ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,
ਇਕ ਹੋਰ ਸਾਲ ਬੀਤ ਗਿਆ।
ਕੁਝ ਲਈ ਕਰ ਗਿਆ ਬੰਦ ਰਾਹਾਂ,
ਕੁਝ ਲਈ ਨਵੀਆਂ ਉਲੀਕ ਗਿਆ।
ਗਲਤੀਆਂ ਕੀਤੀਆਂ ਕੁਝ ਅਸੀਂ,
ਕੁਝ ਸਿਆਣਪਾਂ ਵੀ ਕੀਤੀਆਂ ਹੋਣੀਆਂ ਨੇ।
ਦਿਲ ਦੁਖਾਕੇ ਆਪਣਿਆਂ ਪਰਾਇਆਂ ਦਾ,
ਫਿਰ ਬੋਤਲਾਂ ਵੀ ਪੀਤੀਆਂ ਹੋਣੀਆਂ ਨੇ।
ਕਿਸੇ ਮਨਾਈਆਂ ਹੋਣੀਆਂ ਨੇ ਖੁਸ਼ੀਆਂ,
ਕਿਸੇ ਦਾ ਹੋਣਾ ਵਿਛੜ ਮੀਤ ਗਿਆ।
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,
ਇਕ ਹੋਰ ਸਾਲ…।
ਫਿਰ ਵੀ ਸੋਚ ਸੋਚ ਬੀਤੇ ਬਾਰੇ,
ਸਾਥੀਓ! ਕੁਝ ਫਾਇਦਾ ਨਹੀਂ ਜੇ ਹੋਣਾ।
ਰਾਹਾਂ ਉਲੀਕੀਏ ਨਵੀਆਂ ਨਵੇਂ ਸਾਲ ‘ਚ,
ਰੋਂਦਿਆਂ ਦੇ ਅਥਰੂ ਪੂੰਝਣ ਕਿਸੇ ਨਾ ਆਉਣਾ।
ਠੰਡ ਮੰਗਦੇ ਸਾਂ ਜਦ ਲਗਦੀ ਸੀ ਗਰਮੀ,
ਮੰਗਦਿਆਂ ਗਰਮੀ ਅੱਧਾ ਪਾਲਾ ਬੀਤ ਗਿਆ।
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,
ਇਕ ਹੋਰ ਸਾਲ…।
ਕੁਝ ਕਰੀਏ ਵਾਅਦੇ ਨਾਲ ਆਪਣੇ,
ਕਿਸੇ ਨਾਲ ਮਿੱਤਰ ਮਾਰ ਨਾ ਕਰਾਂਗੇ।
ਹੋਵੇ ਭਾਵੇਂ ਕੋਈ ਵੀ ਸ਼ਖ਼ਸ ਯਾਰੋ!
ਉਹਦੀ ਝੂਠੀ ਹਾਮੀ ਨਾ ਭਰਾਂਗੇ।
ਕੀ ਹੋਵੇਗਾ ਜੇਕਰ ਦਗਾਬਾਜ਼ ਕੋਈ,
ਤੋੜ ਸਾਥੋਂ ਆਪਣੀ ਹੈ ਪ੍ਰੀਤ ਗਿਆ।
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,
ਇਕ ਹੋਰ ਸਾਲ …।
ਨਵੇਂ ਸਾਲ ਅੰਦਰ ਸੋਚੀਏ ਰਲ ਸਾਰੇ
ਸਮਾਜ ਕਿੰਝ ਬਣਾ ਸਕਦੇ ਹਾਂ ਖੁਸ਼ਹਾਲ।
ਕਿਤੇ ਦੁਸ਼ਮਣੀਆਂ ਪਾਲਦਿਆਂ ਹੀ ਨਾ,
ਪਿਛਲੇ ਵਾਂਗੂੰ ਨਿਕਲ ਜਾਵੇ ਇਹ ਸਾਲ।
ਫਿਰ ਸੋਚਦੇ ਰਹਾਂਗੇ ਪੱਤੇ ਭਾਰੇ ਸਨ ਕੋਲ ਮੇਰੇ,
ਕਿਵੇਂ ਦੁੱਕੀ ਨਾਲ ਹੀ ਲਾ ਉਹ ਸੀਪ ਗਿਆ?
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,
ਇਕ ਹੋਰ ਸਾਲ …।
ਮਰ ਰਹੀਆਂ ਨੇ ਕੁੱਖ ‘ਚ ਧੀਆਂ ਕੁਝ,
ਮੇਰੇ ਦੇਸ਼ ਭਾਰਤ ਮਹਾਨ ਦੀਆਂ।
ਇੱਜ਼ਤਾਂ ਲੁਟਵਾ ਕੁਝ ਰੋਂਦੀਆਂ,
ਸ਼ਿਕਾਰ ਹੋ ਰਹੀਆਂ ਨੇ ਸ਼ੈਤਾਨ ਦੀਆਂ।
ਸੁੱਤਿਆਂ ਕਦੀ ਕ੍ਰਾਂਤੀਆਂ ਨਹੀਂ ਆਈਆਂ,
ਆਈਆਂ ਨੇ ਜਦ ਸੂਰਮਾ ਲਿਖ ਤਾਰੀਖ ਗਿਆ।
ਦੋਸਤੋ! ਮਿੱਤਰੋ! ਭਰਾਵੋ!ਜ਼ਿੰਦਗ਼ੀ ਦਾ,
ਇਕ ਹੋਰ ਸਾਲ …।
ਲੀਡਰਾਂ ਨੇ ਕਰ ਵਾਅਦੇ ਗਰੀਬਾਂ ਨੂੰ,
ਸਦਾ ਕੁਰਸੀਆਂ ਹੀ ਮੰਗੀਆਂ ਨੇ।
ਭਰ ਲਏ ਘਰ ਆਪਣੇ ਲੋਟੂਆਂ,
ਗਰੀਬ ਦੀਆਂ ਨਾ ਹੋਈਆਂ ਦੂਰ ਤੰਗੀਆਂ ਨੇ।
ਛੇ ਦਹਾਕਿਆਂ ਤੋਂ ਸੀ ਪੱਕੇ ਘਰ ਦੀ ਆਸ,
ਹੁਣ ਫਿਰ ਝੋਂਪੜੀ ‘ਚੋਂ ਪਾਣੀ ਕਰ ਲੀਕ ਗਿਆ।
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,
ਇਕ ਹੋਰ ਸਾਲ ਬੀਤ ਗਿਆ।
ਇਕ ਹੋਰ ਸਾਲ ਬੀਤ ਗਿਆ।