ਚੰਡੀਗੜ੍ਹ- ਪੰਜਾਬ ਸਰਕਾਰ ਰਾਜ ਵਿੱਚ ਔਰਤਾਂ ਨਾਲ ਛੇੜਛਾੜ ਸਬੰਧੀ ਨਵਾਂ ਕਾਨੂੰਨ ਬਣਾਵੇਗੀ। ਡੀਜੀਪੀ ਸੁਮੇਧ ਸੈਣੀ ਨੇ ਕਿਹਾ ਕਿ ਰਾਜ ਵਿੱਚ ਔਰਤਾਂ ਨਾਲ ਛੇੜਛਾੜ ਦੇ ਮਾਮਲਿਆਂ ਦੀ ਜਾਂਚ ਲਈ ਸਾਰੇ ਜਿਲ੍ਹਿਆਂ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣਾਈਆਂ ਜਾਣਗੀਆਂ।ਅਜਿਹੇ ਮਾਮਲਿਆਂ ਦੀ ਜਿੰਮੇਵਾਰੀ ਡੀਐਸਪੀ ਜਾਂ ਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ।
ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਵਿੱਚ ਇੱਕ ਇੰਸਪੈਕਟਰ,ਦੋ ਹੈਡ ਕਾਂਸਟੇਬਲ ਅਤੇ ਚਾਰ ਕਾਂਸਟੇਬਲ ਸ਼ਾਮਿਲ ਹੋਣਗੇ।ਇਹ ਟੀਮ ਸਿਟੀ ਐਸਪੀ ਜਾਂ ਸਿਟੀ ਡੀਐਸਪੀ ਦੀ ਨਿਗਰਾਨੀ ਹੇਠ ਕੰਮ ਕਰੇਗੀ। ਵੱਧ ਰਹੇ ਕਰਾਈਮ ਦੇ ਮੱਦੇ ਨਜ਼ਰ 7 ਜਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਡੀਜੀਪੀ ਦੇ ਮੁੱਖ ਆਫਿਸ ਨੂੰ ਰਿਪੋਰਟ ਦੇਣੀ ਹੋਵੇਗੀ।ਐਫਆਈਆਰ ਦਰਜ਼ ਨਾਂ ਕਰਨ ਤੇ ਦੋਸ਼ੀ ਅਫਸਰ ਨੂੰ ਬਰਖਾਸਤ ਕੀਤਾ ਜਾਵੇਗਾ। ਜਾਂਚ ਅਧਿਕਾਰੀ ਦੇ ਨਾਲ ਜਿਲ੍ਹਾ ਮੁੱਖੀ ਦੀ ਵੀ ਜਿੰਮੇਵਾਰੀ ਹੋਵੇਗੀ ਕਿ ਉਹ ਸਮਾਂ ਰਹਿੰਦੇ ਮਾਮਲੇ ਦੀ ਜਾਂਚ ਪੂਰੀ ਕਰਕੇ ਠੋਸ ਕਦਮ ਉਠਾਵੇ।ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਰਾਜ ਵਿੱਚ ਲਾਈਸੰਸ ਰੀਵਿਯੂ ਕਰਨ ਦਾ ਵੀ ਨਿਰਣਾ ਲਿਆ ਹੈ। ਇਸ ਵਿੱਚ ਵੇਖਿਆ ਜਾਵੇਗਾ ਕਿ ਜਿਨ੍ਹਾਂ ਲੋਕਾਂ ਨੂੰ ਲਾਈਸੈਂਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਅਸਲ ਵਿੱਚ ਹੱਥਿਆਰ ਰੱਖਣ ਦੀ ਜਰੂਰਤ ਹੈ ਵੀ ਜਾਂ ਨਹੀਂ।