ਸੈਂਟਾ ਕਲਾਰਾ, ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) – ਇਥੋਂ ਦੀ ਸਿਲੀਕਨ ਵੈਲੀ ਨੇੜੇ ਆਲੀਸ਼ਾਨ ਇਲਾਕੇ ਵਿਚ ਰਹਿੰਦੇ ਇਕ ਭਾਰਤੀ ਇੰਜੀਨੀਅਰ ਨੇ ਆਪਣੇ ਦੋ ਬੱਚੇ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ। ਰਾਘਵਨ ਦੇਵਰਾਜਨ ਨਾਂ ਦਾ ਇਹ ਇੰਜੀਨੀਅਰ ਤਾਮਿਲਨਾਡੂ ਸੂਬੇ ਨਾਲ ਸਬੰਧਤ ਸੀ ਅਤੇ ਉਘੀ ਕੰਪਨੀ ਯਾਹੂ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਇਸ ਵਾਰਦਾਤ ਵਿਚ ਹਮਲਾਵਰ ਦੀ 42 ਸਾਲਾ ਪਤਨੀ ਆਬਾ ਬਚੀ ਹੈ, ਜਿਸ ਦੇ ਸਰੀਰ ਉਪਰ ਵੀ ਕਾਫੀ ਗੋਲੀਆਂ ਲੱਗੀਆਂ ਹਨ। ਉਹ ਸੈਂਟਾ ਕਲਾਰਾ ਦੇ ਇਕ ਹਸਪਤਾਲ ਵਿਚ ਜਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ। ਪੁਲਿਸ ਅਨੁਸਾਰ ਇਹ ਘਟਨਾ ਐਤਵਾਰ ਰਾਤੀਂ 8.30 ਵਜੇ ਵਾਪਰੀ, ਜਦ ਇਕ ਗੁਆਂਢੀ ਨੇ 911 ਨੰਬਰ ‘ਤੇ ਫੋਨ ਕੀਤਾ। ਜਦੋਂ ਪੁਲਿਸ ਪਹੁੰਚੀ 5 ਲਾਸ਼ਾਂ ਘਰ ਵਿਚ ਪਈਆਂ ਸਨ। ਮੁਸ਼ਤਬਾ ਹਮਲਾਵਰ ਖੁਦ ਹੀ ਗੋਲੀ ਮਾਰ ਕੇ ਮਰ ਗਿਆ ਸੀ। ਇਸ ਘਟਨਾ ਵਿਚ ਮਰਨ ਵਾਲਿਆਂ ਵਿਚ ਸਭ ਤੋਂ ਛੋਟੀ ਬੱਚੀ 11 ਮਹੀਨਿਆਂ ਦੀ ਹੈ, ਜਦ ਪੁਲਿਸ ਪਹੁੰਚੀ ਉਸ ਵੇਲੇ ਉਹ ਤੜਫ਼ ਰਹੀ ਸੀ, ਮਗਰੋਂ ਹਸਪਤਾਲ ਵਿਚ ਜਾ ਕੇ ਉਸ ਦੀ ਮੌਤ ਹੋ ਗਈ। ਪੁਲਿਸ ਦੀ ਪੜਤਾਲ ਵਿਚ ਕਿਹਾ ਗਿਆ ਹੈ ਕਿ ਇਸ ਇੰਜੀਨੀਅਰ ਨੇ ਹਾਲ ਹੀ ਵਿਚ ਘਰ ਕਿਰਾਏ ‘ਤੇ ਲਿਆ ਸੀ। ਉਸ ਦੇ ਦੋ ਬੱਚੇ ਜਿਨ੍ਹਾਂ ਨੂੰ ਪਿਓ ਨੇ ਖੁਦ ਮਰਨ ਤੋਂ ਪਹਿਲਾਂ ਮਾਰਿਆ ਚੋਂ ਇਕ ਗਿਆਰਾਂ ਸਾਲ ਦਾ ਅਖਿ਼ਲ ਦੇਵ ਅਤੇ ਉਸਤੋਂ ਛੋਟੀ 4 ਸਾਲ ਦੀ ਬੇਟੀ ਨੇਹਾ ਸਨ। ਦੋਵੇਂ ਬੱਚੇ ਬੜੇ ਮਹਿੰਗੇ ਪ੍ਰਾਈਵੇਟ ਸਕੂਲ ਚੈਲੈਂਜਰ ਵਿੱਚ ਪੜ੍ਹਦੇ ਸਨ।
ਓਧਰ ਚੇਨਈ ਤੋਂ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਰਹਿਣ ਵਾਲੇ ਅਪੂ ਮਾਸਟਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਜਵਾਈ ਦੇਵਰਾਜਨ ਅਤੇ ਉਨ੍ਹਾਂ ਦੇ ਬੇਟੇ ਅਸ਼ੋਕ ਅੱਪੂ ਪੂਥੇਮਕੰਡੀ ਵਿਚਕਾਰ ਰਾਤ ਦੇ ਖਾਣੇ ਵੇਲੇ ਝਗੜਾ ਹੋ ਗਿਆ ਜਿਸ ਕਾਰਨ ਉਨ੍ਹਾਂ ਦੇ ਜਵਾਈ ਨੇ ਬੰਦੂਕ ਲੈ ਕੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਉਨ੍ਹਾਂ ਦਾ ਪੁੱਤਰ ਅਸ਼ੋਕ, ਨੂੰਹ ਸੁਚਿਤਰਾ ਸਿਵਾਰਾਮਨ ਅਤੇ ਉਨ੍ਹਾਂ ਦੀ ਛੋਟੀ ਬੱਚੀ ਆਹਨਾ ਅਸ਼ੋਕ ਵੀ ਮਾਰੇ ਗਏ।
ਇੱਥੋਂ ਛਪਦੇ ਰੋਜ਼ਾਨਾ ਅਖ਼ਬਾਰ ‘ਮਰਕਰੀ ਨਿਊਜ਼’ ਹੋਰਨਾਂ ਖ਼ਬਰ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਸੈਂਟਾ ਕਲਾਰਾ ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਬਾਰੇ ਤੁਰੰਤ ਐਲਾਨ ਨਹੀਂ ਸੀ ਕੀਤਾ। ਪੁਲਿਸ ਅਧਿਕਾਰੀ ਲੈਫਟੀਨੈਂਟ ਕੁੱਕ ਨੇ ਦੱਸਿਆ ਕਿ ਮ੍ਰਿਤਕਾਂ ਦੀ ਕੌਮੀਅਤ ਬਾਰੇ ਸੂਹ ਮਿਲਦਿਆਂ ਹੀ ਉਨ੍ਹਾਂ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਭਾਰਤੀ ਕੌਂਸਲਖਾਨੇ ਨਾਲ ਸੰਪਰਕ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਮਾਲੀ ਮੁੱਦਾ ਕੋਈ ਨਹੀਂ ਸੀ। ਕੈਪਟਨ ਮਾਈਕ ਸੈਲਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕੋਈ ਵਿਸ਼ਵਾਸ਼ ਨਹੀਂ ਕਿ ਮੁਸ਼ਤਬਾ ਕਾਤਲ ਨੇ ਕੋਈ ਖੁਦਕੁਸ਼ੀਨਾਮਾ ਨੋਟ ਲਿਖਕੇ ਰੱਖਿਆ ਹੋਵੇ। ਮ੍ਰਿਤਕ ਯਾਹੂ ਕੰਪਨੀ ਵਿਚ ਮਾਈਕਰੋ ਸਾਫ਼ਟ ਇੰਜੀਨੀਅਰ ਸੀ।
ਚੈਲੇਂਜਰ ਸਕੂਲ ਦੇ ਖੇਤਰੀ ਡਾਇਰੈਕਟਰ ਮਾਈਕਲ ਓਮੂਰ ਨੇ ਦੱਸਿਆ ਕਿ ਉਹ ਅਜੇ ਮ੍ਰਿਤਕਾਂ ਦਾ ਹੋਰ ਥਹੁ ਪਤਾ ਲਗਾ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਦੇ ਵੇਰਵੇ ਨਜ਼ਰ ਕੀਤੇ ਜਾਣਗੇ।
ਸਾਰੇ 6 ਮ੍ਰਿਤਕਾਂ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਹਨ, ਜਿਨ੍ਹਾਂ ਵਿਚ 40 ਸਾਲਾ ਹਮਲਾਵਰ ਵੀ ਸ਼ਾਮਲ ਹੈ। ਹਮਲਾਵਰ ਦੀ ਲਾਸ਼ ਵੀ ਕੋਲ ਹੀ ਪਈ ਸੀ। ਇਸ ਇਲਾਕੇ ਵਿਚ ਸਿਲੀਕਨ ਵੈਲੀ ਵਿਚ ਕੰਮ ਕਰਨ ਵਾਲੇ ਵਰਕਰ ਅਤੇ ਮੁਲਜ਼ਾਮ ਰਹਿੰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਹੱਤਿਆਵਾਂ ਵਿਚ 2 ਹੈਂਡਗੰਨਾਂ ਵਰਤੀਆਂ ਗਈਆਂ ਹਨ।
ਸੈਂਟਾ ਕਲਾਰਾ ਦੇ ਪੁਲਿਸ ਕਪਤਾਨ ਨੇ ਦੱਸਿਆ ਕਿ ਹੈਡਨਵੇਅ ਵਿਚ ਘਰ ਦੇ ਅੰਦਰੋਂ ਇਕ ਭਾਰਤੀ ਪਾਸਪੋਰਟ ਵੀ ਮਿਲਿਆ ਜਿਸਤੋਂ ਮ੍ਰਿਤਕਾਂ ਦੀ ਕੌਮੀਅਤ ਬਾਰੇ ਪਤਾ ਚਲਿਆ। ਘਰ ਅੰਦਰੋਂ ਹੋਰ ਚਾਰ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਵਿਚ ਇਕ 30 ਸਾਲਾ ਆਦਮੀ ਅਤੇ ਇਕ 20 ਸਾਲਾ ਔਰਤ ਸੀ ਅਤੇ ਦੋ ਚੈਲੇਂਜਰ ਸਕੂਲ ਦੇ ਵਿਦਿਆਰਥੀ ਸਨ।
ਇਕ ਹੋਰ ਔਰਤ ਨੂੰ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਗੋਲੀਆਂ ਲੱਗੀਆਂ ਪਰ ਉਹ ਬਚ ਗਈ। ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਜਿਸ ਮਕਾਨ ਵਿਚ ਇਹ ਘਟਨਾ ਵਾਪਰੀ ਉਸ ਦੇ ਗੁਆਂਢ ਵਿਚ ਰਹਿੰਦੇ ਸਰਗੇਈ ਸੇਵਰੀਨ ਨੇ ਦੱਸਿਆ ਕਿ ਜਦ ਉਸ ਨੂੰ ਬੱਚਿਆਂ ਦਾ ਚੀਕ ਚਿਹਾੜਾ ਸੁਣਿਆ ਤਾਂ ਉਹ ਪੌੜੀਆਂ ਚੜ੍ਹ ਕੇ ਉਪਰ ਗਿਆ। ਉਸ ਨੇ ਸੋਚਿਆ ਕਿ ਉਸ ਦੇ ਆਪਣੇ ਬੱਚੇ ਝਗੜ ਰਹੇ ਹਨ, ਪਰ ਉਹ ਠੀਕ ਠਾਕ ਸਨ। ਏਨੇ ਨੂੰ ਇਕ ਗੁਆਂਢਣ ਨੇ ਆ ਕੇ ਉਸ ਦਾ ਦਰਵਾਜ਼ਾ ਖੜਕਾਇਆ ਤੇ ਉਸ ਨੂੰ ਮਦਦ ਕਰਨ ਲਈ ਪੁਕਾਰਿਆ। ਉਸ ਨੇ ਵੇਖਿਆ ਰਸਤੇ ਵਿਚ ਇਕ ਔਰਤ ਖੂਨ ਦੇ ਛੱਪੜ ਵਿਚ ਲਥਪਥ ਸੀ। ਉਹ ਜ਼ਖ਼ਮੀ ਔਰਤ ਦੀ ਮਦਦ ਲਈ ਗਏ ਜੋ ਪੀੜ ਨਾਲ ਕਰਾਹ ਰਹੀ ਸੀ।
ਸਰਗੇਈ ਦੀ ਪਤਨੀ ਜੈਕੀ ਸੇਵਰੀਨ ਨੇ ਦੱਸਿਆ ਕਿ ਜਿਸ ਪਰਿਵਾਰ ਵਿਚ ਇਹ ਖੂਨੀ ਕਾਂਡ ਵਾਪਰਿਆ ਉਹ ਉਨ੍ਹਾਂ ਨੂੰ ਨਹੀਂ ਜਾਣਦੇ ਸਨ, ਕਿਉਂਕਿ ਉਹ ਇਸ ਜਗ੍ਹਾ ‘ਤੇ ਕੁਝ ਹਫ਼ਤੇ ਪਹਿਲਾਂ ਹੀ ਆਏ ਸਨ।
ਇਕ ਪਰਿਵਾਰ ਦੀ ਔਰਤ ਨੇ ਦੱਸਿਆ ਕਿ ਉਹ ਇਸ ਪਰਿਵਾਰ ਨੂੰ ਜਾਣਦੇ ਸਨ ਪਰ ਉਹ ਜਨਤਕ ਤੌਰ ‘ਤੇ ਇਨ੍ਹਾਂ ਬਾਰੇ ਕੁਝ ਨਹੀਂ ਦੱਸਣਾ ਚਾਹੁੰਦੀ। ਪੁਲੀਸ ਦਾ ਦਸਣਾ ਹੈ ਕਿ ਦੇਵਰਾਜਨ ਨੇ ਕਤਲਾਂ ਅਤੇ ਖੁਦਕੁਸ਼ੀ ਲਈ ਵਰਤਿਆ ਹਥਿਆਰ ਅਤੇ ਇੱਕ ਹੋਰ ਹੈਂਡ ਗੰਨ ਫਰਵਰੀ ਮਹੀਨੇ ਵਿੱਚ ਹੀ ਖਰੀਦੇ ਸਨ।ਮ੍ਰਿਤਕ ਕਾਤਲ ਦੇਵਰਾਜਨ ਕਲਾਥਤ ਜਿਸਨੇ ਅਪਣਾ ਨਾਂਅ ਬਦਲ ਕੇ ਰਾਘਵਨ ਦੇਵਰਾਜਨ ਰੱਖ ਲਿਆ ਸੀ, 15 ਸਾਲ ਪਹਿਲਾਂ ਅਮਰੀਕਾ ਆਇਆ ਅਤੇ 2004 ਤੋਂ ਯਾਹੂ ਵਿੱਚ ਨੌਕਰੀ ਕਰ ਰਿਹਾ ਸੀ।
ਇਹ ਪਰਿਵਾਰ ਥੋੜਾ ਚਿਰ ਪਹਿਲਾਂ ਸਨੀਵੇਲ ਤੋਂ ਸੈਂਟਾ ਕਲਾਰਾ ਦੇ ਇਸ ਰਿਹਾਇਸ਼ੀ ਖੇਤਰ ਵਿੱਚ ਵਸਿਆ ਸੀ ਜਿੱਥੇ ਘਰਾਂ ਦੀ ਕੀਮਤ ਇੱਕ ਮਿਲੀਅਨ ਤੋਂ ੳਪਰ ਹੀ ਹੈ।