ਲੁਧਿਆਣਾ- ਨਾਮਧਾਰੀ ਸੰਪਰਦਾਇ ਦੇ 92 ਸਾਲਾ ਮੁੱਖੀ ਸਤਿਗੁਰੂ ਜਗਜੀਤ ਸਿੰਘ ਵੀਰਵਾਰ ਸ਼ਾਮ ਨੂੰ ਸਵਰਗ ਸਿਧਾਰ ਗਏ। ਉਹ ਪਿੱਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਐਸਪੀਐਸ ਅਪੋਲੋ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਸਤਿਗੁਰੂ ਜਗਜੀਤ ਸਿੰਘ ਨੂੰ ਛਾਤੀ ਅਤੇ ਪੇਟ ਵਿੱਚ ਇਨਫੈਕਸ਼ਨ ਹੋਣ ਕਰਕੇ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ। ਬਾਬਾ ਜੀ ਨੇ ਵੀਰਵਾਰ ਸ਼ਾਮ ਨੂੰ 6.28 ਮਿੰਟ ਤੇ ਆਖਰੀ ਸਵਾਸ ਪੂਰੇ ਕੀਤੇ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਨਾਮਧਾਰੀ ਸੰਪਰਦਾਇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੀ ਦੇਹ ਨੂੰ ਤੁਰੰਤ ਹੀ ਅਪੋਲੋ ਹਸਪਤਾਲ ਤੋਂ ਭੈਣੀ ਸਾਹਿਬ ਲਿਜਾਇਆ ਗਿਆ ਅਤੇ ਅੰਤਿਮ ਦਰਸ਼ਨਾਂ ਲਈ ਰੱਖ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਭੈਣੀ ਸਾਹਿਬ ਵਿਖੇ ਸ਼ੁਕਰਵਾਰ ਨੂੰ ਦੁਪਹਿਰ ਦੇ ਦੋ ਵਜੇ ਕੀਤਾ ਜਾਵੇਗਾ।