ਇੰਗਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ, ਭਾਰਤ ਨੂੰ ਟੀ-20 ਦੇ ਦੂਜੇ ਮੈਚ ਦੌਰਾਨ 6 ਵਿਕਟਾਂ ਨਾਲ ਹਰਾ ਦਿਤਾ। ਇੰਗਲੈਂਡ ਨੂੰ ਜਿੱਤਣ ਲਈ 178 ਦੌੜਾਂ ਚਾਹੀਦੀਆਂ ਸਨ ਪਰ ਉਨ੍ਹਾਂ ਨੇ ਇਹ ਟੀਚਾ ਖੇਡ ਦੀ ਆਖ਼ਰੀ ਗੇਂਦ ‘ਤੇ 4 ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ 181 ਦੌੜਾਂ ਬਣਾਕੇ ਹਾਸਲ ਕਰ ਲਿਆ। ਇਸਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ ਇਹ ਸੀਰੀਜ਼ 1-1 ਨਾਲ ਬਰਾਬਰ ਕਰ ਲਈ।
ਇਸ ਜਿਤ ਲਈ ਜਿਥੇ ਇੰਗਲੈਂਡ ਦੇ ਬੱਲੇਬਾਜ਼ਾਂ ਵਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ, ਇਸਦੇ ਮੁਕਾਬਲੇ ਭਾਰਤੀ ਗੇਂਦਬਾਜ਼ਾਂ ਵਲੋਂ ਸਿਰਫ਼ ਯੁਵਰਾਜ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕਰਨ ਵਿੱਚ ਕਾਮਯਾਬ ਰਿਹਾ।ਭਾਰਤੀ ਖਿਡਾਰੀਆਂ ਵਲੋਂ 177 ਦਾ ਇਕ ਵਧੀਆ ਸਕੋਰ ਖੜਾ ਕੀਤਾ ਗਿਆ ਪਰੰਤੂ ਮਾੜੀ ਫੀਲਡਿੰਗ ਅਤੇ ਗੇਂਦਬਾਜ਼ੀ ਕਰਕੇ ਇਹ ਮੈਚ ਹੱਥੋਂ ਨਿਕਲ ਗਿਆ।
ਮੈਚ ਦੀ ਆਖਰੀ ਗੇਂਦ ‘ਤੇ ਇੰਗਲੈਂਡ ਟੀਮ ਦੇ ਕਪਤਾਨ ਮੋਰਗਨ ਨੇ ਅਸ਼ੋਕ ਡਿੰਡਾ ਦੀ ਗੇਂਦ ‘ਤੇ ਛੱਕਾ ਮਾਰਕੇ ਜਿੱਤ ਆਪਣੇ ਨਾਮ ਕਰ ਲਈ। ਇੰਗਲੈਂਡ ਦੀ ਟੀਮ ਵਲੋਂ ਮਾਈਕਲ ਲੰਬ ਨੇ 50 ਦੌੜਾਂ, ਏਲੇਕਸ ਹੇਲਜ਼ ਨੇ 43 ਦੌੜਾਂ ਅਤੇ ਇਯਾਨ ਮੋਰਗਨ ਨੇ ਬਿਨਾਂ ਆਊਟ ਹੋਇਆਂ ਸ਼ਾਨਦਾਰ 49 ਦੌੜਾਂ ਬਣਾਈਆਂ ਗਈਆਂ।
ਪਹਿਲਾ ਮੈਚ ਭਾਰਤੀ ਟੀਮ ਵਲੋਂ ਜਿੱਤਿਆ ਗਿਆ ਸੀ। ਇੰਜ ਦੋ ਮੈਚਾਂ ਦੀ ਸੀਰੀਜ਼ 1-1 ‘ਤੇ ਬਰਾਬਰੀ ਨਾਲ ਖ਼ਤਮ ਹੋ ਗਈ। ਇਸ ਹਾਰ ਲਈ ਭਾਰਤੀ ਖਿਡਾਰੀਆਂ ਵਲੋਂ ਕੀਤੀ ਗਈ ਮਾੜੀ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਭਾਰਤੀ ਖਿਡਾਰੀਆਂ ਵਲੋਂ ਜਿੱਥੇ ਦੋ ਕੈਚਾਂ ਛੱਡੀਆਂ ਗਈਆਂ, ਉਸਦੇ ਨਾਲ ਹੀ ਕੁਝ ਥਾਵਾਂ ‘ਤੇ ਮਾੜੀ ਫੀਲਡਿੰਗ ਕਾਰਨ ਗੇਂਦ ਬਾਊਂਡੀ ਲਾਈਨ ਤੋਂ ਬਾਹਰ ਚਲੀ ਗਈ ਅਤੇ ਇਕ ਦੌੜ ਦੀ ਥਾਂ ‘ਤੇ ਮਾੜੀ ਫੀਲਡਿੰਗ ਕਰਕੇ ਇੰਗਲੈਂਡ ਦੀ ਟੀਮ ਦੇ ਖਿਡਾਰੀ ਦੋ ਦੌੜਾਂ ਬਣਾਉਂਦੇ ਵੇਖੇ ਗਏ।ਗੇਂਦਬਾਜ਼ਾਂ ਵਿਚੋਂ ਵੀ ਸਿਰਫ਼ ਯੁਵਰਾਜ ਦੀ ਗੇਂਦਬਾਜ਼ੀ ਵਧੀਆ ਰਹੀ, ਡਿੰਡਾ, ਰਹਾਨਾ, ਅਸ਼ਵਿਨ ਅਤੇ ਚਾਵਲਾ ਦੀਆਂ ਗੇਂਦਾਂ ‘ਤੇ ਬੱਲੇਬਾਜ਼ ਬੜੀ ਹੀ ਆਸਾਨੀ ਨਾਲ ਚੌਕੇ ਛੱਕੇ ਲਾਉਂਦੇ ਵੇਖੇ ਗਏ।
ਪਹਿਲਾਂ ਖੇਡਦਿਆਂ ਹੋਇਆਂ ਭਾਰਤੀ ਟੀਮ ਦੇ ਖਿਡਾਰੀਆਂ ਵਿਰਾਟ ਕੋਹਲੀ ਨੇ 38 ਦੌੜਾਂ, ਮਹਿੰਦਰ ਧੋਨੀ ਨੇ 38 ਦੌੜਾਂ, ਸੁਰੇਸ਼ ਰੈਨਾ ਨੇ ਬਿਨਾਂ ਆਊਟ ਹੋਇਆਂ 35 ਦੌੜਾਂ ਅਤੇ ਰੋਹਿਤ ਸ਼ਰਮਾ ਨੇ 24 ਦੌੜਾਂ ਦਾ ਯੋਗਦਾਨ ਪਾਇਆ।