ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਯੋਜਨਾ ਕਮਿਸ਼ਨ ਦੇ ਮੈਂਬਰ ਅਤੇ ਸਿਰਕੱਢ ਅਰਥ ਸ਼ਾਸਤਰੀ ਡਾ: ਅਭੀਜੀਤ ਸੇਨ ਨੇ ਕਿਹਾ ਹੈ ਕਿ ਖੇਤੀ ਵਿਕਾਸ ਦਰ ਵਾਧਾ ਜਿਥੇ ਦੇਸ਼ ਦੀ ਲੋੜ ਹੈ ਉਥੇ ਅਨਾਜ ਭੰਡਾਰਨ ਸਮਰੱਥਾ ਵਧਾਉਣਾ ਵੀ ਵੱਡੀ ਚੁਣੌਤੀ ਬਣ ਕੇ ਉੱਭਰ ਰਿਹਾ ਹੈ। ਡਾ: ਸੇਨ ਆਖਿਆ ਕਿ ਇਕ ਕਿਲੋ ਅਨਾਜ ਸੰਭਾਲਣ ਲਈ ਦੇਸ਼ ਨੂੰ 5 ਰੁਪਏ ਖਰਚਣੇ ਪੈਂਦੇ ਹਨ ਜੋ ਅਸਿੱਧੇ ਰੂਪ ਵਿੱਚ ਖਪਤਕਾਰ ਦੇ ਜੇਬ ਤੇ ਬੋਝ ਬਣਦੇ ਹਨ। ਅਨਾਜ ਭੰਡਾਰ ਦੀਆਂ ਨਵੀਆਂ ਤਕਨੀਕਾਂ ਵਿਕਸਤ ਕਰਕੇ ਇਹ ਖਰਚੇ ਘਟਾਏ ਜਾ ਸਕਦੇ ਹਨ। ਉਨ੍ਹਾਂ ਆਖਿਆ ਕਿ 12ਵੀਂ ਪੰਜ ਸਾਲਾ ਯੋਜਨਾ ਵਿੱਚ ਛੋਟੇ ਅਤੇ ਦਰਮਿਆਨ ਕਿਸਾਨ ਦੇ ਵਿਕਾਸ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ। ਇਸ ਸੰਬੰਧੀ ਯੋਜਨਾ ਕਮਿਸ਼ਨ ਨੇ ਸਿਫਾਰਸ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਸਿਰਫ ਹਰੇ ਇਨਕਲਾਬ ਨੂੰ ਜਨਮ ਦੇ ਕੇ ਦੇਸ਼ ਦਾ ਅਨਾਜ ਭੰਡਾਰ ਹੀ ਭਰਪੂਰ ਨਹੀਂ ਕੀਤਾ ਸਗੋਂ ਚੰਗੇ ਲਿਆਕਤਵਾਨ ਵਿਗਿਆਨੀ, ਪ੍ਰਸ਼ਾਸਕ ਅਤੇ ਜ਼ਿੰਦਗੀ ਦੇ ਹੋਰ ਖੇਤਰਾਂ ਵਿੱਚ ਸ਼ਾਹ ਅਸਵਾਰ ਵੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਇਸ ਸੰਸਥਾ ਦਾ ਰੁਤਬਾ ਬੁਲੰਦ ਕੀਤਾ ਹੈ।
ਡਾ: ਸੇਨ ਨੇ ਆਖਿਆ ਕਿ ਧਰਤੀ ਦੀ ਸਿਹਤ ਸੰਭਾਲ ਇਸ ਵਾਸਤੇ ਵੀ ਜ਼ਰੂਰੀ ਹੈ ਕਿਉਂਕਿ ਇਹ ਮਨੁੱਖੀ ਲੋੜਾਂ ਪੂਰੀਆਂ ਕਰਨ ਵਾਲੀਆਂ ਸਭ ਦੌਲਤਾਂ ਨਾਲ ਭਰਪੂਰ ਹੈ ਪਰ ਸਾਡੀ ਬੇਥਵੀ ਵਰਤੋਂ ਕਾਰਨ ਅਸੀਂ ਇਸ ਦਾ ਘਾਣ ਕਰ ਰਹੇ ਹਾਂ। ਧਰਤੀ ਦੀ ਸਿਹਤ ਸੰਭਾਲ ਲਈ ਜਿਥੇ ਸਾਨੂੰ ਅੱਜ ਤੋਂ ਹੀ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਸੰਜਮ ਨਾਲ ਵਰਤੋਂ ਵੱਲ ਤੁਰਨਾ ਚਾਹੀਦਾ ਹੈ ਉਥੇ ਖੇਤੀ ਯੋਜਨਾਕਾਰੀ ਦਾ ਮੁਹਾਂਦਰਾ ਵੀ ਕੁਦਰਤੀ ਸੋਮਿਆਂ ਦੀ ਭਰਪੂਰਤਾ ਅਤੇ ਵੰਨ ਸੁਵੰਨਤਾ ਨੂੰ ਬਚਾਉਣਾ ਵਾਲਾ ਉਲੀਕਣਾ ਚਾਹੀਦਾ ਹੈ।
