ਲੁਧਿਆਣਾ – ਸ੍ਰੀ ਅਕਾਲ ਤਖਤ ਦੇ ਜੱਥੇਦਾਰ ਵੱਲੋਂ ਹਾਲ ਹੀ ਵਿੱਚ ਸਿੱਖ ਸੰਗਤਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਤੇ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਨ ਸਬੰਧੀ ਸੰਦੇਸ਼ ਤੇ ਖੁਸ਼ੀ ਪਰਗਟ ਕਰਦਿਆਂ ,ਸਾਈਂ ਮੀਆਂ ਮੀਰ ਫਾਊਂਡੇਸ਼ਨ,ਲੁਧਿਆਣਾ ਦੇ ਚੇਅਰਮੈਨ ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਇਹ ਸੰਦੇਸ਼ ਸਮੁੱਚੀ ਸਿੱਖ ਸੰਗਤ ਲਈ ਬਹੁਕੀਮਤੀ ਹੈ ਅਤੇ ਸਰਬੰਸਦਾਨੀ ਪਰਿਵਾਰ ਨੂੰ ਸੱਚੀ ਸ਼ਰਧਾ ਅਤੇ ਸ਼ਰਧਾਂਜਲੀ ਵੀ ਹੈ । ਇਸ ਦੇ ਨਾਲ ਹੀ ਸ. ਅਮਨ ਨੇ ਨੇ ਜੱਥੇਦਾਰ ਸਾਹਿਬ ਨੂੰ ਭੇਂਟ ਆਪਣੀ ਅਰਜ਼ੋਈ ਵਿੱਚ ਕਿਹਾ ਹੈ ਕਿ ਸਿੱਖ ਕੌਮ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮਾ ਜਾਂ ਸ਼ਹੀਦੀ ਜੋੜ ਮੇਲਿਆਂ ਨੂੰ ਸਿਆਸਤ ਮੁਕਤ ਕਰਵਾਉਣ ਲਈ ਮੁੜ ਤੋਂ ਅਦੇਸ਼ ਕੀਤੇ ਜਾਣ । ਉਹਨਾ ਕਿਹਾ ਕਿ ਚੱਲ ਰਿਹਾ ਦਸੰਬਰ ਦਾ ਮਹੀਨਾ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਤ ਹੈ । ਹਰ ਸਿੱਖ ਇਸ ਦਿਨ ਕੌਮ ਦੇ ਸਰਬੰਸ ਦਾਨੀ ਪਰਿਵਾਰ ਨੂੰ ਯਾਦ ਕਰਦਾ ਹੋਇਆ ਸ਼ਰਧਾ ਅਰਪਣ ਕਰਦਾ ਹੈ ਅਤੇ ਇਸ ਸਬੰਧ ਵਿੱਚ ਸਰਿਹੰਦ ਵਿਖੇ ਤਿੰਨ ਦਿਨਾਂ ਜੋੜ ਮੇਲਾ ਵੀ ਅਯੋਜਤ ਕੀਤਾ ਜਾਂਦਾ ਹੈ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹਰ ਸਿੱਖ ਦੀ ਇਹ ਦਿਲੀ ਖਾਹਿਸ਼ ਹੁੰਦੀ ਹੈ ਕਿ ਉਹ ਇਸ ਮੌਕੇ ਸਰਿਹੰਦ ਦੀ ਧਰਤੀ ਦੀ ਛੂਹ ਪ੍ਰਾਪਤ ਕਰੇ ਕਿਉਂਕਿ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਉੱਪਰ ਹੋਏ ਤਸ਼ੱਦਦ ਦੇ ਦੁੱਖ ਵਿੱਚ ਹਰ ਸਿੱਖ ਦਾ ਮਨ ਪਸੀਜਿਆ ਹੁੰਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਰਹੰਦ ਦੇ ਇਸ ਸ਼ਹੀਦੀ ਜੋੜ ਮੇਲੇ ਸਮੇਤ ,ਸਿੱਖ ਕੌਮ ਨਾਲ ਸਬੰਧਤ ਸਾਰੇ ਦੇ ਸਾਰੇ ਸ਼ਹੀਦੀ ਸਮਾਗਮ ਸਿਆਸਤ ਦੀ ਭੇਂਟ ਚੜ ਚੁੱਕੇ ਹਨ। ਸ. ਅਮਨ ਨੇ ਕਿਹਾ ਕਿ ਇਨਾ ਸਮਾਗਮਾਂ ਤੇ ਹੁੰਦੀਆਂ ਸਿਆਸੀ ਕਾਨਫਰੰਸਾਂ ਦੌਰਾਨ ਸਿਆਸੀ ਲੋਕ ਆਪਣੀ ਸੌੜੀ ਸੋਚ ਕਾਰਣ ਇੱਕ ਦੂਜੇ ਤੇ ਦੂਸ਼ਣਵਾਜੀ ਕਰਦੇ ਹੋਏ ਜੋ ਚਿੱਕੜ ਸੁਟਦੇ ਹਨ ਉਹ ਇਨਾ ਸਮਾਗਮਾਂ ਦੀ ਅਸਲੀ ਰੂਹ ਨੂੰ ਮਾਰ ਦਿੰਦੇ ਹਨ ਅਤੇ ਇਹ ਵਰਤਾਰਾ ਉਹਨਾ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਹੈ ਜੋ ਆਪਣੀ ਸ਼ਰਧਾ ਨਾਲ ਸ਼ਹੀਦੀ ਸਮਾਗਮਾਂ ਉਪਰ ਆਉਂਦੇ ਹਨ । ਸ਼. ਅਮਨ ਨੇ ਕਿਹਾ ਕਿ ਸਿੱਖਾਂ ਦੀ ਸੁਪਰੀਮ ਕੋਰਟ ਵਜੋਂ ਜਾਣੇ ਜਾਂਦੇ ਸਰਬ ਉੱਚ ਸਤਿਕਾਰਯੋਗ ਅਕਾਲ ਤਖਤ ਸਾਹਿਬ ਤੋਂ ਇਹ ਫੁਰਮਾਨ ਕਾਫੀ ਸਮਾਂ ਪਹਿਲਾਂ ਜ਼ਾਰੀ ਹੋ ਚੁਕਿਆ ਹੈ ਕਿ ਧਾਰਮਿਕ ਅਤੇ ਸ਼ਹੀਦੀ ਸਮਾਗਮਾਂ ਵਿੱਚ ਸਿਆਸੀ ਤਕਰੀਰਾਂ ਨਹੀਂ ਹੋਣਗੀਆਂ ਪਰ ਫਿਰ ਵੀ ਸਾਡੇ ਮਨਮੱਤੇ ਅਤੇ ਹਕੂਮਤ ਦੇ ਨਸ਼ੇ ਵਿੱਚ ਭਿੱਜੇ ਲੀਡਰ ਇਸ ਹੁਕਮਨਾਮੇ ਦੀ ਪਾਲਣਾ ਨਹੀਂ ਕਰਦੇ ਸਗੋਂ ਆਪਣੀ ਸਿਆਸਤ ਦਾ ਘੋੜਾ ਬੇਗਲਾਮ ਭਜਾਕੇ ਲੋਕ ਭਾਵਨਾਵਾਂ ਨੂੰ ਲਤਾੜਦੇ ਰਹਿੰਦੇ ਹਨ।
ਸ. ਅਮਨ ਨੇ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦੀ ਸਮਾਗਮਾਂ ਵਿੱਚ ਸਿਰਫ ਤੇ ਸਿਰਫ ਸ਼ਹੀਦਾਂ ਨੁੰ ਹੀ ਸਜਦਾ ਕਰਨ ਅਤੇ ਸਿਆਸੀ ਪ੍ਰੋਗਰਾਮਾਂ ਦੇ ਨੇੜੇ ਵੀ ਨਾ ਜਾਣ । ਗੁਰਬਾਣੀ ਦਾ ਲਾਹਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਣ । ਸ. ਅਮਨ ਨੇ ਕਿਹਾ ਕਿ ਇਹਨਾ ਸਮਾਗਮਾਂ ਵਿੱਚ ਆਉਣ ਲਈ ਸਿਆਸੀ ਪਾਰਟੀਆਂ ਵੱਲੋਂ ਭੇਜੀਆਂ ਗੱਡੀਆਂ ਵਿੱਚ ਬੈਠਕੇ ਨਾ ਆਉਣ।
ਸ. ਅਮਨ ਨੇ ਇਸ ਪੱਤਰ ਵਿੱਚ ਇਹ ਵੀ ਦਲੀਲ ਦਿੱਤੀ ਹੈ ਕਿ ਇਸ ਵੇਲੇ ਸੂਬੇ ਦੀ ਸਰਕਾਰ ਪੰਥਕ ਹੋਣ ਕਰਕੇ ਇਸ ਸਬੰਧ ਵਿੱਚ ਚੰਗਾ ਫੈਸਲਾ ਲਿਆ ਜਾ ਸਕਦਾ ਹੈ ਕਿ ਸਰਕਾਰੀ ਤੌਰ ਤੇ ਅਤੇ ਅਕਾਲੀ ਦਲ ਵੱਲੋਂ ਵੀ ਇਹ ਐਲਾਨ ਕੀਤਾ ਜਾਵੇ ਕਿ ਉਹਨਾ ਦੀ ਪਾਰਟੀ ਸ਼ਹੀਦੀ ਸਮਾਗਮਾਂ ਵਿੱਚ ਸਿਆਸੀ ਕਾਨਫਰੰਸ ਖੁਦ ਨਹੀਂ ਕਰੇਗੀ।ਉਹਨਾ ਕਿਹਾ ਕਿ ਪੰਥਕ ਸਰਕਾਰ ਦਾ ਇਹ ਫੈਸਲਾ ਹਰ ਸਿੱਖ ਦਾ ਦਿਲ ਜਿਤੇਗਾ ਅਤੇ ਇਸ ਮਾਮਲੇ ਵਿੱਚ ਕੌਮ ਦੀ ਭਲਾਈ ਲਈ ਪਹਿਲ ਕਦਮੀ ਹੋਵੇਗੀ ਇਹ ਵੀ ਯਕੀਨਨ ਹੈ ਕਿ ਇਸ ਕਦਮ ਨੂੰ ਸਰਬੰਸ ਦਾਨੀ ਮਾਤਾ ਗੁਜਰੀ ਜੀ ਅਤੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਦੀ ਅਸੀਸ ਪ੍ਰਾਪਤ ਹੋਵੇਗੀ