- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਮੇਰੇ ਬੇਸ਼ਰਮਾਂ ਦੇ ਦੇਸ ਵਿੱਚ ਹੋਈ ਗੈਰਤ ਤਾਰੋ ਤਾਰ
ਇੱਥੇ ਘਰ ਘਰ ਲਾਸ਼ਾਂ ਵੱਸਦੀਆਂ ਕਰਕੇ ਖੂਬ ਸਿਗਾਰ
ਕੋਈ ਸੜ੍ਹਕੇ ਤੁਰਦੀ ਜਾਂਵਦੀ ਮਹਿਫੂਜ਼ ਰਹੀ ਨਾ ਨਾਰ
ਹਰ ਲੰਡਾ ਬੁੱਚਾ ਉੱਠਦਾ ਕਰਦਾ ਇੱਜ਼ਤਾਂ ‘ਤੇ ਵਾਰ
ਖੜ੍ਹੀ ਕੂਕ ਦੁਹਾਈ ਪਾਂਵਦੀ ਕੋਈ ਅਬਲਾ ਵਿੱਚ ਬਜ਼ਾਰ
ਕੋਲੋਂ ਅੱਖ ਮੀਟ ਕੇ ਲੰਘਦੇ ਬਣੀ ਕਾਇਰਤਾ ਕਿਰਦਾਰ
ਕੋਈ ਆਣ ਗਲਾਵਿਓਂ ਨੱਪਦਾ ਕੋਈ ਲੀੜੇ ਦਏ ਉਤਾਰ
ਸਿਰ ਸੁੱਟ ਕੇ ਸਹਿੰਦੇ ਜਾਂਵਦੇ ਸਭ ਵੱਡ ਬਣੇ ਸਿਰਦਾਰ
ਕੋਈ ਹੇਕਾਂ ਲਾ ਲੱਕ ਮਿਣਦਾ ਕਰ ਧੀਆਂ ਭੈਣ ਖੁਆਰ
ਇਉਂ ਝੂਮ ਕੇ ਉਸਨੂੰ ਗਾਂਵਦੇ ਜਿਵ ਚੁੰਨੀਆਂ ਦਾ ਜਾਰ
ਨਸਲਾਂ ਜੋ ਰਹੇ ਉਜਾੜਦੇ ਸਿਰ ਦੀ ਰੋਲਣ ਦਸਤਾਰ
ਮੁੜ੍ਹ ਅੱਗੇ ਜਾ ਕੇ ਨਿਂਵਦੇ ਕਿਹੜੀ ਪਈ ਵੱਗਦੀ ਮਾਰ
ਚੰਦ ਦਮੜੇ ਬਸ ਟਪਕਾਂਵਦੇ ਜਿਹਨਾਂ ਮੂੰਹਾਂ ਤੋਂ ਲਾਰ
ਹੱਥ ਦੇ ਉਨ੍ਹਾਂ ਦੇ ਬੇੜੀਆਂ ਕਿਉਂ ਡੁੱਬਦੇ ਵਿੱਚ ਮੰਝਾਰ
ਕਿਉਂ ਬੀ ਨੂੰ ਦਾਗ ਲਾਂਵਦੇ ਕਰ ਕੇ ਗਿੱਦੜਾਂ ਦੀ ਕਾਰ
ਕੰਵਲ ਉੱਠੋ ਜਾਗੋ ਸੁੱਤਿਓ ਅੱਜ ਅਣਖ ਰਹੀ ਵੰਗਾਰ