ਚੰਡੀਗੜ੍ਹ – “ਬਾਬਾ ਰਾਮ ਸਿੰਘ ਜੀ ਦੇ ਅਮਲੀ ਮਨੁੱਖਤਾ ਪੱਖੀ ਜੀਵਨ ਅਤੇ ਕੁਰਬਾਨੀ ਭਰੇ ਅਮਲਾਂ ਵਿਚੋਂ ਉਤਪੰਨ ਹੋਈ ਨਾਮਧਾਰੀ ਸੰਪਰਦਾ ਦਾ ਇਤਿਹਾਸ ਹੁਣ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅਮਨ-ਚੈਨ ਅਤੇ ਭਰਾਤਰੀ ਭਾਵ ਵਾਲਾ ਰਿਹਾ ਹੈ । ਨਾਮਧਾਰੀ ਸੰਪਰਦਾ ਨੇ ਬੀਤੇ ਥੋੜੇ ਸਮੇਂ ਵਿਚ ਹੀ ਕੌਮਾਂਤਰੀ ਪੱਧਰ ਉਤੇ ਹਾਕੀ ਦੀ ਟੀਮ ਤਿਆਰ ਕਰਕੇ ਨੌਜ਼ਵਾਨ ਬੱਚਿਆਂ ਨੂੰ ਆਪਣੀ ਸਰੀਰਕ ਸ਼ਕਤੀ ਨੂੰ ਸਹੀ ਦਿਸਾ ਵੱਲ ਲਗਾਉਣ ਦੀ ਮਜ਼ਬੂਤ ਪ੍ਰੇਰਨਾ ਦਿੱਤੀ ਹੈ ਅਤੇ ਕਦੀ ਵੀ ਅਜਿਹਾ ਅਮਲ ਕਰਨ ਦੀ ਕੋਸਿ਼ਸ਼ ਨਹੀ ਕੀਤੀ ਜਿਸ ਨਾਲ ਸਿੱਖ ਕੌਮ ਵਿਚ ਵੰਡੀਆਂ ਪੈਣ ਅਤੇ ਗਰੁੱਪਾਂ ਵਿਚ ਖੜ੍ਹੇ ਹੋਕੇ ਅਪਮਾਨਜ਼ਨਕ ਸ਼ਬਦਾਬਲੀ, ਬੰਦੂਕਾਂ, ਗੋਲੀਆਂ, ਲਾਠੀਆਂ ਦੀ ਅਸੱਭਿਅਕ ਕਾਰਵਾਈਆਂ ਕਰਨੀਆਂ ਪੈਣ । ਇਸ ਲਈ ਜੋ ਨਾਮਧਾਰੀ ਸੰਪਰਦਾ ਵਿਚ ਆਪਣੇ ਅਗਲੇ ਮੁੱਖੀ ਦੇ ਐਲਾਨੇ ਜਾਣ ‘ਤੇ ਸ. ਉਦੇ ਸਿੰਘ ਅਤੇ ਸ. ਦਲੀਪ ਸਿੰਘ ਦੇ ਬਰਾਬਰ ਦੇ ਧੜੇ ਖੜ੍ਹੇ ਹੋ ਜਾਣ ਦੇ ਅਮਲ ਪੰਜਾਬ ਦੇ ਅਮਨਮਈ ਮਾਹੌਲ ਨੂੰ ਅਤੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਹਨ, ਜੋ ਨਹੀ ਹੋਣੇ ਚਾਹੀਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਾਮਧਾਰੀ ਮੁੱਖੀ ਬਾਬਾ ਜਗਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਨਾਮਧਾਰੀ ਸੰਪਰਦਾ ਵਿਚ ਮੁੱਖੀ ਦੇ ਥਾਪੇ ਜਾਣ ਉਤੇ ਉਠੇ ਨਮੋਸੀਮਈ ਵਿਵਾਦ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਨਾਮਧਾਰੀ ਸੰਪਰਦਾ ਦੇ ਸਮੁੱਚੇ ਪ੍ਰਬੰਧਕਾਂ ਨੂੰ ਇਸ ਮਸਲੇ ਨੂੰ ਸਹਿਜ਼ ਢੰਗ ਨਾਲ ਆਪਸੀ ਸਲਾਹ ਮਸ਼ਵਰੇ ਰਾਹੀ ਸਰਬਸੰਮਤੀ ਦੀ ਰੀਤ ਉਤੇ ਪਹਿਰਾ ਦੇਣ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਿੰਦ ਦੀ ਹਕੂਮਤ, ਏਜੰਸੀਆਂ, ਨਿਜ਼ਾਮ ਅਤੇ ਮੁਤੱਸਵੀਂ ਜਮਾਤਾਂ ਸਿੱਖ ਕੌਮ ਦੇ ਕੌਮਾਂਤਰੀ ਪੱਧਰ ਤੇ ਵੱਧਦੇ ਜਾ ਰਹੇ ਸਤਿਕਾਰ-ਮਾਨ, ਇਮਾਨਦਾਰੀ, ਦ੍ਰਿੜਤਾਂ ਆਦਿ ਇਖ਼ਲਾਕੀ ਗੁਣਾ ਤੋ ਚਿੜਕੇ ਪਹਿਲੇ ਹੀ ਡੂੰਘੀਆਂ ਸਾਜਿ਼ਸਾਂ ਰਾਹੀ ਤਿੰਨ ਕਰੋੜ ਦੀ ਵਸੋਂ ਵਾਲੀ ਸਿੱਖ ਕੌਮ ਵਿਚ ਵੰਡੀਆਂ ਪਾਕੇ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਖੇਰੂ-ਖੇਰੂ ਕਰਨ ਅਤੇ ਬਦਨਾਮ ਕਰਨ ਵਿਚ ਜੁੱਟੀਆਂ ਹੋਈਆਂ ਹਨ । ਜੇਕਰ ਸਿੱਖ ਸੰਗਠਨ ਅਤੇ ਜਥੇਬੰਦੀਆਂ ਆਪਣੇ ਛੋਟੇ-ਛੋਟੇ ਨਿੱਜੀ ਜਾਂ ਪਰਿਵਾਰਿਕ ਮੁਫਾਦਾਂ ਦੇ ਗੁਲਾਮ ਬਣਕੇ, ਹਿੰਦ ਹਕੂਮਤ ਵਾਲੀ ਸੋਚ ਵਿਚ ਖੁਦ ਹੀ ਫਸ ਜਾਣ, ਫਿਰ ਤਾ ਉਹਨਾਂ ਦੇ ਮੰਦਭਾਵਨਾਂ ਭਰੇ ਮਕਸਦ ਨੂੰ ਕਾਮਯਾਬ ਕਰਨ ਲਈ ਕੀ ਅਸੀਂ ਖੁਦ ਭਾਗੀਦਾਰ ਨਹੀ ਹੋਵਾਂਗੇ ? ਉਹਨਾਂ ਨਾਮਧਾਰੀ ਸੰਪਰਦਾ ਦੇ ਸਮੁੱਚੇ ਸੂਝਵਾਂਨ ਆਗੂਆਂ ਅਤੇ ਪ੍ਰਬੰਧਕਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੁਰਾਤਨ ਬਜ਼ੁਰਗਾਂ ਦੇ ਪਾਏ ਮਨੁੱਖਤਾ, ਅਮਨ-ਚੈਨ ਅਤੇ ਜ਼ਮਹੂਰੀਅਤ ਪੱਖੀ ਪੂਰਨਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਸਿੱਖ ਕੌਮ ਦੇ ਸਤਿਕਾਰ ਨੂੰ ਕੌਮਾਂਤਰੀ ਪੱਧਰ ਤੇ ਮਜ਼ਬੂਤ ਕਰਨ ਲਈ “ਹੋਇ ਇਕੱਤਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਇ॥” ਦੇ ਮਹਾਵਾਕ ਅਨੁਸਾਰ ਉਹ ਇਸ ਮਸਲੇ ਨੂੰ ਹੱਲ ਕਰ ਸਕਣ ਤਾ ਇਹ ਜਿਥੇ ਨਾਮਧਾਰੀ ਸੰਪਰਦਾ ਦੀ ਬੀਤੇ ਇਤਿਹਾਸ ਨੂੰ ਹੋਰ ਮਜ਼ਬੂਤ ਕਰਨ ਲਈ ਸਾਜ਼ਗਰ ਹੋਵੇਗਾ, ਉਥੇ ਇਹ ਸਮੁੱਚੀ ਕਾਇਨਾਤ, ਸਿੱਖ ਕੌਮ ਵਿਚ ਅੱਛੀ ਲੀਹ ਪੈਦਾ ਕਰਨ ਵਿਚ ਵੀ ਯੋਗਦਾਨ ਪਾਵੇਗਾ ।