ਲੁਧਿਆਣਾ -ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਪੰਜਾਬ ਅੰਦਰ ਪਿਛਲੇ ਦਿਨੀਂ ਵਾਪਰੀਆਂ ਇਕ ਦੁੱਕਾ ਘਟਨਾਵਾਂ ਨੂੰ ਲੈ ਕੇ ਰਾਸ਼ਟਰਪਤੀ ਰਾਜ ਦੀ ਮੰਗ ਕਰਨਾ ਬੇਤੁਕੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਸਮੁੱਚੇ ਸੂਬਿਆਂ ਦੀ ਤੁਲਨਾ ’ਚ ਇਸ ਸਮੇਂ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜਕਾਲ ਦੌਰਾਨ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਮਜ਼ਬੂਤ ਹੈ ।
ਭਰੋਵਾਲ ਨੇ ਕਿਹਾ ਕਿ ਜੇਕਰ ਅੱਜ ਕਿਧਰੇ ਰਾਸ਼ਟਰਪਤੀ ਰਾਜ ਦੀ ਬੇਹੱਦ ਲੋੜ ਹੈ ਤਾਂ ਉਹ ਕਾਂਗਰਸੀ ਸਰਕਾਰਾਂ ਦੇ ਸੂਬਿਆਂ ’ਚ ਹੈ । ਇਸਦੀ ਤਾਜਾ ਮਿਸਾਲ ਗੁੜਗਾਓਂ ਦਾ ਇਕ ਹਸਪਤਾਲ ਹੈ, ਜਿੱਥੇ ਕਿ ਗੁੰਡਾਗਰਦੀ ਦਾ ਨੰਗਾ ਨਾਚ ਨੱਚਦਿਆਂ ਹਸਪਤਾਲ ’ਚ ਦਾਖਿਲ ਮਰੀਜ਼ ਅਤੇ ਉਸਦੇ ਪਰਿਵਾਰ ਵਾਲਿਆਂ ਉਪਰ ਗੋਲੀਆਂ ਦਾ ਮੀਂਹ ਵਰਾਇਆ ਗਿਆ । ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ’ਚ ਤਰੱਕੀ ਤੇ ਵਿਕਾਸ ਦੇ ਇਤਿਹਾਸਕ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ । ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਇਕ ਮਾਡਲ ਸਟੇਟ ਵਜੋਂ ਵਿਸ਼ਵ ਭਰ ਅੰਦਰ ਪਹਿਚਾਣਿਆ ਜਾਵੇਗਾ ।
ਸੀਨੀਅਰ ਅਕਾਲੀ ਆਗੂ ਭਰੋਵਾਲ ਨੇ ਕਿਹਾ ਕਿ ਹੁਣ ਤੱਕ ਕੇਂਦਰੀ ਸੱਤਾ ਤੇ ਕਾਬਿਜ ਰਹੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਰ ਪੱਖ ਤੋਂ ਹੀ ਵਿਤਕਰਾ ਕੀਤਾ । ਪਿਛਲੇ ਦਿਨੀਂ ਪੀ.ਏ.ਯੂ. ’ਚ ਤਸ਼ਰੀਫ ਲਿਆਏ ਪ੍ਰਧਾਨ ਮੰਤਰੀ ਵੀ ਬਿਨਾਂ ਕੋਈ ਵਿਸ਼ੇਸ਼ ਐਲਾਨ ਕੀਤਿਆਂ ਸੂਬੇ ਦੇ ਲੋਕਾਂ, ਕਿਸਾਨੀ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਨਿਰਾਸ਼ ਕਰਕੇ ਦਿੱਲੀ ਪਰਤ ਗਏ । ਉਨ੍ਹਾਂ ਨੇ ਪੰਜਾਬ ਭਰ ਦੇ ਸੂਝਵਾਨ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸੀਆਂ ਦੇ ਗੁੰਮਰਾਹ ਪ੍ਰਚਾਰ ਤੋਂ ਸੁਚੇਤ ਰਹਿੰਦਿਆਂ ਸੂਬੇ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣ ।