ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਦੇ ਵਿਚ ਬਹੁਤ ਸਾਰੀ ਅਬਾਦੀ ਅਜਿਹੀ ਹੋਵੇਗੀ ਜਿਹੜੀ ਕਾਰ ਆਦਿ ਚਲਾਉਣ ਤੋਂ ਡਰਦੀ ਹੋਵੇਗੀ ਜਾਂ ਕਾਰ ਚਲਾਉਣਾ ਔਖਾ ਮੰਨਦੀ ਹੋਵੇਗੀ ਪਰ ਸਦਕੇ ਜਾਈਏ ਨਿਊਜ਼ੀਲੈਂਡ ਦੇ ਵਿਚ ਕੁੱਤਿਆਂ ਨੂੰ ਸਿੱਖਿਆ ਦੇ ਕੇ ਮਾਹਿਰ ਬਣਾਉਣ ਵਾਲਿਆਂ ਦੇ ਜਿਨ੍ਹਾਂ ਨੇ ਬੜੀ ਮਿਹਨਤ ਤੋਂ ਬਾਅਦ ਇਕ ਕੁੱਤੇ (ਨਾਂਅ ਪੋਰਟਰ) ਨੂੰ ਇਸ ਕਦਰ ਯੋਗ ਬਣਾ ਦਿੱਤਾ ਕਿ ਉਸਨੇ ਆਟੋਮੈਟਿਕ ਕਾਰ ਚਲਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਤਜ਼ਰਬਾ ਪਿਛਲੇ ਦਿਨੀਂ ਸੈਕੜੇਂ ਲੋਕਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਉਸ ਨੇ ਕਾਰ ਨੂੰ ‘ਡ੍ਰਾਈਵ ਗੇਅਰ’ ਦੇ ਵਿਚ ਪਾਇਆ, ਸਟੀਅਰਿੰਗ ’ਤੇ ਨਿਯੰਤਰਨ ਰੱਖਿਆ ਅਤੇ ਲੋੜ ਮੁਤਾਬਿਕ ਰੇਸ ਦਿੱਤੀ। ਕਾਰ ਚਲਾਉਣ ਤੋਂ ਬਾਅਦ ਉਸਨੇ ਬ੍ਰੇਕ ਦੀ ਵੀ ਵਰਤੋਂ ਕੀਤੀ ਅਤੇ ਕਾਰ ਨੂੰ ਬਕਾਇਦਾ ਰੋਕਿਆ। ਕਾਰ ਚਲਾਉਣ ਦੀ ਸਿੱਖਿਆ ਵਾਸਤੇ ਤਿੰਨ ਕੁੱਤਿਆਂ ਨੂੰ ਚੁਣਿਆ ਗਿਆ ਹੈ ਜਿਸ ਵਿਚੋਂ ਦੋ ਦੀ ਟ੍ਰੇਨਿੰਗ ਅਜੇ ਜਾਰੀ ਹੈ। ਪਹਿਲਾਂ ਪੋਰਟਰ ਨੂੰ ਇਕ ਕਾਰ ਨੁਮਾ ਯੰਤਰ ਉਤੇ ਟ੍ਰੇਨਿੰਗ ਦਿੱਤੀ ਗਈ ਅਤੇ ਬਾਅਦ ਵਿਚ ਮਿੰਨੀ ਕਾਰ ਉਤੇ ਤਜ਼ਰਬੇ ਕਰਵਾਏ ਗਏ। ਕਾਰ ਦੇ ਵਿਚ ਵਿਸ਼ੇਸ਼ ਤੌਰ ’ਤੇ ਗੇਅਰ, ਰੇਸ ਅਤੇ ਬ੍ਰੇਕ ਪੈਡਲ ਲਗਾਏ ਗਏ ਤਾਂ ਕਿ ਕੁੱਤਾ ਆਪਣੀਆਂ ਲੱਤਾਂ ਦੀ ਵਰਤੋਂ ਸੀਟ ਉਤੇ ਬੈਠ ਕੇ ਹੀ ਕਰ ਸਕੇ।