ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਸਟੇਟ ਦੇ ਪ੍ਰਧਾਨ ਸ. ਸੰਸਾਰ ਸਿੰਘ ਨੇ ਹਰੀ ਨਗਰ ਸਥਿਤ ਗੁਰਦੁਆਰਾ ਰਾਮਗੜ੍ਹੀਆ ਵਿੱਚ ਪ੍ਰਬੰਧਕਾਂ ਦੀ ਸਹਿਮਤੀ ਅਤੇ ਪ੍ਰਵਾਨਗੀ ਨਾਲ ਕਰਵਾਏ ਗਏ ਜਾਗਰਣ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਇਸਨੂੰ ਸਿੱਖੀ ਦੀਆਂ ਸਥਾਪਤ ਪਰੰਪਰਾਵਾਂ ਦੀ ਉਲੰਘਣਾ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਦੀ ਕੋਝੀ ਕਾਰਵਾਈ ਕਰਾਰ ਦਿੱਤਾ ਹੈ। ਸ. ਸੰਸਾਰ ਸਿੰਘ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਗੁਰਦੁਆਰੇ ਦੇ ਪ੍ਰਬੰਧ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਦਾ ਸਬੰਧਤ ਹੋਣਾ ਇਸ ਗਲ ਦਾ ਸੰਕੇਤ ਹੈ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਦਾ ਇਹ ਗੁਨਾਹ ਬਾਦਲ ਅਕਾਲੀ ਦਲ ਦੇ ਇਨ੍ਹਾਂ ਮੁਖੀਆਂ ਦੀ ਮਰਜ਼ੀ ਨਾਲ ਭਾਜਪਾਈਆਂ ਵਲੋਂ ਪੰਜਾਬ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਦਿੱਤੇ ਗਏ ਹੋਏ ਠੁਮ੍ਹਣੇ ਦਾ ਮੁਲ ਤਾਰਣ ਦੇ ਉਦੇਸ਼ ਨਾਲ ਕੀਤਾ ਅਤੇ ਕਰਵਾਇਆ ਗਿਆ ਹੈ। ਉਨ੍ਹਾਂ ਹੋਰ ਦਸਿਆ ਕਿ ਜਦੋਂ ਇਲਾਕੇ ਦੇ ਸਿੱਖਾਂ ਵਲੋਂ ਇਨ੍ਹਾਂ ਨੂੰ ਲਾਅਨਤਾਂ ਪਾਈਆਂ ਗਈਆਂ ਤਾਂ ਬਾਦਲ ਦਲ ਦੇ ਮੁਖੀ ਆਪਣੀਆਂ ਸਫਾਈਆਂ ਦੇਣ ਤੇ ਤੁਲ ਪਏ। ਉਨ੍ਹਾਂ ਦਸਿਆ ਕਿ ਇਕ ਦਿਨ ਬਾਦਲ ਅਕਾਲੀ ਦਲ ਦੇ ਇਕ ਮੁਖੀ ਨੇ ਬਿਆਨ ਦਿਤਾ ਕਿ ਇਲਾਕੇ ਵਿੱਚ ਹਿੰਦੂ-ਸਿੱਖਾਂ ਵਿਚਲੀ ਸਦਭਾਵਨਾ ਨੂੰ ਮਜ਼ਬੂਤ ਬਣਾਣ ਦੇ ਉਦੇਸ਼ ਨਾਲ ਗੁਰਦੁਆਰਾ ਸਾਹਿਬ ਵਿਖੇ ਇਹ ਜਾਗਰਣ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਦੂਸਰੇ ਦਿਨ ਦੂਜੇ ਮੁਖੀ ਨੇ ਬਿਆਨ ਦਿਤਾ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਇਸਦੀ ਮੰਨਜ਼ੂਰੀ ਦੇ ਦਿਤੀ ਸੀ, ਫਿਰ ਤੀਜੇ ਦਿਨ ਤੀਜੇ ਮੁਖੀ ਨੇ ਬਿਆਨ ਦਿਤਾ ਕਿ ਇਸ ਮੁੱਦੇ ਤੇ ਰਾਜਨੀਤੀ ਨਾ ਕੀਤੀ ਜਾਏ। ਸ. ਸੰਸਾਰ ਸਿੰਘ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਮੁਖੀਆਂ ਵਲੋਂ ਆਪਣੀ ਸਫਾਈ ਵਿੱਚ ਇਸਤਰ੍ਹਾਂ ਦਿਤੇ ਗਏ ਆਪਾ-ਵਿਰੋਧੀ ਬਿਆਨ, ਇਸ ਗਲ ਦਾ ਸਬੂਤ ਹਨ ਕਿ ਗੁਰਦੁਆਰੇ ਦੀ ਮਰਿਆਦਾ ਭੰਗ ਕਰਨ ਦੇ ਇਸ ਗੁਨਾਹ ਵਿਚ ਉਨ੍ਹਾਂ ਦੀ ਬਰਾਬਰ ਦੀ ਭਾਈਵਾਲੀ ਸੀ, ਜੋ ਕਿ ਉਨ੍ਹਾਂ ਦੀ ਰਾਜਸੀ ਲਾਲਸਾ ਦਾ ਹੀ ਨਤੀਜਾ ਸੀ। ਸ. ਸੰਸਾਰ ਸਿੰਘ ਨੇ ਕਿਹਾ ਕਿ ਜੇ ਬਾਦਲਕਿਆਂ ਨੂੰ ਭਾਜਪਾਈਆਂ ਨੂੰ ਖੁਸ਼ ਕਰਨ ਦਾ ਇਤਨਾ ਹੀ ਚਾਅ ਸੀ ਤਾਂ ਉਨ੍ਹਾਂ ਨੂੰ ਇਹ ਜਾਗਰਣ ਆਪਣੇ ਹੀ ਕਿਸੇ ਮੁਖੀ ਦੇ ਨਿਵਾਸ ਤੇ ਕਰਵਾ ਕੇ ਚਾਅ ਪੂਰਾ ਕਰ ਲੈਣਾ ਚਾਹੀਦਾ ਸੀ ਅਤੇ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਸੀ। ਸ. ਸੰਸਾਰ ਸਿੰਘ ਨੇ ਹੋਰ ਕਿਹਾ ਕਿ ਬਾਦਲ ਦਲ ਦੇ ਮੁਖੀਆਂ ਵਲੋਂ ਕੀਤੀ ਗਈ ਇਸ ਧਾਰਮਕ ਅਵਗਿਆ ਦੀ ਸ਼ਿਕਾਇਤ ਅਕਾਲ ਤਖਤ ਪੁਰ ਕਰਨ ਦਾ ਕੋਈ ਲਾਭ ਹੋਣ ਵਾਲਾ ਨਹੀਂ, ਕਿਉਂਕਿ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ ਨੂੰ ਨਾਰਾਜ਼ ਕਰਨ ਦਾ ਸਾਹਸ ਨਹੀਂ ਕਰ ਸਕਦੇ। ਦਿੱਲੀ ਦੇ ਸਿੱਖਾਂ ਨੂੰ ਆਪ ਜਾਗਰੂਕ ਹੋ ਕੇ ਇਨ੍ਹਾਂ ਨੂੰ ਤਾਂ ਨੱਥ ਪਾਣੀ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਹੋਰ ਕਿਹਾ ਕਿ ਬਾਦਲ ਦਲ ਦੇ ਮੁਖੀਆਂ ਨੂੰ ਇਤਨੀ ਸਮਝ ਤਾਂ ਜ਼ਰੂਰ ਹੋਣੀ ਹੀ ਚਾਹੀਦੀ ਹੈ ਕਿ ਇਹ ਮੁੱਦਾ ਰਾਜਨੀਤਿਕ ਨਹੀਂ, ਧਾਰਮਕ ਹੈ। ਜੇ ਕੋਈ ਸਿੱਖ ਗੁਰਦੁਆਰਾ ਸਾਹਿਬ ਦੀ ਭੰਗ ਹੋਈ ਮਰਿਆਦਾ ਦੇ ਵਿਰੁਧ ਆਵਾਜ਼ ਨਹੀਂ ਉਠਾਂਦਾ ਤਾਂ ਉਹ ਵੀ ਉਤਨਾ ਹੀ ਗੁਨਾਹਗਾਰ ਹੋਵੇਗਾ ਜਿਤਨੇ ਕਿ ਇਹ ਗੁਨਾਹ ਕਰਨ ਅਤੇ ਕਰਵਾਣ ਵਾਲੇ ਹਨ।
ਪ੍ਰਬੰਧਕਾਂ ਹਰਿ ਨਗਰ ਸਥਿਤ ਗੁ:ਰਾਮਗੜ੍ਹੀਆ ‘ਚ ਜਾਗਰਣ ਦੀ ਪ੍ਰਵਾਨਗੀ ਦੇ ਕੇ ਮਰਿਆਦਾ ਭੰਗ ਕੀਤੀ
This entry was posted in ਭਾਰਤ.