ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਛੇ ਟੈਸਟ ਮੈਚਾਂ ਦੀ ਲੜੀ ਖੇਡਣ ਦੇ ਲਈ ਅੱਜ ਭਾਰਤੀ ਮਹਿਲਾ ਹਾਕੀ ਟੀਮ ਆਕਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੀ। ਟੀਮ ਦੇ ਸਵਾਗਤ ਕਰਨ ਦੇ ਲਈ ਉਨ੍ਹਾਂ ਦੇ ਭਾਰਤੀ ਪ੍ਰਸੰਸਕ ਅਤੇ ਪੰਜਾਬੀ ਮੀਡੀਆ ਤੋਂ ਕੁਝ ਪੱਤਰਕਾਰ ਪੁੱਜੇ। ਭਾਰਤੀ ਮਹਿਲਾ ਟੀਮ ਇਨ੍ਹਾਂ 18 ਖਿਡਾਰਣ ਦੇ ਵਿਚ ਕਾਫੀ ਨਵੀਂਆਂ ਖਿਡਾਰਣਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪ੍ਰਬੰਧਕੀ ਅਮਲੇ ਵਿਚ ਕੋਚ ਸ੍ਰੀ ਨੀਲ ਹਾਓਗੱਡ, ਸਹਾਇਕ ਕੋਚ, ਮੈਨੇਜਰ, ਸਹਾਇਕ ਮੈਨੇਜਰ ਅਤੇ ਫੀਜੀਓ ਥਰੈਪਿਸਟ ਵੀ ਸ਼ਾਮਿਲ ਹਨ। ਇਹ ਟੈਸਟ ਲੜੀ 8 ਦਸੰਬਰ ਤੋਂ 15 ਦਸੰਬਰ ਤੱਕ ਚੱਲੇਗੀ। ਪਹਿਲੇ ਦੋ ਮੈਚ 8 ਤੇ 9 ਦਸੰਬਰ ਨੂੰ ਨੇਪੀਅਰ ਦੀ ਪਾਰਕ ਆਈਲੈਂਡ ਵਿਖੇ ਬਾਅਦ ਦੁਪਹਿਰ 3 ਵਜੇ, ਅਗਲੇ ਦੋ ਮੈਚ 11 ਅਤੇ 12 ਦਸੰਬਰ ਨੂੰ ਟਵਿੱਨ ਟਰਫ਼ਜ਼ ਪਾਮਰਸਟਨ ਨਾਰਥ ਵਿਖੇ ਸ਼ਾਮ 6.30 ਵਜੇ ਅਤੇ ਆਖਰੀ ਦੋ ਮੈਚ ਨੈਸ਼ਨਲ ਹਾਕੀ ਸਟੇਡੀਅਮ ਵਲਿੰਗਟਨ ਵਿਖੇ ਸ਼ਾਮ 7 ਵਜੇ ਖੇਡੇ ਜਾਣਗੇ। ਵਰਨਣਯੋਗ ਹੈ ਕਿ ਇਸ ਵੇਲੇ ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਵਿਸ਼ਵ ਪੱਧਰ ’ਤੇ 12ਵਾਂ ਰੈਂਕ ਹੈ ਅਤੇ ਨਿਊਜ਼ੀਲੈਂਡ ਦਾ ਤੀਜਾ ਨੰਬਰ ਹੈ। ਨਿਊਜ਼ੀਲੈਂਡ ਦੀ ਮਹਿਲਾ ਹਾਕੀ ਟੀਮ ਦੇ ਵਿਚ ਵੀ ਕਈ ਨਵੀਂਆਂ ਖਿਡਾਰਣਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੈਸਟ ਲੜੀ ਖੇਡਣ ਵਾਸਤੇ ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਪਹੁੰਚੀ-ਹਵਾਈ ਅੱਡੇ ’ਤੇ ਪ੍ਰਸੰਸਕਾਂ ਵੱਲੋਂ ਸਵਾਗਤ
This entry was posted in ਅੰਤਰਰਾਸ਼ਟਰੀ.