ਦੀ ਲੁਆਈ ਸੰਬੰਧੀ ਲਾਗੂ ਕੀਤੇ ਕਾਨੂੰਨ ਨੂੰ ਇਤਿਹਾਸਕ ਮੰਨਦਿਆਂ ਕਿਹਾ ਕਿ ਹੁਣ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਸੰਬੰਧੀ ਵੀ ਵਿਧਾਨਕ ਪ੍ਰਬੰਧ ਕਰਨਾ ਪਵੇਗਾ। ਡਾ: ਢਿੱਲੋਂ ਨੇ ਮਾਨਯੋਗ ਮੰਤਰੀ ਸ: ਢੀਂਡਸਾ ਵੱਲੋਂ ਸਹਿਯੋਗੀ ਵਤੀਰਾ ਧਾਰਨ ਲਈ ਮੁਕਤ ਕੰਠ ਪ੍ਰਸੰਸਾ ਕਰਦਿਆਂ ਸਾਰੀ ਸਭਾ ਵਿੱਚ ਬੈਠੇ ਵਿਗਿਆਨੀਆਂ ਨੂੰ ਖੜੇ ਹੋ ਕੇ ਆਦਰ ਮਾਣ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ: ਢੀਂਡਸਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਭੂਮੀ ਵਿਗਿਆਨੀਆਂ ਦੀ ਕੌਮੀ ਐਸੋਸੀਏਸ਼ਨ ਦੇ ਪ੍ਰਧਾਨ ਡਾ: ਬੀ ਪੀ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਨੇ ਪਹਿਲਾਂ ਹਰੇ ਇਨਕਲਾਬ ਦੀ ਅਗਵਾਈ ਕੀਤੀ ਅਤੇ ਹੁਣ ਦੂਜੇ ਹਰੇ ਇਨਕਲਾਬ ਲਈ ਵੀ ਦੇਸ਼ ਨੂੰ ਇਸ ਤੋਂ ਵੱਡੀਆਂ ਉਮੀਦਾਂ ਹਨ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ 40 ਫੀ ਸਦੀ ਕਿਸਾਨਾਂ ਕੋਲ ਖੇਤੀਬਾੜੀ ਬਗੈਰ ਹੋਰ ਕੋਈ ਗੁਜ਼ਾਰਾ ਸਾਧਨ ਨਹੀਂ ਹੈ, ਇਸ ਲਈ ਦੇਸ਼ ਦੀ ਅਨਾਜ ਸੁਰੱਖਿਆ ਅਤੇ ਜੀਵਨ ਨਿਰਬਾਹ ਲਈ ਸਭ ਚੁਣੌਤੀਆਂ ਤੋਂ ਪਾਰ ਜਾਣਾ ਸਾਡੀ ਸਾਂਝੀ ਜਿੰਮੇਂਵਾਰੀ ਹੈ। ਉਨ੍ਹਾਂ ਆਖਿਆ ਕਿ ਗਿਆਨ ਵਿਗਿਆਨ ਦਾ ਅਦਾਨ ਪ੍ਰਦਾਨ ਜ਼ਰੂਰੀ ਹੈ ਅਤੇ ਨਿਸ਼ਚਤ ਲੋੜਾਂ ਦਾ ਨਿਸ਼ਚਤ ਹੱਲ ਢੂੰਡਣਾ ਵਿਗਿਆਨ ਦੀ ਜਿੰਮੇਂਵਾਰੀ ਹੁੰਦੀ ਹੈ। ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆਏ ਵਿਗਿਆਨੀਆਂ ਦਾ ਸੁਆਗਤ ਕੀਤਾ ਜਦ ਕਿ ਐਸੋਸੀਏਸ਼ਨ ਦੇ ਸਕੱਤਰ ਡਾ: ਆਰ ਕੇ ਰਤਨ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ: ਉਪਕਾਰ ਸਿੰਘ ਸਿਡਾਨਾ ਨੇ ਧੰਨਵਾਦ ਦੇ ਸ਼ਬਦ ਕਹੇ। ਡਾ: ਸਿਡਾਨਾ ਨੇ ਦੱਸਿਆ ਕਿ ਵਿਭਾਗ ਦੇ ਵਿਗਿਆਨੀਆਂ ਨੇ ਹੁਣ ਤੀਕ ਪਿਛਲੇ 50 ਸਾਲਾਂ ਦੌਰਾਨ 13 ਰਫੀ ਅਹਿਮਦ ਕਿਦਵਈ ਪੁਰਸਕਾਰ, 8 ਨੈਸ਼ਨਲ ਅਕੈਡਮੀ ਫੈਲਸ਼ਿਪ, ਇਕ ਅਮਰੀਕਨ ਐਗਰੋਨੌਮੀ ਫੈਲੋਸ਼ਿਪ ਹਾਸਿਲ ਹੋ ਚੁੱਕੀ ਹੈ। ਇਸ ਮੌਕੇ ਵਿਭਾਗ ਦੇ ਸਾਬਕਾ ਮੁਖੀ ਡਾ: ਸੋਹਣ ਸਿੰਘ ਪਰਿਹਾਰ, ਡਾ: ਭਜਨ ਸਿੰਘ, ਡਾ: ਨਾਨਕ ਸਿੰਘ ਪਸਰੀਚਾ, ਡਾ: ਵੀ ਕੇ ਨਈਅਰ, ਡਾ: ਗੁਰਦੇਵ ਸਿੰਘ ਹੀਰਾ, ਡਾ: ਵਿਰਾਜ ਬੇਰੀ, ਡਾ: ਅਜਮੇਰ ਸਿੰਘ ਸਿੱਧੂ ਅਤੇ ਡਾ: ਯਾਦਵਿੰਦਰ ਸਿੰਘ ਤੋਂ ਇਲਾਵਾ ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੂਮੀ ਵਿਗਿਆਨੀਆਂ ਦੀ ਸੁਸਾਇਟੀ ਵੱਲੋਂ ਡਾ: ਪੀ ਕੇ ਚੌਕਰ ਅਤੇ ਪ੍ਰੋਫੈਸਰ ਰਤਨ ਲਾਲ ਨੂੰ ਆਨਰੇਰੀ ਮੈਂਬਰਸ਼ਿਪ, ਡਾ: ਬੀ ਕੇ ਪਾਲ ਨੂੰ ਪਲਾਟੀਨਮ ਜੁਬਲੀ ਐਵਾਰਡ, ਡਾ: ਜੀ ਵੀ ਲਕਸ਼ਮਣ, ਡਾ: ਐਨ ਐਸ ਕੁੰਡੂ, ਡਾ: ਸੁਰਿੰਦਰ ਸਿੰਘ ਅਤੇ ਡਾ: ਪ੍ਰਵੀਨ ਕੁਮਾਰ ਨੂੰ ਫੈਲੋਸ਼ਿਪ, ਡਾ: ਸੁਰਿੰਦਰ ਸਿੰਘ ਕੁਕਲ ਨੂੰ ਸ਼ਲਾਘਾ ਪੁਰਸਕਾਰ, ਡਾ: ਏ ਕੇ ਬਰਾਉਨ ਨੂੰ ਟੀਮ ਐਵਾਰਡ, ਡਾ: ਸਾਹਾ ਨੂੰ ਗੋਲਡਨ ਜੁਬਲੀ ਨਾਲ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਡਾ: ਸੁਰਿੰਦਰ ਸਿੰਘ ਕੁਕਲ ਨੇ ਕੀਤਾ।