92 ਸਾਲਾਂ ਦਾ ਸਫਰ : ਗੁਰਸੇਵਕ ਸਿੰਘ ਧੌਲਾ
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਸਿੱਖਾਂ ਦੀ ਰਾਜਨੀਤਕ ਪਾਰਟੀ ਵਜੋਂ ਹੋਈ ਸੀ। ਇਸ ਦਾ ਮੁੱਖ ਕੰਮ ਸਿੱਖ ਧਰਮ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਪ੍ਰਚਾਰ ਪਸਾਰ ਵਿਚ ਰੁਕਾਵਟਾਂ ਨੂੰ ਸਿਆਸੀ ਅਸਰ ਰਸੂਖ ਨਾਲ ਹੱਲ ਕਰਨਾ ਸੀ। 29 ਮਾਰਚ 1922 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਦੋ ਨੁਕਾਤੀ ਪ੍ਰੋਗਰਾਮ ਵਿਚ ਪਹਿਲਾ ਨੁਕਤਾ ਸਿੱਖ ਧਰਮ ਦੀ ਸੇਵਾ ਕਰਨੀ ਅਤੇ ਦੂਸਰੇ ਨੁਕਤੇ ਵਿਚ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਬਾਰੇ ਸ਼੍ਰੋਮਣੀ ਕਮੇਟੀ ਦਾ ਹੁਕਮ ਮੰਨਣਾ ਸ਼ਾਮਲ ਸੀ। ਅਸਲ ਵਿਚ ਇਹ ਦੋ ਮੁੱਖ ਨੁਕਤੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੁਨਿਆਦੀ ਸਿਧਾਂਤ ਰੱਖੇ ਗਏ ਸਨ। ਆਪਣੇ ਸ਼ੁਰੂਆਤੀ ਸਾਲਾਂ ਵਿਚ ਖਾਲਸਾ ਪੰਥ ਦੇ ਅਕਾਲੀ ਸਿੱਖਾਂ ਨੇ ਸਾਕਾ ਨਨਕਾਣਾ ਸਾਹਿਬ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣਾ, ਮੋਰਚਾ ਗੰਗਸਰ ਜੈਤੋ, ਗੁਰੂ ਕੇ ਬਾਗ ਦਾ ਮੋਰਚਾ ਆਦਿ ਅਜਿਹੇ ਜ਼ਹਾਦ ਕੀਤੇ ਜਿਸ ਨਾਲ ਗੁਰਦੁਆਰਾ ਸਾਹਿਬਾਨਾਂ ਦਾ ਪੂਰਾ ਕੰਟਰੌਲ ਖਾਲਸਾ ਪੰਥ ਦੇ ਹੱਥ ਆ ਗਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਹੀ ਪੰਜਾਬੀ ਸੂਬਾ ਲਹਿਰ ਵਿਚ ਕੋਈ ਸਤਵੰਜਾ ਹਜ਼ਾਰ ਦੇ ਕਰੀਬ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ ਤਾਂ ਕਿ ਸਿੱਖ ਕੌਮ ਆਪਣਾ ਭਵਿੱਖ ਉਜਲਾ ਕਰ ਸਕੇ। ਇਸੇ ਅਕਾਲੀ ਦਲ ਨੇ ਕੌਮ ਦੀ ਚੜ੍ਹਦੀ ਕਲਾ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ (ਜਿਸ ਨੂੰ ਵਸਾਉਣ ਲਈ ਪੰਜਾਬ ਦੇ ਪਿੰਡਾਂ ਦੀ ਤਬਾਹੀ ਕੀਤੀ ਗਈ ਸੀ) ਪੰਜਾਬ ਨੂੰ ਸੌਂਪਣ, ਪੰਜਾਬ ਨਾਲ ਲਗਦੇ ਪੰਜਾਬੀ ਭਾਸ਼ਾ ਬੋਲਦੇ ਇਲਾਕਿਆਂ ਪੰਜਾਬ ਵਿਚ ਸ਼ਾਮਲ ਕਰਨ, ਪੰਜਾਬ ਰਾਜ ਨੂੰ ਵੱਧ ਅਧਿਕਾਰ ਦੇਣ ਅਤੇ ਕੇਂਦਰ ਸਰਕਾਰ ਵੱਲੋਂ ਰਾਜਾਂ ਵਿਚ ਕੀਤੀ ਜਾਂਦੀ ਦਖਲਅੰਦਾਜ਼ੀ ਨੂੰ ਸਮਾਪਤ ਕਰਨ, ਪੰਜਾਬ ਵਿਚੋਂ ਬਾਹਰ ਪਰ ਦੇਸ਼ ਅੰਦਰ ਰਹਿੰਦੇ ਸਿੱਖਾਂ ਸਮੇਤ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ, ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਅਤੇ ਧਰਮ ਯੁੱਧ ਮੋਰਚੇ ਵਿਆਪਕ ਸੰਘਰਸ਼ ਕਰਕੇ ਸਿੱਖ ਕੌਮ ਦਾ ਮਾਣ ਉ¤ਚਾ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝਬਾਲ ਤੋਂ ਲੈ ਕੇ ਸੱਤਰਵਿਆਂ ਤੱਕ ਇਸ ਜਥੇਬੰਦੀ ਵਿਚ ਥੋੜ੍ਹੇ ਮੋਟੇ ਫਰਕ ਨਾਲ ਸਿੱਖ ਅੰਸ਼ ਦਾ ਮਾਦਾ ਭਾਰੂ ਰਿਹਾ ਹੈ ਪ੍ਰੰਤੂ ਜਗਦੇਵ ਸਿੰਘ ਤਲਵੰਡੀ ਵੇਲੇ ਤੋਂ ਇਸ ਧਰਮ ਦਾ ਅੰਸ਼ ਇੰਨਾ ਜਲਦੀ ਖਤਮ ਹੋ ਗਿਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਦੀ ਸੰਭਾਲ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿਚ ਆ ਗਈ ਤਾਂ 1978 ਤੋਂ ਸਿੱਖਾਂ ਦਾ ਪੱਖ ਪੇਸ਼ ਕਰਨ ਵਾਲੀ ਇਸ ਰਾਜਨੀਤਕ ਪਾਰਟੀ ਨੇ ਉਲਟਾ ਸਿੱਖਾਂ ਨਾਲ ਹੀ ਰਾਜਨੀਤੀ ਕਰਕੇ ਵਿਰੋਧੀ ਦਲਾਂ ਨਾਲ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਜਿਸ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਸੰਕਲਪ ਵਿਚੋਂ ਇਸ ਦੀ ਸਥਾਪਨਾ ਹੋਈ ਸੀ ਉਹ ਪਾਰਟੀ ਸਿੱਖਾਂ ਦੇ ਪ੍ਰਮੁੱਖ ਸਥਾਨ ਸਾਕਾ ਦਰਬਾਰ ਸਾਹਿਬ ’ਤੇ ਕੇਂਦਰ ਵੱਲੋਂ ਕੀਤੇ ਹਮਲੇ ਅਤੇ ਬੇਦਰਦੇ ਸਿੱਖ ਕਤਲੇਆਮ ਵਿਰੁੱਧ ਵੀ ਚੁੱਪ ਵੱਟ ਗਈ। ਸ਼੍ਰੋਮਣੀ ਅਕਾਲੀ ਦਲ ਦੀ ‘ਸਿੱਖ ਪਾਰਟੀ’ ਵਜੋਂ ਪਛਾਣ ਖਤਮ ਕਰਕੇ ਪੰਜਾਬੀ ਪਾਰਟੀ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ ਸਿੱਖ ਹਿਤ ਵਿਸਾਰ ਕੇ ਪਰਿਵਾਰਕ ਕਬਜ਼ੇ ਹੇਠ ਕਰਨ ਤੋਂ ਬਾਅਦ ਇਸ ਵੇਲੇ ਇਹ ‘ਸਿੱਖ ਰਾਜਨੀਤਕ ਪਾਰਟੀ’ ਵਜੋਂ ਆਪਣੀ ਹੋਂਦ ਪੂਰੀ ਤਰ੍ਹਾਂ ਖਤਮ ਕਰ ਚੁੱਕੀ ਹੈ। ਪਾਰਟੀ ਦੇ ਮੌਜੂਦਾ ਨਿਜ਼ਾਮ ਵਿਚ ਹੁਣ ਇਹ ਸਿੱਖ ਸਿਧਾਂਤਾਂ ਦੇ ਖਿਲਾਫ਼ ਜਾਣ ਵਾਲੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਪਾਰਟੀ ਵਿਧਾਨ ਅਨੁਸਾਰ ਇਸ ਨੇ ਸ਼੍ਰੋਮਣੀ ਕਮੇਟੀ ਦਾ ਹੁਕਮ ਮੰਨ ਕੇ ਗੁਰਦੁਆਰਾ ਪ੍ਰਬੰਧ ਵਿਚ ਸੇਵਾ ਕਰਨੀ ਸੀ ਪਰ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਜਾਨ ਸ਼੍ਰੋਮਣੀ ਕਮੇਟੀ ਦੇ ਹੱਥ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲਿਫਾਫੇ ਵਿਚੋਂ ਨਿਕਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਲਿਲਕੜੀਆਂ ਕੱਢਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਵਿਚੋਂ ‘ਧਰਮ ਦਾ ਕੋਈ ਅੰਸ਼’ ਬਾਕੀ ਨਹੀਂ ਰਹਿ ਗਿਆ। ਹੁਣ ਇਸ ਦੀ ਸਿੱਖ ਧਰਮ ਨੂੰ ਖਤਮ ਕਰਨ ਦਾ ਟੀਚਾ ਮਿਥੀ ਬੈਠੀ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਹੈ। ਇਸ ਪਾਰਟੀ ਦੇ ਹੇਠਲੇ ਤੋਂ ਲੈ ਕੇ ਉਪਰਲੇ ਤੱਕ ਵਧੇਰੇ ਆਗੂ ਸਿੱਖ ਕੌਮ ਦੇ ਵਿਰੋਧੀਆਂ ਨਾਲ ਸਾਂਝ ਰੱਖ ਰਹੇ ਹਨ। ਪੰਜਾਬ ਵਿਚ ਡੇਰਾਵਾਦ ਨੂੰ ਵਧਣ-ਫੁਲਣ ਵਿਚ ਜਿੰਨੀ ਮਦਦ ਅਕਾਲੀ ਦਲ ਨੇ ਕੀਤੀ ਹੈ ਸ਼ਾਇਦ ਕੋਈ ਹੋਰ ਪਾਰਟੀ ਨਾ ਕਰ ਸਕਦੀ। ਪੰਜਾਬ ਸਮੇਤ ਦੇਸ਼ ਭਰ ਵਿਚ ਵਸਦੇ ਸਿੱਖਾਂ ਦੀ ਰਾਖੀ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਨਹੀਂ ਰਿਹਾ। ਚੰਡੀਗੜ੍ਹ, ਪਾਣੀਆਂ ਦੀ ਰਾਖੀ, ਪੰਜਾਬੀ ਬੋਲਦੇ ਇਲਾਕੇ, ਵੱਧ ਅਧਿਕਾਰਾਂ ਦੀ ਗੱਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਵਿਚੋਂ ਮਨਫੀ ਹੋ ਚੁੱਕੀ ਹੈ। 1984 ਦੇ ਸਿੱਖ ਕਤਲੇਆਮ ਵਿਚ ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਵੀ ਅਕਾਲੀ ਦਲ ਕੋਈ ਰੁਚੀ ਨਹੀਂ ਰੱਖਦਾ। ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਵੜੈਚ (ਬਿਆਸ) ਦੇ ਢਾਹੇ ਜਾਣ ’ਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਰਤਾ ਪੀੜ ਨਹੀਂ ਹੋਈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕੰਮ ਕਰ ਰਿਹਾ ਉਸ ਦਾ ਸਿੱਖ ਧਰਮ ਨਾਲ ਕੋਈ ਸਰੋਕਾਰ ਨਹੀਂ, ਸਗੋਂ ਕਈ ਕੰਮ ਤਾਂ ਅਜਿਹੇ ਹਨ ਜਿਹੜੇ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਦੇ ਉਲਟ ਹਨ। ਪਿਛਲੇ ਅਤੇ ਇਸ ਸਾਲ ਵਿਸ਼ਵ ਕਬੱਡੀ ਕੱਪ ਸਮੇਂ ਕਰੋੜਾਂ ਰੁਪਏ ਖਰਚ ਕੇ ਸਟੇਜ਼ ’ਤੇ ਕੀਤਾ ਗਿਆ ਅਸ਼ਲੀਲ ਡਾਂਸ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਖਿਲਾਫ਼ ਹੈ। ਹੁਣ ਅਕਾਲੀ ਸਟੇਜ਼ਾਂ ’ਤੇ ਰਾਗੀ ਢਾਡੀ ਦੀ ਥਾਂ ਗਾਉਣ ਵਾਲੀਆਂ ਬੀਬੀਆਂ ਇਕੱਠ ਨੂੰ ਕਾਮੁਕ ਵਿਰਤੀ ਪੈਦਾ ਕਰਦੀਆਂ ਹਨ।
ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਰਵਾਇਤਾਂ ਨੂੰ ਸਿਰਫ਼ ਛੱਡ ਹੀ ਨਹੀਂ ਗਿਆ ਸਗੋਂ ਉਹਨਾਂ ਦੇ ਉਲਟ ਸਰਗਰਮੀਆਂ ਕਰਨ ਲੱਗ ਗਿਆ ਹੈ ਤਾਂ ਸਿੱਖਾਂ ਲਈ ਇਕ ਹੋਰ ਫਿਕਰ ਵਾਲੀ ਗੱਲ ਹੈ ਕਿ ਪੰਜਾਬ ਦੇ ਸਿਆਸੀ ਪਿੜ ਵਿਚੋਂ ਬਾਕੀ ਸਿੱਖ ਰਾਜਨੀਤੀ ਦਾ ਵੀ ਲਗਭਗ ਖਾਤਮਾ ਹੀ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਅ) ਨੇ ਐਲਾਨ ਕਰ ਦਿੱਤਾ ਹੈ ਕਿ ਆਉਂਦੀਆਂ ਚੋਣਾਂ ਨਹੀਂ ਲੜੇਗਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਨੂੰ ਅਦਾਲਤੀ ਚੱਕਰਵਿਊ ਵਿਚ ਫਸਾ ਦਿੱਤਾ ਗਿਆ ਹੈ। ਇਸ ਸਮੇਂ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਸਿੱਖਾਂ ਪਾਸ ਸਿਰਫ਼ ਇਕ ਹੀ ਰਸਤਾ ਬਾਕੀ ਰਹਿ ਗਿਆ ਹੈ ਕਿ ਉਹ ਗੁਰਦੁਆਰਾ ਸੁਧਾਰ ਵਾਂਗ ਹੀ ਹੁਣ ‘ਅਕਾਲੀ ਦਲ ਸੁਧਾਰ ਲਹਿਰ’ ਸ਼ੁਰੂ ਕਰਨ ਬਾਰੇ ਸੋਚਣ।