ਨਵੀਂ ਦਿੱਲੀ- ਯੂਪੀਏ ਸਰਕਾਰ ਨੂੰ ਰਾਜ ਸੱਭਾ ਵਿੱਚ ਸੰਕਟ ਵਿੱਚੋਂ ਕੱਢਣ ਵਾਲੀ ਮਾਇਆਵਤੀ ਨੇ ਬੀਜੇਪੀ ਤੇ ਆਪਣੀ ਚੰਗੀ ਭੜਾਸ ਕੱਢੀ।ਸਦਨ ਵਿੱਚ ਬਹਿਸ ਦਾ ਮੁੱਦਾ ਮਲਟੀ ਬਰੈਂਡ ਰੀਟੇਲ ਵਿੱਚ ਐਫ਼ਡੀਆਈ ਸੀ, ਪਰ ਮਾਇਆਵਤੀ ਨੇ ਸੀਬੀਆਈ ਤੇ ਜਿਆਦਾ ਬੋਲਿਆ।
ਬਸਪਾ ਮੁੱਖੀ ਮਾਇਆਵਤੀ ਨੇ ਐਫ਼ਡੀਆਈ ਦੇ ਪੱਖ ਵਿੱਚ ਮੱਤਦਾਨ ਕਰਨ ਅਤੇ ਕੇਂਦਰ ਸਰਕਾਰ ਦਾ ਸਾਥ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਇਹ ਸੱਭ ਇਸ ਲਈ ਕਰ ਰਹੀ ਹੈ ਕਿ ਫਿਰਕੂ ਤਾਕਤਾਂ ਨੂੰ ਰਾਜਨੀਤੀ ਕਰਨ ਦਾ ਮੌਕਾ ਨਾਂ ਮਿਲੇ ਅਤੇ ਸਦਨ ਦਾ ਕੰਮਕਾਰ ਠੀਕ ਢੰਗ ਨਾਲ ਚੱਲੇ। ਮਾਇਆਵਤੀ ਨੇ ਕਿਹਾ ਕਿ ਇਸ ਦਾ ਸਕਾਰਤਮਕ ਪੱਖ ਇਹ ਹੈ ਕਿ ਇਸ ਪ੍ਰਸਤਾਵ ਨੂੰ ਸਰਕਾਰਾਂ ਉਪਰ ਥੋਪਿਆ ਨਹੀਂ ਗਿਆ।
ਮਾਇਆਵਤੀ ਨੇ ਬਹਿਸ ਦੀ ਸ਼ੁਰੂਆਤ ਸੁਸ਼ਮਾ ਅਤੇ ਅਰੁਣ ਜੇਟਲੀ ਦੇ ਬਿਆਨਾਂ ਤੋਂ ਕੀਤੀ। ਉਸ ਨੇ ਕਿਹਾ ਕਿ ਦੋਵਾਂ ਸਦਨਾਂ ਵਿੱਚ ਭਾਜਪਾ ਦੇ ਨੇਤਾਵਾਂ ਨੇ ਬਸਪਾ ਦੇ ਖਿਲਾਫ਼ ਬੇਬੁਨਿਆਦ ਗੱਲਾਂ ਕਹੀਆਂ ਹਨ ਅਤੇ ਮੇਰੇ ਤੇ ਸੀਬੀਆਈ ਦੇ ਦਬਾਅ ਦਾ ਆਰੋਪ ਲਗਾਉਣਾ ਫੈਸ਼ਨ ਬਣ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਸੱਭ ਤੋਂ ਪਹਿਲਾਂ ਮੇਰੇ ਖਿਲਾਫ਼ ਸੀਬੀਆਈ ਦਾ ਇਸਤੇਮਾਲ ਬੀਜੇਪੀ ਨੇ ਹੀ ਕੀਤਾ ਸੀ। 2003 ਵਿੱਚ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਸੀ। ਉਸ ਸਮੇਂ ਬੀਜੇਪੀ ਦੇ ਵੱਡੇ ਨੇਤਾਵਾਂ ਨੇ ਮੈਨੂੰ ਦਿੱਲੀ ਬੁਲਾ ਕੇ ਕਿਹਾ ਸੀ ਕਿ ਲੋਕ ਸੱਭਾ ਚੋਣਾਂ ਹੋਣ ਵਾਲੀਆਂ ਹਨ। ਅਸੀਂ ਚਾਹੁੰਦੇ ਹਾਂ ਕਿ 80 ਵਿੱਚੋਂ 60 ਸੀਟਾਂ ਤੇ ਬੀਜੇਪੀ ਅਤੇ 20 ਸੀਟਾਂ ਤੇ ਬਸਪਾ ਦੇ ਉਮੀਦਵਾਰ ਖੜੇ ਕੀਤੇ ਜਾਣ। ਮਾਇਆਵਤੀ ਨੇ ਕਿਹਾ ਕਿ ਮੇਰੇ ਮਨ੍ਹਾਂ ਕਰਨ ਤੇ ਮੇਰੇ ਖਿਲਾਫ਼ ਤਾਜ ਕਾਰੀਡੋਰ ਅਤੇ ਫਿਰ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਦਰਜ ਕੀਤਾ ਗਿਆ, ਪਰ ਮੈਨੂੰ ਬੀਜੇਪੀ ਦਾ ਸਾਥ ਦੇਣ ਨਾਲੋਂ ਅਸਤੀਫ਼ਾ ਦੇਣਾ ਮਨਜੂਰ ਸੀ। ਬੀਜੇਪੀ ਰਾਜਸੱਭਾ ਵਿੱਚ ਮਾਇਆਵਤੀ ਵੱਲੋਂ ਦਿੱਤੇ ਗਏ ਅਜਿਹੇ ਤਿੱਖੇ ਬਿਆਨਾਂ ਤੇ ਅੱਗ ਬਬੂਲਾ ਹੋ ਉਠੀ ਅਤੇ ਜਮ ਕੇ ਹੰਗਾਮਾ ਕੀਤਾ।