ਨਵੀਂ ਦਿੱਲੀ :- ਇਉਂ ਜਾਪਦਾ ਹੈ, ਜਿਵੇਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਹੀ ਆਪਣੀ ਹਾਰ ਨਜ਼ਰ ਆਉਣ ਲਗ ਪਈ ਹੈ। ਇਹ ਵਿਚਾਰ ਸ. ਜਸਬੀਰ ਸਿੰਘ ਕਾਕਾ ਜਨਰਲ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਪਣੇ ਬਿਆਨ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜ. ਮਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਗੁਰਦੁਆਰਾ ਚੋਣਾਂ 27 ਜਨਵਰੀ ਨੂੰ ਹੋਣ ਦੀ ਸੰਭਾਵਨਾ ਪ੍ਰਗਟ ਕਰਣ ਨੂੰ ਸੰਵਿਧਾਨ ਦੀ ਉਲਘੰਣਾ ਕਰਾਰ ਦੇਣਾ ਤੇ ਇਹ ਆਖਣਾ ਕਿ ਇਸ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਨਿਰਪਖ ਹੋਣ ਤੇ ਸ਼ੰਕਾ ਪੈਦਾ ਹੋ ਗਈ ਹੈ, ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਬਾਦਲ ਦਲ ਦੇ ਮੁਖੀਆਂ ਨੇ ਗੁਰਦੁਆਰਾ ਚੋਣਾਂ ਵਿਚ ਆਪਣੀ ਸ਼ਰਮਨਾਕ ਹਾਰ ਨੂੰ ਸਵੀਕਾਰ ਕਰ ਲਿਆ ਹੈ, ਜਿਸਦੀ ਨਮੋਸ਼ੀ ਤੋਂ ਬਚਣ ਲਈ ਉਨ੍ਹਾਂ ਨੇ ਹੁਣ ਤੋਂ ਹੀ ਚੋਣਾਂ ਦੇ ਨਿਰਪਖ ਹੋਣ ਪ੍ਰਤੀ ਸ਼ੰਕਾਵਾਂ ਦਾ ਪ੍ਰਚਾਰ ਕਰਨ ਦਾ ਮੁਢ ਬੰਨ੍ਹ ਲਿਆ ਹੈ।
ਸ. ਜਸਬੀਰ ਸਿੰਘ ਕਾਕਾ ਨੇ ਆਪਣੇ ਬਿਆਨ ਵਿਚ ਦਸਿਆ ਕਿ ਜਦੋਂ ਇਹ ਖਬਰ ਆਈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ 31 ਜਨਵਰੀ ਤਕ ਕਰਵਾਏ ਜਾਣ ਦਾ ਫੈਸਲਾ ਹੋ ਗਿਆ ਹੈ ਤਾਂ ਹਰ ਕਿਸੇ ਨੇ ਜਨਵਰੀ ਵਿਚਲੇ ਐਤਵਾਰਾਂ ਦੇ ਆਧਾਰ ਤੇ ਚੋਣ ਤਾਰੀਖ ਸੰਬਧੀ ਅਨੁਮਾਨ ਲਾਉਣੇ ਸ਼ੁਰੂ ਕਰ ਦਿਤੇ। ਇਸ ਸੰਬਧ ਵਿਚ ਕਈ ਖਬਰਾਂ ਵੀ ਮੀਡੀਆ ਵਿਚ ਆਈਆਂ। ਇਨ੍ਹਾਂ ਅਨੁਮਾਨਾਂ ਦੇ ਆਧਾਰ ਤੇ ਹੀ ਪਤ੍ਰਕਾਰਾਂ ਵਲੋਂ ਪੁਛੇ ਗਏ ਸੁਆਲ ਦੇ ਜਵਾਬ ਵਿਚ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਨਵਰੀ ਵਿਚ 6, 13, 20, ਅਤੇ 27 ਨੂੰ ਐਤਵਾਰ ਹਨ, ਇਸ ਸਥਿਤੀ ਵਿਚ 27 ਜਨਵਰੀ ਨੂੰ ਚੋਣਾਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਸ. ਜਸਬੀਰ ਸਿੰਘ ਕਾਕਾ ਨੇ ਪੁਛਿਆ ਕਿ ਸ. ਸਰਨਾ ਦੇ ਇਸ ਤਰ੍ਹਾਂ ਪ੍ਰਗਟ ਕੀਤੇ ਗਏ ਅਨੁਮਾਨ ਨਾਲ ਕਿਹੜੀ ਸੰਵਿਧਾਨਕ ਉਲੰਘਣਾ ਹੋਈ ਤੇ ਕਿਵੇਂ ਇਸਦੇ ਗੁਰਦੁਆਰਾ ਚੋਣਾਂ ਦੇ ਨਿਰਪੇਖ ਹੋਣ ਤੇ ਸੁਆਲੀਆ ਨਿਸ਼ਾਨ ਲਗ ਗਿਆ ਹੈ? ਸ. ਜਸਬੀਰ ਸਿੰਘ ਕਾਕਾ ਨੇ ਕਿਹਾ ਕਿ ਜ. ਮਨਜੀਤ ਸਿੰਘ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਦੂਜਿਆਂ ਪੁਰ ਦੋਸ਼ ਲਾ ਕੇ ਆਪਣੀ ਨਮੋਸ਼ੀ ਤੇ ਪਰਦੇ ਪਾਣ ਤੋਂ ਸੰਕੋਚ ਕਰਨਾ ਅਤੇ ਸਚਾਈ ਨੂੰ ਖੁਲ੍ਹੇ ਦਿਲ ਨਾਲ ਸਵੀਕਾਰ ਕਰਨਾ ਚਾਹੀਦਾ ਹੈ।