ਅਹਿਮਦਾਬਾਦ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਦੇ ਵਿਕਾਸ ਦੇ ਦਾਅਵਿਆਂ ਦੀਆਂ ਚੰਗੀਆਂ ਧਜੀਆਂ ਉਡਾਈਆਂ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਖੇਡ ਰਹੀ ਹੈ। ਰਾਜ ਵਿੱਚ ਘੱਟ ਗਿਣਤੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਗੁਜਰਾਤ ਦੇ ਵਾਸੰਦਾ ਵਿੱਚ ਪ੍ਰਧਾਨਮੰਤਰੀ ਨੇ ਕਿਹਾ ਕਿ ਬੀਜੇਪੀ ਪ੍ਰਦੇਸ਼ ਵਿੱਚ ਵਿਕਾਸ ਦੀ ਗੱਲ ਕਰ ਰਹੀ ਹੈ ਪਰ ਵਿਕਾਸ ਦਾ ਲਾਭ ਕਿਸ ਨੂੰ ਹੋ ਰਿਹਾ ਹੈ। ਜੇ ਵਿਕਾਸ ਦਾ ਫਾਇਦਾ ਹਰੇਕ ਕਮਿਊਨਿਟੀ ਨੂੰ ਨਹੀਂ ਮਿਲ ਰਿਹਾ ਤਾਂ ਅਜਿਹੇ ਵਿਕਾਸ ਦਾ ਕੀ ਮਤਲੱਬ?ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਆਦਿਵਾਸੀ ਅੱਜ ਵੀ ਸਮਾਜ ਦੀ ਮੁੱਖਧਾਰਾ ਤੋਂ ਬਾਹਰ ਹਨ।ਅਨੂਸੂਚਿਤ ਜਾਤੀਆਂ, ਘੱਟਗਿਣਤੀਆਂ ਅਤੇ ਆਦਿਵਾਸੀਆਂ ਨੂੰ ਵਿਕਾਸ ਦਾ ਹਿੱਸਾ ਨਹੀਂ ਮਿਲ ਰਿਹਾ।
ਪ੍ਰਧਾਨਮੰਤਰੀ ਨੇ ਪੁੱਛਿਆ ਕਿ ਜੇ ਰਾਜ ਵਿੱਚ ਵਿਕਾਸ ਹੋਇਆ ਹੈ ਤਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਕਿਉਂ ਨਹੀਂ ਮਿਲ ਰਿਹਾ।ਮਨੁੱਖੀ ਵਿਕਾਸ ਸੂਚਕਅੰਕ ਵਿੱਚ ਗੁਜਰਾਤ 18ਵੇਂ ਸਥਾਨ ਤੇ ਕਿਉਂ ਹੈ? ਰਾਜ ਵਿੱਚ 51% ਔਰਤਾਂ ਕੁਪੋਸਿ਼ਤ ਕਿਉਂ ਹਨ?ਬੱਚਿਆਂ ਵਿੱਚ ਵੀ ਕੁਪੋਸ਼ਣ ਦੀ ਸਮਸਿਆ ਬਹੁਤ ਗੰਭੀਰ ਹੈ। ਸੂਬੇ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਵੀ ਲਾਭ ਜਰੂਰਤਮੰਦ ਲੋਕਾਂ ਨੂੰ ਨਹੀਂ ਮਿਲ ਰਿਹਾ। ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਰਾਸ਼ੀ ਵੀ ਵਿਕਾਸ ਯੋਜਨਾਵਾਂ ਤੇ ਖਰਚ ਨਹੀਂ ਕੀਤੀ ਜਾ ਰਹੀ।
ਡਾ: ਮਨਮੋਹਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਨੂੰ ਵੰਡਣ ਵਾਲੀ ਪਾਰਟੀ ਨੂੰ ਵੋਟ ਨਾਂ ਦਿੱਤੇ ਜਾਣ। ਝੇ ਕਾਂਗਰਸ ਨੂੰ ਪਾਵਰ ਵਿੱਚ ਲਿਆਉਂਗੇ ਤਾਂ ਉਹ ਤੁਹਾਡੇ ਸੱਭ ਲਈ ਕੰਮ ਕਰੇਗੀ।ਕਾਂਗਰਸ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਨਹੀਂ ਕਰਦੀ।ਉਨ੍ਹਾਂ ਨੇ ਪੁੱਛਿਆ ਕਿ ਕੀ ਔਪੋਜੀਸ਼ਨ ਦੀ ਰਾਜਨੀਤੀ ਨਾਲ ਦੇਸ਼ ਇੱਕਜੁੱਟ ਰਹੇਗਾ?