ਕਰਨਾਲ- ਪਾਕਿਸਤਾਨ ਦੇ ਸਾਬਕਾ ਮੰਤਰੀ ਡਾ: ਅੰਸਾਰ ਬਰਨੀ ਜੋ ਕਿ ਭਾਰਤ ਦੀ ਯਾਤਰਾ ਤੇ ਆਏ ਹੋਏ ਹਨ।ਬਰਨੀ ਨੇ ਕਰਨਾਲ ਵਿਖੇ ਦਰਗਾਹ ਤੇ ਚਾਦਰ ਚੜਾਉਂਦੇ ਸਮੇਂ ਇਹ ਮੰਨਤ ਮੰਗੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਅਤੇ ਸ਼ਾਂਤੀ ਬਣੀ ਰਹੇ। ਬਰਨੀ ਸਰਵ ਧਰਮ ਏਕਤਾ ਦੇ ਤਹਿਤ ਅੰਤਰਰਾਸ਼ਟਰੀ ਤੌਰ ਤੇ ਮੰਨੀ ਪ੍ਰਮੰਨੀ ਸ਼ਖਸੀਅਤ ਹਨ। ਉਨ੍ਹਾਂ ਨੇ ਸਮਾਜਿਕ ਸੰਸਥਾ ਨਿਫ਼ਾ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇ ਪਾਕਿਸਤਾਨ ਜੇਲ੍ਹ ਵਿੱਚ ਬੰਦ ਸਰਬਜੀਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤਾਂ ਮੈਂ ਪਾਕਿਸਤਾਨ ਛੱਡ ਦੇਵਾਂਗਾ।ਸਰਬਜੀਤ ਦੇ ਪਰਿਵਾਰਿਕ ਮੈਂਬਰ ਵੀ ਇਸ ਸਮੇਂ ਮੌਜੂਦ ਸਨ।
ਡਾ: ਅੰਸਾਰ ਬਰਨੀ ਨੇ ਕਿਹਾ ਕਿ ਮੈਂ ਇਹ ਸੰਘਰਸ਼ ਪਾਕਿਸਤਾਨ ਜਾਂ ਭਾਰਤ ਲਈ ਨਹੀਂ ਚਲਾ ਰਿਹਾ, ਇਹ ਤਾਂ ਮਨੁੱਖਤਾ ਦੀ ਭਲਾਈ ਲਈ ਚਲਾ ਰਿਹਾ ਹਾਂ।ਉਨ੍ਹਾਂ ਨੇ ਕਿਹਾ ਕਿ ਇਨਸਾਨੀਅਤ ਦਾ ਰਿਸ਼ਤਾ ਧਰਮ ਤੋਂ ਵੱਡਾ ਹੁੰਦਾ ਹੈ। ਡਾ: ਬਰਨੀ ਨੇ ਕਿਹਾ ਕਿ ਦੋਵੇਂ ਦੇਸ਼ ਜੋ ਅਰਬਾਂ ਰੁਪੈ ਹੱਥਿਆਰਾਂ ਤੇ ਖਰਚ ਕਰ ਰਹੇ ਹਨ ਜੇ ਉਸ ਪੈਸੇ ਨੂੰ ਲੋਕਾਂ ਵਿੱਚੋਂ ਭੁੱਖਮਰੀ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਵਰਤਿਆ ਜਾਵੇ ਤਾਂ ਕਿੰਨੇ ਲੋਕਾਂ ਦਾ ਭਲਾ ਹੋਵੇਗਾ।