ਫਤਹਿਗੜ੍ਹ ਸਾਹਿਬ -“ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਅੱਜ ਤੋ 20 ਸਾਲ ਪਹਿਲੇ ਅੱਜ ਦੇ ਦਿਨ 6 ਦਸੰਬਰ ਨੂੰ ਮੁਤੱਸਵੀਂ ਜਮਾਤਾਂ ਭਾਜਪਾ ਅਤੇ ਉਸ ਸਮੇਂ ਦੇ ਕਾਂਗਰਸੀ ਹਿੰਦ ਦੇ ਵਜ਼ੀਰ ਆਜ਼ਮ ਸ੍ਰੀ ਨਰਸਿਮਾ ਰਾਓ ਦੀ ਸਾਂਝੀ ਸਾਜਿਸ਼ ਤਹਿਤ ਮੁਸਲਿਮ ਕੌਮ ਦੇ ਧਾਰਮਿਕ ਅਸਥਾਨ ਬਾਬਰੀ ਮਸਜਿਦ ਨੂੰ ਅਯੂਧਿਆਂ ਵਿਖੇ ਸ਼ਹੀਦ ਕਰ ਦਿੱਤਾ ਸੀ । ਲੇਕਿਨ ਅੱਜ ਤੱਕ ਕਿਸੇ ਵੀ ਦੋਸੀ ਨੂੰ ਨਾ ਤਾ ਹੁਕਮਰਾਨਾਂ ਨੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ ਅਤੇ ਨਾ ਹੀ ਸਜ਼ਾਵਾਂ ਦਿੱਤੀਆਂ ਹਨ । ਜੋ ਕਿ ਘੱਟ ਗਿਣਤੀ ਕੌਮਾਂ, ਮੁਸਲਿਮ, ਸਿੱਖ ਅਤੇ ਈਸਾਈਆਂ ਨੂੰ ਇਥੇ ਗੁਲਾਮੀਅਤ ਦਾ ਅਹਿਸਾਸ ਕਰਵਾਉਣ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦਾ ਹੈ ।”
ਇਹ ਵਿਚਾਰ ਅੱਜ ਇਥੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜ਼ਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਂਨ ਭੋਰਾ ਸਾਹਿਬ ਵਿਖੇ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਪਾਰਟੀ ਦੇ ਮੁੱਖ ਬੁਲਾਰੇ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਅਤੇ ਜਿਲ੍ਹਾ ਪ੍ਰਧਾਨ ਸ. ਸਿੰਗਾਰਾਂ ਸਿੰਘ ਬਡਲਾ ਦੀ ਅਗਵਾਈ ਵਿਚ ਬਾਬਰੀ ਮਸਜਿਦ ਦੀ 20ਵੀਂ ਵਰ੍ਹੇਗੰਢ ਨੂੰ ਯਾਦ ਕਰਦੇ ਹੋਏ ਅਰਦਾਸ ਕਰਨ ਉਪਰੰਤ ਜਿਲ੍ਹੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਇਹ ਜਾਣਕਾਰੀ ਦਿੱਤੀ ਕਿ ਜਦੋ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤਾਂ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਪਾਰਟੀ ਨੇ ਫਤਹਿਪੁਰ (ਯੂਪੀ) ਦੇ ਸਥਾਂਨ ਤੇ ਜਾਕੇ ਹਿੰਦੂਤਵ ਹੁਕਮਰਾਨਾਂ ਦੇ ਇਸ ਘਿਨੋਣੇ ਕਾਰਨਾਮੇ ਵਿਰੁੱਧ ਰੋਸ ਜਾਹਿਰ ਕਰਦੇ ਹੋਏ ਗ੍ਰਿਫਤਾਰੀਆਂ ਦਿੱਤੀਆਂ । ਲਿਬਰਾਹਨ ਕਮਿਸ਼ਨ ਵੱਲੋਂ ਦੋਸੀ ਠਹਿਰਾਏ ਜਾਣ ਵਾਲੇ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੂੰ ਅੱਜ ਤੱਕ ਇਥੋ ਦੀ ਸੁਪਰੀਮ ਕੋਰਟ ਵੱਲੋਂ ਕੋਈ ਸਜ਼ਾ ਨਾ ਦੇਣ ਦਾ ਵਰਤਾਰਾ ਵੱਡੀ ਬੇਇਨਸਾਫੀ ਵਾਲਾ ਹੈ । ਆਗੂਆਂ ਨੇ ਕਿਹਾ ਕਿ ਉਸ ਸਮੇਂ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਦੇ ਇਕੱਠ ਦੀ ਅਗਵਾਈ ਕਰਨ ਵਾਲਿਆਂ ਵਿਚ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸੀ, ਕਲਿਆਣ ਸਿੰਘ ਉਸ ਸਮੇਂ ਦੇ ਯੂਪੀ ਦੇ ਮੁੱਖ ਮੰਤਰੀ, ਰਾਜਨਾਥ ਸਿੰਘ, ਵਿਨੈ ਕਟਿਆਰੀਆਂ, ਅਸ਼ੋਕ ਸਿੰਗਲ, ਭਗਵਤ, ਸੁਸਮਾ ਸਿਵਰਾਜ ਆਦਿ ਮੁੱਖ ਤੌਰ ਤੇ ਸਨ । ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਿਚ ਉਸ ਸਮੇਂ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਐਲ.ਐਮ.ਸ਼ਰਮਾਂ ਦੀ ਵੀ ਸਹਿਮਤੀ ਸੀ । ਜਿਨ੍ਹਾਂ ਨੇ ਦੋਸੀਆਂ ਨੂੰ ਸਜ਼ਾਵਾਂ ਦੇਣ ਵਿਚ ਵੱਡੀ ਕੁਤਾਹੀ ਕੀਤੀ । ਆਗੂਆਂ ਨੇ ਕਿਹਾ ਕਿ ਜਿਵੇ 1984 ਵਿਚ ਕਾਂਗਰਸ ਅਤੇ ਭਾਜਪਾ ਨੇ ਸਿੱਖ ਕੌਮ ਦੇ ਸਰਬਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਸਾਜ਼ਸੀ ਢੰਗ ਨਾਲ ਫੌਜੀ ਹਮਲਾ ਕੀਤਾ, ਉਸੇ ਤਰ੍ਹਾਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਸਮੇਂ ਵੀ ਹਿੰਦ ਦੀਆਂ ਮੁਤੱਸਵੀਂ ਜਮਾਤਾਂ ਇਕ ਸਨ । ਅੱਜ ਦੇ ਇਕੱਠ ਨੇ ਅਰਦਾਸ ਕਰਦੇ ਹੋਏ ਜਿਥੇ ਮੁਸਲਿਮ, ਸਿੱਖ, ਈਸਾਈ ਅਤੇ ਰੰਘਰੇਟਿਆਂ ਨੂੰ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾਂ, ਬਲ, ਬੁੱਧੀ ਬਖ਼ਸਣ ਦੀ ਮੰਗ ਕੀਤੀ, ਉਥੇ ਉਹਨਾਂ ਨੇ ਈਸਲਾਮਿਕ, ਸਿੱਖ ਅਤੇ ਈਸਾਈ ਧਾਰਮਿਕ ਅਸਥਾਨਾਂ ਨੂੰ ਢਹਿ-ਢੇਰੀ ਕਰਨ ਵਾਲੇ ਦੋਸੀਆਂ ਨੂੰ ਸਜ਼ਾ ਦੇਣ ਦਾ ਮੌਕਾ ਬਣਾਉਣ ਦੀ ਅਰਦਾਸ ਵੀ ਕੀਤੀ । ਉਹਨਾਂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲਿਆਂ, ਮੁਸਲਿਮ, ਸਿੱਖ ਅਤੇ ਈਸਾਈਆਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਹੁਕਮਰਾਨਾਂ ਨੇ ਸਜ਼ਾਵਾਂ ਦੇਣ ਦੀ ਜਿੰਮੇਵਾਰੀ ਨਾ ਨਿਭਾਈ ਤਾਂ ਇਥੋ ਦੇ ਆਉਣ ਵਾਲੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਉਹ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ । ਅੱਜ ਦੀ ਅਰਦਾਸ ਵਿਚ ਸਾਮਿਲ ਹੋਣ ਵਾਲੇ ਆਗੂਆਂ ਵਿਚ ਸੁਰਿੰਦਰ ਸਿੰਘ ਅਕਾਲਗੜ੍ਹ ਬੋਰਾ ਸਦਰ-ਏ-ਖਾਲਿਸਤਾਨ, ਸ. ਰਣਦੇਵ ਸਿੰਘ ਦੇਬੀ ਯੂਥ ਆਗੂ, ਕੁਲਦੀਪ ਸਿੰਘ ਦੁਭਾਲੀ ਜਿਲ੍ਹਾ ਯੂਥ ਪ੍ਰਧਾਨ, ਧਰਮ ਸਿੰਘ ਕਲੌੜ, ਰਣਜੀਤ ਸਿੰਘ ਸੰਤੋਖਗੜ੍ਹ ਜਿਲ੍ਹਾ ਪ੍ਰਧਾਨ ਰੋਪੜ, ਕੁਲਦੀਪ ਸਿੰਘ ਭਾਗੋਵਾਲ ਜਿਲ੍ਹਾ ਪ੍ਰਧਾਨ ਮੋਹਾਲੀ, ਜੋਗਿੰਦਰ ਸਿੰਘ ਸੈਪਲਾ ਮੀਤ ਪ੍ਰਧਾਨ, ਕੁਲਦੀਪ ਸਿੰਘ ਭਲਵਾਨ ਮਾਜਰੀ ਸੋਢੀਆਂ, ਕਿਰਪਾਲ ਸਿੰਘ ਖਟਰਾਓ ਖੁਮਾਣੋਂ, ਕੁਲਵੰਤ ਸਿੰਘ ਝਾਮਪੁਰ, ਕ੍ਰਿਸ਼ਨ ਸਿੰਘ ਸਲਾਣਾ, ਅਮਰੀਕ ਸਿੰਘ ਚੁੰਨੀ, ਗੁਰਪ੍ਰੀਤ ਸਿੰਘ ਪੀਰਜੈਨ, ਦਰਬਾਰਾ ਸਿੰਘ ਮੰਡੋਫਲ ਆਦਿ ਜਿਲ੍ਹੇ ਦੇ ਆਗੂਆਂ ਨੇ ਅਰਦਾਸ ਵਿਚ ਸਮੂਲੀਅਤ ਕੀਤੀ ।