ਵਾਸ਼ਿੰਗਟਨ- ਸੈਨੇਟਰ ਜਾਨ ਕੈਰੀ ਨੂੰ ਓਬਾਮਾ ਪ੍ਰਸ਼ਾਸਨ ਵੱਲੋਂ ਅਗਲਾ ਵਿਦੇਸ਼ਮੰਤਰੀ ਬਣਾਉਣ ਦਾ ਨਿਰਣਾ ਲਿਆ ਗਿਆ ਹੈ। ਕੈਰੀ, ਹਿਲਰੀ ਕਲਿੰਟਨ ਦੀ ਜਗ੍ਹਾ ਨਵੇਂ ਵਿਦੇਸ਼ ਮੰਤਰੀ ਬਣਨਗੇ। ਹਿਲਰੀ ਨੇ ਪਿੱਛਲੇ ਸਾਲ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਅਗਲੀ ਟਰਮ ਵਿੱਚ ਇਹ ਅਹੁਦਾ ਗ੍ਰਹਿਣ ਨਹੀਂ ਕਰੇਗੀ। ਅਗਲੇ ਹਫ਼ਤੇ ਰਸਮੀ ਤੌਰ ਤੇ ਕੈਰੀ ਦੇ ਵਿਦੇਸ਼ ਮੰਤਰੀ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਜਾਵੇਗਾ।
ਕੈਰੀ ਨੂੰ ਵਿਦੇਸ਼ੀ ਮੁੱਦਿਆਂ ਤੇ ਵਾਈਟ ਹਾਊਸ ਦਾ ਭਰੋਸੇਮੰਦ ਮੰਨਿਆ ਜਾਂਦਾ ਹੈ। ਉਹ ਮੈਸਾਚਿਊਟਸ ਤੋਂ ਸੀਨੀਅਰ ਸੈਨੇਟਰ ਹਨ। 2004 ਵਿੱਚ ਕੈਰੀ ਜਾਰਜ ਬੁਸ਼ ਤੋਂ ਰਾਸ਼ਟਰਪਤੀ ਦੀ ਚੋਣ ਹਾਰ ਗਏ ਸਨ।ਵਿਦੇਸ਼ ਮੰਤਰੀ ਲਈ ਪਹਿਲਾਂ ਸੂਜਨ ਰਾਈਸ ਦਾ ਨਾਂ ਸੱਭ ਤੋਂ ਉਪਰ ਸੀ ਪਰ ਲੀਬੀਆ ਵਿੱਚ ਅਮਰੀਕਨ ਰਾਜਨਾਇਕ ਦੇ ਮਾਰੇ ਜਾਣ ਕਰਕੇ ਉਸ ਦੀ ਇਮੇਜ਼ ਕਾਫੀ ਖਰਾਬ ਹੋ ਗਈ । ਇਸ ਕਰਕੇ ਸੂਜਨ ਦਾ ਨਾਂ ਪਾਸੇ ਹਟਾ ਦਿੱਤਾ ਗਿਆ। ਕੈਰੀ ਨੇ ਪਾਕਿਸਤਾਨ ਅਤੇ ਅਮਰੀਕਾ ਦੇ ਆਪਸੀ ਸਬੰਧਾਂ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।