ਫਤਹਿਗੜ੍ਹ ਸਾਹਿਬ – “ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਬਹੁਤ ਲੰਮੇਂ ਸਮੇਂ ਤੋਂ ਬਾਦਲ ਦਲ ਦੇ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕੰਮ ਕਰ ਰਹੀ ਐਸ.ਓ.ਆਈ. ਵੱਲੋਂ ਪੰਜਾਬ ਸੂਬੇ ਵਿਚ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਕਾਰਵਾਈਆਂ, ਕਤਲੇਆਮ, ਬਲਾਤਕਾਰ, ਧੀਆਂ-ਭੈਣਾਂ ਨਾਲ ਬਦਸਲੂਕੀ, ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਆਦਿ ਬੁਰਾਈਆਂ ਵਿਰੁੱਧ ਇਥੋ ਦੇ ਬਸਿੰਦਿਆਂ ਨੂੰ ਸੁਚੇਤ ਕਰਦਾ ਆਇਆ ਹੈ ਕਿ ਇਹ ਲੋਕ ਪੰਜਾਬ ਦੀ ਹਕੂਮਤ ਅਤੇ ਇਥੋ ਦੇ ਲੋਕਾਂ ਨੂੰ ਇਨਸਾਫ਼ ਦੇਣ ਦੇ ਬਿਲਕੁਲ ਸਮੱਰਥ ਨਹੀ ਹਨ । ਉਪਰੋਕਤ ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਸ. ਦਵਿੰਦਰਪਾਲ ਸਿੰਘ ਏ.ਐਸ.ਆਈ. ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਕਤਲ ਕਰ ਦੇਣ ਦੀ ਦੁੱਖਾਂਤਿਕ ਘਟਨਾ ਨੇ ਸਪੱਸਟ ਕਰ ਦਿੱਤਾ ਹੈ ਕਿ ਬਾਦਲ ਦਲੀਏ ਤਾਕਤ ਤੇ ਧਨ-ਦੌਲਤਾਂ ਦੇ ਭੰਡਾਰਾਂ ਦੇ ਨਸ਼ੇ ਵਿਚ ਕਿਸ ਤਰ੍ਹਾਂ ਪੰਜਾਬੀਆਂ ਨਾਲ ਜ਼ਬਰ ਜੁਲਮ ਕਰ ਰਹੇ ਹਨ ਅਤੇ ਪੰਜਾਬ ਦੇ ਉੱਚੇ-ਸੁੱਚੇ ਇਖ਼ਲਾਕ ਵਾਲੇ ਮਾਹੌਲ ਅਤੇ ਸਿੱਖ ਸਿਆਸਤ ਨੂੰ ਗੰਧਲਾ ਕਰ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਜਰਾਤ ਦੇ ਰਾਜਕੋਟ ਸ਼ਹਿਰ ਤੋਂ ਅੰਮ੍ਰਿਤਸਰ ਵਿਖੇ ਹੋਈ ਅਤਿ ਦੁੱਖਦਾਂਇਕ ਘਟਨਾ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਅਤੇ ਐਸ.ਓ.ਆਈ. ਦੇ ਗੁੰਡੇ ਜਿਨ੍ਹਾਂ ਨੇ ਇਹ ਘਿਨੋਣੀ ਕਾਰਵਾਈ ਕੀਤੀ ਹੈ, ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਬਣਦੀ ਸਜ਼ਾ ਦਿਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਅਤੇ ਗੈਰ ਇਖ਼ਲਾਕੀ ਕਾਰਵਾਈ ਹੋਈ ਹੈ ਕਿ ਦਿਨ-ਦਿਹਾੜੇ ਸ਼ਰੇਆਮ ਬਾਦਲ ਦੇ ਗੁੰਡੇ ਇਕ ਸ਼ਰੀਫ ਪੁਲਿਸ ਮੁਲਾਜਿ਼ਮ ਦੀ ਨੌਜ਼ਵਾਨ ਧੀ ਨੂੰ ਮੰਦਭਾਵਨਾ ਵਾਲੀ ਨਜ਼ਰ ਨਾਲ ਤੰਗ ਕਰਦੇ ਰਹੇ ਅਤੇ ਫਿਰ ਜਦੋ ਸ਼ਰੀਫ ਧੀ ਦੇ ਸ਼ਰੀਫ ਬਾਪ ਨੇ ਗੁੰਡਿਆਂ ਨੂੰ ਅਜਿਹਾ ਕਰਨ ਤੋ ਵਰਜਿਆ ਤਾਂ ਉਹਨਾਂ ਨੇ ਬਿਨ੍ਹਾਂ ਵਜ਼ਹ ਉਸਦੀ ਜਾਨ ਲੈ ਲਈ । ਉਨ੍ਹਾਂ ਕਿਹਾ ਕਿ ਜਿਸ ਨਿਜ਼ਾਮ ਅਤੇ ਸਿਆਸੀ ਪ੍ਰਬੰਧ ਵਿਚ ਗੈਰ ਸਲੀਕੇ ਅਤੇ ਤਹਿਜੀਬ ਵਾਲੇ ਕਾਕਿਆ ਦੀ ਭਰਮਾਰ ਹੋਵੇਗੀ ਅਤੇ ਜਿਸ ਪੁਲਿਸ ਪ੍ਰਬੰਧ ਵਿਚ ਸ੍ਰੀ ਸੈਣੀ, ਵਿਰਕ, ਗਿੱਲ, ਇਜ਼ਹਾਰ ਆਲਮ ਆਦਿ ਵਰਗੇ ਮਨੁੱਖਤਾ ਦੇ ਕਾਤਿਲ ਅਤੇ ਸਮਗਲਰਾਂ ਨੂੰ ਪਾਲਣ ਵਾਲੀ ਅਫ਼ਸਰਸ਼ਾਹੀ ਹੋਵੇਗੀ, ਅਜਿਹੇ ਪ੍ਰਬੰਧ ਵਿਚ ਧੀਆਂ-ਭੈਣਾਂ ਦੀ ਇੱਜ਼ਤ ਕਤਈ ਵੀ ਮਹਿਫੂਜ ਨਹੀ ਰਹਿ ਸਕਦੀ ਅਤੇ ਅਜਿਹੇ ਸੂਬੇ ਜਾਂ ਸ਼ਹਿਰ ਵਿਚ ਅਮਨ-ਚੈਨ ਕਾਇਮ ਨਹੀ ਰਹਿ ਸਕਦਾ । ਇਸ ਲਈ ਜਦੋ ਤੱਕ ਅਸੀਂ ਹਕੂਮਤਾਂ ਉਤੇ ਉੱਚੇ ਇਖ਼ਲਾਕ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਲਿਆਉਣ ਲਈ ਗੰਭੀਰ ਯਤਨ ਨਹੀ ਕਰਦੇ, ਉਦੋਂ ਤੱਕ ਸਮਾਜ ਵਿਚ ਅਜਿਹੀਆਂ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਅਮਲਾਂ ਨੂੰ ਖ਼ਤਮ ਨਹੀ ਕੀਤਾ ਜਾ ਸਕਦਾ । ਇਸ ਲਈ ਸਾਡੀ ਸਭਨਾਂ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਮਾਜ ਪ੍ਰਤੀ ਅਤੇ ਇਥੇ ਉੱਚ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਕਦੇ ਵੀ ਕੁਤਾਹੀ ਨਾ ਕਰੀਏ । ਸ. ਮਾਨ ਨੇ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਅੰਮ੍ਰਿਤਸਰ ਦੇ ਮੌਜੂਦਾਂ ਪੁਲਿਸ ਅਧਿਕਾਰੀਆਂ ਨੂੰ ਇਸ ਹੋਈ ਦੁੱਖਦਾਂਇਕ ਕਾਰਵਾਈ ਪ੍ਰਤੀ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਹਕੂਮਤ ਅਤੇ ਅਫ਼ਸਰਸ਼ਾਹੀ ਨੇ ਮ੍ਰਿਤਕ ਏ.ਐਸ.ਆਈ. ਦੇ ਕਾਤਿਲਾਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦੇਣ ਦਾ ਪ੍ਰਬੰਧ ਨਾ ਕੀਤਾ, ਤਾਂ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) “ਹਮ ਖਿਆਲ” ਜਥੇਬੰਦੀਆਂ ਨੂੰ ਨਾਲ ਲੈਕੇ ਅੰਮ੍ਰਿਤਸਰ ਤੋਂ ਇਸ ਜ਼ਬਰ-ਜੁਲਮ ਵਿਰੁੱਧ ਅਗਲੇਰੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ । ਇਸ ਲਈ ਬਹਿਤਰ ਹੋਵੇਗਾ ਕਿ ਬਾਦਲ-ਬੀਜੇਪੀ ਹਕੂਮਤ ਐਸ.ਓ.ਆਈ. ਅਤੇ ਹੋਰ ਸਮਗਲਰਾਂ ਦੀਆਂ ਕਾਰਵਾਈਆਂ ਨੂੰ ਤੁਰੰਤ ਨੱਥ ਪਾਵੇ । ਸ. ਮਾਨ ਨੇ ਮ੍ਰਿਤਕ ਦੀ ਪਤਨੀ-ਧੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਕਾਤਿਲਾਂ ਨੂੰ ਸਜ਼ਾ ਦੁਆਉਣ ਤੱਕ ਹਰ ਤਰ੍ਹਾਂ ਸਾਥ ਦੇਣ ਤੇ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਇਆ ।