ਸਿੰਗਾਪੁਰ- ਦਿੱਲੀ ਗੈਂਗ ਰੇਪ ਦੀ ਸ਼ਿਕਾਰ 23 ਸਾਲਾ ਲੜਕੀ ਦੀ ਸ਼ਨਿਚਰਵਾਰ ਸਵੇਰ ਨੂੰ ਸਿੰਗਾਪੁਰ ਦੇ ਸੁਪਰ ਸਪੈਸ਼ਲਿਟੀ ਮਾਊਂਟ ਅਲੈਜਾਬਿਥ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਸ਼ਾਮ ਨੂੰ ਹੀ ਇਹ ਖਦਸ਼ਾ ਪ੍ਰਗਟਾਇਆ ਸੀ ਕਿ ਉਸ ਦੇ ਸਰੀਰ ਦੇ ਕੁਝ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ। ਉਸ ਨੂੰ ਜਿਆਦਾਤਰ ਵੈਂਟੀਲੇਟਰ ਤੇ ਹੀ ਰੱਖਿਆ ਗਿਆ ਸੀ। ਸਥਾਨਕ ਸਮੇਂ ਅਨੁਸਾਰ ਸ਼ਨਿਚਰਵਾਰ ਸਵੇਰੇ 4 ਵਜਕੇ 45 ਮਿੰਟ ਤੇ ਪੀੜਤ ਵਿਦਿਆਰਥਣ ਨੇ ਆਪਣੇ ਆਖਰੀ ਸਵਾਸ ਪੂਰੇ ਕੀਤੇ।
ਸਫਦਰਜੰਗ ਹਸਪਤਾਲ ਵਿੱਚ ਲੜਕੀ ਦੇ ਤਿੰਨ ਅਪਰੇਸ਼ਨ ਹੋਏ ਸਨ। ਸਿੰਗਾਪੁਰ ਦੇ ਹਸਪਤਾਲ ਵਿੱਚ ਸ਼ੁਕਰਵਾਰ ਨੂੰ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਵਿੱਚ ਕਿਹਾ ਸੀ ਕਿ ਲੜਕੀ ਦੇ ਸਿਰ ਵਿੱਚ ਗੰਭੀਰ ਜਖਮ ਹਨ, ਫੇਫੜਿਆਂ ਅਤੇ ਪੇਟ ਵਿੱਚ ਇਨਫੈਕਸ਼ਨ ਹੈ ਅਤੇ ਉਹ ਬਹੁਤ ਗੰਭੀਰ ਸਥਿਤੀ ਵਿੱਚ ਹੈ। ਆਖਰੀ ਸਮੇਂ ਪਰੀਵਾਰ ਦੇ ਮੈਂਬਰ ਅਤੇ ਸਿੰਗਾਪੁਰ ਵਿੱਚ ਭਾਰਤੀ ਅੰਬੈਸੀ ਦੇ ਲੋਕ ਉਥੇ ਮੌਜੂਦ ਸਨ। ਉਸ ਦੀ ਡੈਡਬਾਡੀ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੀੜਤ ਵਿਦਿਆਰਥਣ ਦੀ ਮੌਤ ਨਾਲ ਪੂਰੇ ਕੇਸ ਵਿੱਚ ਮੋੜ ਆ ਗਿਆ ਹੈ। ਹੁਣ ਆਰੋਪੀਆਂ ਤੇ ਹੱਤਿਆ ਦਾ ਕੇਸ ਚਲੇਗਾ ਅਤੇ ਜਿਆਦਾਤਰ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲ ਸਕਦੀ ਹੈ। ਦਿੱਲੀ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਮਜਬੂਤ ਕਰ ਦਿੱਤੇ ਗਏ ਹਨ। ਸੁਰੱਖਿਆ ਦਸਤਿਆਂ ਨੂੰ ਵੱਖ-ਵੱਖ ਜਗ੍ਹਾ ਤੇ ਤੈਨਾਤ ਕਰ ਦਿੱਤਾ ਗਿਆ ਹੈ।