ਡਾ: ਸੇਨ ਨੇ ਆਖਿਆ ਕਿ ਮੌਸਮੀ ਤਬਦੀਲੀਆਂ ਹੁਣ ਬੇਯਕੀਨੀਆਂ ਹੋ ਰਹੀਆਂ ਹਨ ਪਰ ਇਸ ਨੂੰ ਵੰਗਾਰ ਵਾਂਗ ਪ੍ਰਵਾਨ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਵਿਗਿਆਨੀ ਅਤੇ ਪ੍ਰਸ਼ਾਸਨ ਰਲ ਕੇ ਕਿਸਾਨ ਦਾ ਭਲਾ ਕਰ ਸਕਦਾ ਹੈ। ਡਾ: ਸੇਨ ਨੇ ਆਖਿਆ ਕਿ ਇਸ ਯੂਨੀਵਰਸਿਟੀ ਦੇ ਵਿਗਿਆਨੀ ਆਪਣੀ ਖੋਜ ਦਾ ਮੂੰਹ ਨਵੀਆਂ ਚੁਣੌਤੀਆਂ ਵੱਲ ਕਰ ਸਕੇ ਹਨ ਇਹ ਸ਼ੁਭ ਸ਼ਗਨ ਹੈ। ਕਣਕ-ਝੋਨਾ ਫ਼ਸਲ ਚੱਕਰ ਕਾਰਨ ਜਲ ਸੋਮਿਆਂ ਦਾ ਹੇਠਾਂ ਜਾਣਾ ਜਿਥੇ ਵੱਡੀ ਚੁਣੌਤੀ ਹੈ ਉਥੇ ਇਸ ਤੋਂ ਮੁਕਤੀ ਹਾਸਲ ਕਰਨ ਲਈ ਸਾਨੂੰ ਕੌਮੀ ਕਾਰਜ ਨੀਤੀ ਤਿਆਰ ਕਰਨੀ ਪਵੇਗੀ ਅਤੇ ਇਸ ਤੇ ਅਮਲ ਕਰਨ ਲਈ ਕੇਂਦਰੀ ਅਤੇ ਸੂਬਾ ਸਰਕਾਰਾਂ ਤੋਂ ਇਲਾਵਾ ਕਿਸਾਨ ਨੂੰ ਵੀ ਆਪਣਾ ਵਤੀਰਾ ਤਬਦੀਲ ਕਰਨਾ ਪਵੇਗਾ। ਤੇਲ ਬੀਜ ਫ਼ਸਲਾਂ ਅਤੇ ਦਾਲਾਂ ਉੱਪਰ ਖਰਚੀ ਜਾਂਦੀ ਵਿਦੇਸ਼ੀ ਮੁਦਰਾ ਤਾਂ ਹੀ ਘੱਟ ਸਕਦੀ ਹੈ ਜੇਕਰ ਅਸੀਂ ਆਪਣੇ ਦੇਸ਼ ਅੰਦਰ ਇਨ੍ਹਾਂ ਦੀ ਉਪਜ ਵਧਾ ਸਕੀਏ। ਉਨ੍ਹਾਂ ਆਖਿਆ ਕਿ ਕੁੱਲ ਕੌਮੀ ਆਮਦਨ ਵਿੱਚ 9 ਫੀ ਸਦੀ ਤੋਂ ਖਿਸਕ ਕੇ 6 ਫੀ ਸਦੀ ਤੇ ਆਉਣਾ ਵੱਡੀ ਚੁਣੌਤੀ ਹੈ ਅਤੇ ਹੁਣ ਇਸ ਨੂੰ ਉੱਪਰ ਚੁੱਕਣ ਲਈ ਖੇਤੀ ਸੈਕਟਰ ਨੂੰ ਹੰਭਲਾ ਮਾਰਨਾ ਪਵੇਗਾ। ਡਾ: ਸੇਨ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਮੁਬਾਰਕ ਦਿੱਤੀ ਕਿ ਉਨ੍ਹਾਂ ਨੇ ਇਸ ਮਹਾਨ ਰਵਾਇਤਾਂ ਵਾਲੀ ਸੰਸਥਾ ਦੇ ਗੋਲਡਨ ਜੁਬਲੀ ਵਰ੍ਹੇ ਵਿੱਚ ਡਿਗਰੀ ਹਾਸਿਲ ਕੀਤੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਪ੍ਰਾਪਤੀਆਂ ਦਾ ਲੇਖਾ ਜੋਖਾ ਪੇਸ਼ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਣਜ ਪ੍ਰਬੰਧ ਵਿਭਾਗ ਨੂੰ ਅਪਗਰੇਡ ਕਰਕੇ ਵਣਜ ਅਧਿਐਨ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ ਜਦ ਕਿ ਖੇਤੀਬਾੜੀ ਮੌਸਮ ਵਿਭਾਗ ਨੂੰ ਵੀ ਉੱਚਾ ਕਰਕੇ ਸਕੂਲ ਦਾ ਦਰਜਾ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਇਲੈਕਟਰੀਕਲ ਇੰਜੀਨੀਅਰ ਅਤੇ ਕੰਪਿਊਟਰ ਸਾਇੰਸ ਵਿਭਾਗ ਨੂੰ ਸੂਚਨਾ ਤਕਨਾਲੋਜੀ ਸਕੂਲ ਵਿੱਚ ਸ਼ਾਮਿਲ ਕਰਕੇ ਸਕੂਲ ਆਫ ਇਲੈਕਟਰੀਕਲ ਇੰਜੀਨੀਅਰਿੰਗ ਅਤੇ ਸੂਚਨਾ ਟੈਕਨਾਲੋਜੀ ਬਣਾਇਆ ਗਿਆ ਹੈ। ਯੂਨੀਵਰਸਿਟੀ ਵਿੱਚ ਇਸ ਵੇਲੇ 84 ਸਿੱਖਿਆ ਪ੍ਰੋਗਰਾਮ ਚੱਲ ਰਹੇ ਹਨ ਜਿਨ੍ਹਾਂ ਵਿਚੋਂ 10 ਡਿਗਰੀ ਪੱਧਰ ਤੇ, 44 ਪੋਸਟ ਗਰੈਜੂਏਟ ਪੱਧਰ ਦੇ ਅਤੇ 30 ਡਾਕਟਰੇਟ ਪੱਧਰ ਦੇ ਹਨ, ਇਕ ਡਿਪਲੋਮਾ ਕੋਰਸ ਅਤੇ ਤਿੰਨ ਸਰਟੀਫਿਕੇਟ ਕੋਰਸ ਚਲਾਏ ਜਾ ਰਹੇ ਹਨ। ਖੇਤੀਬਾੜੀ ਕਾਲਜ ਵਿੱਚ ਕੁਦਰਤੀ ਸੋਮਿਆਂ ਸੰਬੰਧੀ ਪ੍ਰਯੋਗਸ਼ਾਲਾ ਬਣਾਈ ਗਈ ਹੈ, ਇਵੇਂ ਹੀ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿੱਚ ਵੀ ਕੰਪਿਊਟਰ ਦੀ ਸਹਾਇਤਾ ਨਾਲ ਡਿਜ਼ਾਈਨ ਪ੍ਰਯੋਗਸ਼ਾਲਾ ਉਸਾਰੀ ਗਈ ਹੈ। ਡਾ: ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਭਾਰਤ ਅਤੇ ਵਿਦੇਸ਼ ਦੀਆਂ 11 ਵੱਡੀਆਂ ਖੋਜ ਸੰਸਥਾਵਾਂ ਨਾਲ ਸਹਿਮਤੀ ਪੱਤਰ ਤੇ ਦਸਤਖਤ ਕੀਤੇ ਗਏ ਹਨ। ਯੂਨੀਵਰਸਿਟੀ ਅਧਿਆਪਕਾਂ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਅਤੇ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਅਤੇ ਡਾ: ਕੇ ਐਲ ਚੱਢਾ, ਸਾਬਕਾ ਡੀ ਡੀ ਜੀ ਬਾਗਬਾਨੀ ਆਈ ਸੀ ਏ ਆਰ ਨੂੰ ਪਦਮਸ਼੍ਰੀ ਐਵਾਰਡ, ਯੂਨੀਵਰਸਿਟੀ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਡਾ: ਹਰਭਜਨ ਸਿੰਘ ਮੈਮੋਰੀਅਲ ਐਵਾਰਡ ਅਤੇ ਪੰਜਾਬ ਰਤਨ ਪੁਰਸਕਾਰ ਹਾਸਿਲ ਹੋਇਆ। ਕੁਝ ਹੋਰ ਅਧਿਆਪਕਾਂ ਨੂੰ ਵੀ ਕੌਮੀ ਪੱਧਰ ਦੇ ਸਨਮਾਨ ਹਾਸਿਲ ਹੋਏ। ਇਸ ਸਮੇਂ ਦੌਰਾਨ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੀ, ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ, ਖੇਤੀਬਾੜੀ ਰਾਜ ਮੰਤਰੀ ਡਾ: ਚਰਨ ਦਾਸ ਮਹੰਤ, ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਸ਼ਿਵਰਾਜ ਵੀ ਪਾਟਿਲ, ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਮਨੀਲਾ ਅਤੇ ਅੰਤਰਰਾਸ਼ਟਰੀ ਕਣਕ ਅਤੇ ਮੱਕੀ ਖੋਜ ਕੇਂਦਰ ਦੇ ਡਾਇਰੈਕਟਰ ਜਨਰਲ ਨੇ ਵੀ ਯੂਨੀਵਰਸਿਟੀ ਗੋਲਡਨ ਜੁਬਲੀ ਸਮਾਰੋਹਾਂ ਵਿੱਚ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਦੇ 17 ਵਿਦਿਆਰਥੀਆਂ ਨੇ ਆਈ ਸੀ ਏ ਆਰ ਨੈਟ ਇਮਤਿਹਾਨ ਪਾਸ ਕੀਤਾ। ਖੇਡਾਂ, ਸਭਿਆਚਾਰ ਅਤੇ ਯੁਵਕ ਭਲਾਈ ਕਾਰਜਾਂ ਵਿੱਚ ਵੀ ਵਿਦਿਆਰਥੀਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ। ਯੂਨੀਵਰਸਿਟੀ ਵੱਲੋਂ 17 ਨਵੀਆਂ ਕਿਸਮਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ ਕਣਕ ਦੀ ਪੀ ਬੀ ਡਬਲਯੂ 644, ਡਬਲਯੂ ਐਚ ਡੀ 943, ਐਚ ਡੀ 2967 ਪ੍ਰਮੁਖ ਹਨ। ਕਾਬਲੀ ਛੋਲਿਆਂ ਦੀ ਇਕ ਕਿਸਮ ਜੀ ਐਲ ਕੇ 25104, ਸੂਰਜ ਮੁਖੀ ਦੀ ਪੀ ਐਸ ਐਚ 996, ਤੋਰੀਏ ਦੀ ਟੀ ਐਲ 17, ਕਪਾਹ ਦੀ ਐਫ ਡੀ ਕੇ 124 ਅਤੇ ਆਂਵਲੇ ਦੀਆਂ ਤਿੰਨ ਕਿਸਮਾਂ ਬਲਵੰਤ, ਨੀਲਮ ਅਤੇ ਕੰਚਨ ਰਿਲੀਜ਼ ਕੀਤੀਆਂ ਗਈਆਂ। ਕਈ ਨਵੀਆਂ ਉਤਪਾਦਨ ਤਕਨੀਕਾਂ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਇਸ ਸਮੇਂ ਦੌਰਾਨ ਲਗਪਗ 1.58 ਕਰੋੜ ਰੁਪਏ ਦਾ ਖੇਤੀਬਾੜੀ ਸਾਹਿਤ ਕਿਸਾਨਾਂ ਨੂੰ ਵੇਚਿਆ ਗਿਆ ਹੈ। ਯੂਨੀਵਰਸਿਟੀ ਵੱਲੋਂ 26 ਨਵੀਆਂ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 18 ਪੰਜਾਬੀ ਵਿੱਚ ਅਤੇ 8 ਅੰਗਰੇਜ਼ੀ ਵਿੱਚ ਹਨ।