ਕਰਕੇ ਤਿਆਰ ਪੋਤਰੇ
ਦਾਦੀ ਪਈ ਏ ਪਿਆਰਦੀ।
ਚੁੰਮਦੀ ਏ ਮੱਥੇ
ਨਾਲ ਦਸਤਾਰਾਂ ਨੂੰ ਸੰਵਾਰਦੀ।
ਹੌਲੀ ਹੌਲੀ ਕਹਿੰਦੀ
ਬਚਿੱਓ! ਸੂਬੇ ਬੜਾ ਡਰਾਉਣਾ ਧਮਕਾਉਣਾ ਏ।
ਸਮਝ ਕੇ ਛੋਟੇ ਉਹਨੇ
ਅਗੇ ਅਸ਼ਰਫੀਆਂ ਦਾ ਢੇਰ ਵੀ ਲਾਉਣਾ ਏ।
ਵੇਖਿਓ ਜੇ ਲਾਲੋ
ਮੁੱਛ ਨੀਵੀਂ ਹੋਵੇ ਨਾ ਗੋਬਿੰਦ ਸਰਦਾਰ ਦੀ।
ਕਰਕੇ ਤਿਆਰ ਪੋਤਰੇ…
ਗੰਗੂ ਨੇ ਕਮਾਇਆ ਧਰੋਹ
ਹੀਰਿਆਂ ਦੇ ਪਿਛੇ ਲਾਲਚੀ ਸੀ ਹੋ ਗਿਆ।
ਕਸੂਰ ਨਹੀਂ ਉਹਦਾ ਕੋਈ
ਜ਼ਮੀਰ ਨਮਕ ਹਰਾਮੀ ਦਾ ਸੀ ਸੌ ਗਿਆ।
ਸੋਨੇ ਚਾਂਦੀ ਪਿੱਛੇ ਭੱਜਣਾ ਹੀ
ਰੀਤ ਬਣਗੀ ਏ ਕੁਲ ਸੰਸਾਰ ਦੀ।
ਕਰਕੇ ਤਿਆਰ ਪੋਤਰੇ…
ਵੇਖਿਓ ਜੇ ਬੱਚਿਓ!
ਪਾਪੀ ਸੂਬਾ ਮਾਰਨ ਦੀ ਧਮਕੀ ਵੀ ਦੇਵੇਗਾ।
ਦੀਨ ਤਿਆਗਣ ਖਾਤਰ
ਕਈ ਕਈ ਹੂਰਾਂ ਦੇ ਲਾਲਚ ਵੀ ਦੇਵੇਗਾ।
ਕਬੂਲ ਕੇ ਹੂਰਾਂ
ਤੁਸੀਂ ਰਾਹ ਛੱਡਿਓ ਨਾ ਕਰਤਾਰ ਦੀ।
ਕਰਕੇ ਤਿਆਰ ਪੋਤਰੇ…
ਸੁਣ ਲਵੋ ਗਲ ਤੁਸੀਂ
ਪੋਤਰੇ ਜੇ ਨੌਵੇਂ ਗੁਰੂ ਤੇਗ ਬਹਾਦਰ ਦੇ।
ਸਿਰ ਸੀ ਕਟਾਇਆ ਜਿਸ
ਨਾ ਹੀ ਝੁਕਿਆ ਸੀ ਅਗੇ ਉਹ ਜਾਬਰ ਦੇ।
ਤਾਹੀਉਂ ਹੈ ਲੋਕਾਈ
ਉਸ ਨੂੰ ਚਾਦਰ ਹਿੰਦ ਦੀ ਹੈ ਪੁਕਾਰਦੀ ।
ਕਰਕੇ ਤਿਆਰ ਪੋਤਰੇ…
ਸੁਣ ਗਲਾਂ ਦਾਦੀ ਦੀਆਂ
ਸਾਹਿਬਜ਼ਾਦੇ ਦੋਵੇਂ ਇੰਜ ਪਏ ਬੋਲਦੇ।
ਮੁਸਕਰਾਉਂਦੇ ਹੋਏ ਹੌਲੀ ਹੌਲੀ
ਬੱਚੇ ਦੋਵੇਂ ਬੁਲ੍ਹ ਫੁੱਲਾਂ ਜਿਹੇ ਖੋਲ੍ਹਦੇ।
ਮਰ ਕੇ ਵੀ ਅਸੀਂ
ਲਾਜ ਰਖਾਂਗੇ ਅਸੀਂ ਤੇਰੇ ਪਿਆਰ ਦੀ।
ਕਰਕੇ ਤਿਆਰ ਪੋਤਰੇ…
ਡਰਾਂਗੇ ਨਾ ਅਸੀਂ
ਸੂਬੇ ਨੂੰ ਖਰੀਆਂ ਖਰੀਆਂ ਸੁਣਾਵਾਂਗੇ।
ਬੱਚੇ ਹਾਂ ‘ਤੇ ਕੀ ਹੋਇਆ
ਮਾਂ ਜੀ ਅਸੀਂ ਬਿਲਕੁੱਲ ਵੀ ਨਾ ਘਬਰਾਵਾਂਗੇ।
ਮਰਜਾਂਗੇ ਅਸੀਂ ਦੋਵੇਂ
ਤੰਦ ਤੋੜਾਂਗੇ ਨਾ ਤੇਰੇ ਇਤਬਾਰ ਦੀ।
ਕਰਕੇ ਤਿਆਰ ਪੋਤਰੇ…
ਗਜਾ ਕੇ ਜੈ ਕਾਰਾ
ਦੋਵੇਂ ਰਵਾਨਾ ਕਚਹਿਰੀ ਵਲ ਹੋ ਗਏ
ਨਿੱਕੇ ਨਿੱਕੇ ਬਾਲ
ਦੋਵੇਂ ਬੁਰਜ ਦੀ ਧੁੰਦ ਵਿੱਚ ਖੋ ਗਏ।
ਠੰਡੇ ਬੁਰਜ ਦੀ ਧੁੰਦ ‘ਚ
ਦਾਦੀ ਰਹੀ ਦੋਹਾਂ ਨੂੰ ਨਿਹਾਰਦੀ।
ਕਰਕੇ ਤਿਆਰ ਪੋਤਰੇ…