ਨਵੀਂ ਦਿੱਲੀ- ਦਿੱਲੀ ਵਿੱਚ ਚਲਦੀ ਬੱਸ ਵਿੱਚ ਹੋਏ ਗੈਂਗ ਰੇਪ ਦੇ ਖਿਲਾਫ਼ ਪ੍ਰਦਰਸ਼ਨ ਦੇ ਦੌਰਾਨ ਕੀਤੀ ਗਈ ਵਿਖਾਵਾਕਾਰੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਵਿੱਚ ਜਖਮੀ ਹੋਏ ਦਿੱਲੀ ਪੁਲਿਸ ਦੇ ਸਿਪਾਹੀ ਸੁਭਾਸ਼ ਤੋਮਰ ਦੀ ਮੌਤ ਹੋ ਗਈ ਹੈ।ਉਹ ਐਤਵਾਰ ਤੋਂ ਹੀ ਰਾਮ ਮਨੋਹਰ ਹਸਪਤਾਲ ਵਿੱਚ ਭਰਤੀ ਸੀ।
ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਤੋਮਰ ਨੂੰ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਦੀ ਹਾਲਤ ਚਿੰਤਾਜਨਕ ਸੀ।ਸੱਟ ਜਿਆਦਾ ਲਗਣ ਕਰਕੇ ਉਸ ਨੂੰ ਕਾਰਡਿਅਕ ਪ੍ਰੋਬਲਮ ਹੋ ਗਈ ਸੀ। ਮੀਤ ਨਗਰ ਵਿੱਚ ਰਹਿਣ ਵਾਲੇ 46 ਸਾਲਾ ਸੁਭਾਸ਼ 1987 ਤੋਂ ਦਿੱਲੀ ਪੁਲਿਸ ਵਿੱਚ ਸਨ।ਸੁਭਾਸ਼ ਦੇ ਤਿੰਨ ਬੱਚੇ ਹਨ। ਵੱਡੀ ਬੇਟੀ ਜੋਤੀ ਬੀਐਡ ਕਰ ਰਹੀ ਹੈ, ਇੱਕ ਪੁੱਤਰ ਬੀਏ ਸੈਕੰਡ ਈਅਰ ਦਾ ਸਟੂਡੈਂਟ ਹੈ ਅਤੇ ਛੋਟਾ ਪੁੱਤਰ 12ਵੀਂ ਕਲਾਸ ਵਿੱਚ ਹੈ। ਪਰਿਵਾਰ ਵਿੱਚ ਸਿਰਫ਼ ਸੁਭਾਸ਼ ਹੀ ਕਮਾਉਣ ਵਾਲਾ ਸੀ ਅਤੇ ਪਤਨੀ ਅਤੇ ਬੱਚਿਆਂ ਤੋਂ ਇਲਾਵਾ ਬੁੱਢੇ ਮਾਂ-ਬਾਪ ਦੀ ਜਿੰਮੇਵਾਰੀ ਵੀ ਉਸ ਉਪਰ ਹੀ ਸੀ। ਸੁਭਾਸ਼ ਦੇ ਬੇਟੇ ਦਾ ਕਹਿਣਾ ਹੈ ਕਿ ਪਬਲਿਕ ਉਸ ਦੇ ਪਿਤਾ ਦੀ ਹੱਤਿਆ ਲਈ ਜਿੰਮੇਵਾਰ ਹੈ।ਵਿਖਾਵਾਕਾਰੀਆਂ ਦੀ ਭੀੜ੍ਹ ਨੇ ਹੀ ਮੇਰੇ ਪਿਤਾ ਨੂੰ ਬੁਰੀ ਤਰ੍ਹਾਂ ਮਾਰਿਆ ਸੀ।
ਸੁਭਾਸ਼ ਮੂਲ ਰੂਪ ਵਿੱਚ ਮੇਰਠ ਦਾ ਰਹਿਣ ਵਾਲਾ ਸੀ। ਦਿੱਲੀ ਪੁਲਿਸ ਨੇ ਉਸ ਦੀ ਮੌਤ ਤੇ ਅਫਸੋਸ ਜਾਹਿਰ ਕਰਦੇ ਹੋਏ ਸੱਭ ਪੁਲਿਸ ਮੁਲਾਜਮਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਸੁਭਾਸ਼ ਦੇ ਪਰਿਵਾਰ ਦੀ ਮੱਦਦ ਲਈ ਦੇਣ ਦਾ ਫੈਸਲਾ ਕੀਤਾ ਹੈ।