ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੱਸ ਵਿੱਚ ਹੋਏ ਸਮੂਹਿਕ ਗੈਂਗ ਰੇਪ ਦੀ ਨਿੰਦਿਆ ਕਰਦੇ ਹੋਏ ਇਸ ਨੂੰ ਸੱਭ ਦੇ ਲਈ ਸ਼ਰਮਨਾਕ ਦਸਿਆ। ਉਨ੍ਹਾਂ ਨੇ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਕਦਮ ਉਠਾਉਣ ਲਈ ਕਿਹਾ। ਸੋਨੀਆ ਗਾਂਧੀ ਰੇਪ ਦਾ ਸ਼ਿਕਾਰ ਹੋਈ ਪੀੜਤ ਵਿਦਿਆਰਥਣ ਦਾ ਹਾਲ ਪੁੱਛਣ ਲਈ ਸਫਦਰਜੰਗ ਹਸਪਤਾਲ ਪਹੁੰਚੀ ਅਤੇ ਡਾਕਟਰਾਂ ਤੋਂ ਪੀੜਤ ਲੜਕੀ ਦੇ ਇਲਾਜ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਸੋਨੀਆ ਗਾਂਧੀ 20 ਮਿੰਟ ਤੱਕ ਹਸਪਤਾਲ ਵਿੱਚ ਰਹੀ ਅਤੇ ਪੀੜਤ ਲੜਕੀ ਦੇ ਮਾਤਾ-ਪਿਤਾ ਨਾਲ ਵੀ ਗੱਲਬਾਤ ਕੀਤੀ। ਡਾਕਟਰਾਂ ਨੇ ਸੋਨੀਆ ਨੂੰ ਵਿਦਿਆਰਥਣ ਦੀ ਗੰਭੀਰ ਹਾਲਤ ਸਬੰਧੀ ਦਸਿਆ। ਮੰਗਲਵਾਰ ਨੂੰ ਉਸ ਦੀ ਹਾਲਤ ਹੋਰ ਵੀ ਵਿਗੜ ਗਈ ਸੀ ਜਿਸ ਕਰਕੇ ਉਸ ਨੂੰ ਜੀਵਨ ਰੱਖਿਅਕ ਪ੍ਰਣਾਲੀ ਤੇ ਰੱਖਿਆ ਹੋਇਆ ਹੈ।
ਕਾਂਗਰਸ ਪ੍ਰਧਾਨ ਨੇ ਗ੍ਰਹਿਮੰਤਰੀ ਸ਼ਿੰਦੇ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਮਮਤਾ ਸ਼ਰਮਾ ਨੂੰ ਵੀ ਪੱਤਰ ਲਿਖੇ।ਇਨ੍ਹਾਂ ਪੱਤਰਾਂ ਵਿੱਚ ਭੱਵਿਖ ,ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਾਡੇ ਸੱਭ ਲਈ , ਜੋ ਆਪਣੇ ਸ਼ਹਿਰਾਂ ਦੀ ਸੁਰੱਖਿਆ ਲਈ ਜਿੰਮੇਵਾਰ ਹਾਂ, ਦੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਚੱਲਦੀ ਬੱਸ ਵਿੱਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਗ੍ਰਹਿ ਮੰਤਰੀ ਇਸ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਬਹੁਤ ਜਲਦ ਯੋਗ ਕਦਮ ਉਠਾਉਣਗੇ।
ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ ਅਤੇ ਰਾਸ਼ਟਰੀ ਸ਼ਹਿਰ ਵਿੱਚ ਸਾਡੀਆਂ ਬੱਚੀਆਂ,ਭੈਣਾਂ ਅਤੇ ਮਾਤਾਵਾਂ ਅਸੁਰੱਖਿਅਤ ਹਨ।ਉਨ੍ਹਾਂ ਨੇ ਕਿਹਾ ਕਿ ਅਜਿਹੀ ਹਿੰਸਾ ਅਤੇ ਅਪਰਾਧਾਂ ਦੀ ਨਾਂ ਕੇਵਲ ਨਿੰਦਿਆ ਕੀਤੀ ਜਾਵੇ ਬਲਿਕ ਉਨ੍ਹਾਂ ਨਾਲ ਲੜਨ ਦੇ ਠੋਸ ਯਤਨ ਕੀਤੇ ਜਾਣ। ਕਾਨੂੰਨ ਵਿਵਸਥਾ ਮਜਬੂਤ ਕਰਨ ਅਤੇ ਮਹਿਲਾਵਾਂ ਦੀ ਸੁਰੱਖਿਆ ਲਈ ਚੌਕਸੀ ਵਧਾਉਣ ਲਈ ਜੋ ਵੀ ਜਰੂਰੀ ਹੋਵੇ ਕੀਤਾ ਜਾਵੇ।
ਇਸ ਘਿਨੌਣੀ ਵਾਰਦਾਤ ਵਿੱਚ ਸ਼ਾਮਿਲ ਚਾਰ ਅਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋ ਅਰੋਪੀ ਅਜੇ ਤੱਕ ਭਗੌੜੇ ਹਨ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਯਤਨ ਜਾਰੀ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਤੋਂ ਕਰਵਾਉਣ ਅਤੇ ਰੇਪ ਮਾਮਲੇ ਵਿੱਚ ਫਾਸੀ ਦੀ ਸਜਾ ਦਿਵਾਉਣ ਸਬੰਧੀ ਇੱਕ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾਵੇਗਾ।