ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਅੱਜ ਦੁਪਹਰ 12.30 ਵਜੇ ਕੁਝ ਵੱਖ-ਵੱਖ ਥਾਵਾਂ ਉਤੇ ਕੁਝ ਕੁ ਮਿੰਟਾਂ ਲਈ ਹੀ ਚੱਲੇ ਤੇਜ ਤਰਾਰ ਝੱਖੜ (ਟੋਰਨਾਡੋ) ਨੇ ਜਿਥੇ ਤਿੰਨ ਜਾਨਾਂ ਲੈ ਲਈਆਂ ਉਥੇ ਸੈਂਕੜੇ ਘਰਾਂ ਨੂੰ ਉਜੜੇ ਘਰਾਂ ਦੇ ਵਿਚ ਬਦਲ ਦਿੱਤਾ। ਆਕਲੈਂਡ ਅਤੇ ਰੋਟੋਰੂਆ ਖੇਤਰਾਂ ਦੇ ਨਾਲ ਲਗਦੇ ਇਲਾਕਿਆਂ ਦੇ ਵਿਚ ਰਿਹਾਇਸ਼ੀ ਥਾਵਾਂ ਉਤੇ ਇਨ੍ਹਾਂ ਤੇਜ਼ ਤਰਾਰ ਤੁਫਾਨ ਅਥਵਾ ਵਾਵਰੋਲਿਆਂ ਨੇ ਘਰਾਂ ਦੀ ਛੱਤਾਂ, ਦਰੱਖਤਾਂ ਦੀਆਂ ਜੜ੍ਹਾਂ ਪੁੱਟ ਸੁੱਟੀਆਂ। ਵਾਵਰੋਲਾ ਐਨਾ ਜਬਰਦਸਤ ਸੀ ਕਿ ਕਾਰਾਂ ਅਤੇ ਟਰੱਕਾਂ ਨੂੰ ਜ਼ਮੀਨ ਤੋਂ ਉੱਪਰ ਉਠਾ ਦਿੱਤਾ ਅਤੇ ਫਿਰ ਥੱਲੇ ਸੁਟਿਆ। ਘਰਾਂ ਦੇ ਬਾਹਰ ਪਏ ਵੱਡੇ ਕੂੜਾਦਾਨ ਹਵਾ ਦੇ ਵਿਚ ਪੱਤਿਆਂ ਵਾਂਗ ਉਡਦੇ ਵੇਖੇ ਗਏ। ਬਿਜਲੀ ਦੇ ਖੰਬੇ ਟੁੱਟਣ ਕਾਰਨ ਬਹੁਤ ਸਾਰੇ ਘਰਾਂ ਦੀ ਬੱਤੀ ਗੁੱਲ ਹੋ ਕੇ ਰਹਿ ਗਈ। ਹੁਣ ਤੱਕ 150 ਘਰ ਰਹਿਣਯੋਗ ਨਹੀਂ ਰਹੇ ਹਨ ਅਤੇ 300 ਦੇ ਕਰੀਬ ਲੋਕਾਂ ਨੂੰ ਦੂਜੀ ਜਗ੍ਹਾ ਭੇਜਿਆ ਗਿਆ ਹੈ। ਜ਼ਖਮੀਆਂ ਨੂੰ ਆਕਲੈਂਡ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਇਸ ਤੁਫਾਨ ਦੇ ਕਾਰਨ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਇਸ ਤੁਫਾਨ ਦੇ ਸ਼ਿਕਾਰ ਹੋਏ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਨਿਊਜ਼ੀਲੈਂਡ ’ਚ ਚੱਲੇ ਤੇਜ਼ ਝੱਖੜ ਨੇ ਤਿੰਨ ਜਾਨਾਂ ਲਈਆਂ ਅਤੇ ਸੈਂਕੜੇ ਲੋਕਾਂ ਦੇ ਘਰ ਉਜੜੇ
This entry was posted in ਅੰਤਰਰਾਸ਼ਟਰੀ.