ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੰਗਤਾਂ ਦੀ ਮੰਗ ਅਨੁਸਾਰ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਜਿੱਥੇ 10 ਲੱਖ ਦੁਸ਼ਮਣ ਫੌਜ ਦਾ ਟਾਕਰਾ ਕਰਦੇ ਹੋਏ ਕੇਵਲ 40 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਹਿਨੁਮਾਈ ਹੇਠ ਜੰਗ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਉਸ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਦੁਸ਼ਮਨਾਂ ਨੂੰ ਮਾਤ ਦੇਂਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ, ਉਸ ਗੜ੍ਹੀ ਨੂੰ ਦੁਬਾਰਾ ਉਸੇ ਰੂਪ ‘ਚ ਸੁਰਜੀਤ ਕੀਤਾ ਜਾਵੇਗਾ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਸਰਹਿੰਦ ਵਿਖੇ ਗੁਰੂ ਸਾਹਿਬ ਦੇ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੇ ਵਿਲੱਖਣ ਸ਼ਹਾਦਤਾਂ ਦਿੱਤੀਆਂ ਸਨ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ‘ਚ ਕੈਦ ਕੀਤਾ ਗਿਆ ਸੀ। ਉਸ ਸਮੇਂ ਵਰਗਾ ਠੰਡਾ ਬੁਰਜ ਸਥਾਪਿਤ ਕਰਨ ਲਈ 4 ਮੈਂਬਰੀ ਸਬ-ਕਮੇਟੀ ਬਣਾਈ ਗਈ ਹੈ। ਜਿਸ ਵਿੱਚ ਉੱਘੇ ਇਤਿਹਾਸਕਾਰ ਪ੍ਰੋਫੈਸਰ ਡਾਕਟਰ ਕ੍ਰਿਪਾਲ ਸਿੰਘ ਚੰਡੀਗੜ੍ਹ, ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਪ੍ਰਿੰਥੀਪਾਲ ਸਿੰਘ ਕਪੂਰ ਸਾਬਕਾ ਉਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਇਤਿਹਾਸਕਾਰ ਡਾਕਟਰ ਜੇ.ਐਸ. ਗਰੇਵਾਲ ਕਮੇਟੀ ਦੇ ਮੈਂਬਰ ਹੋਣਗੇ। ਸ.ਰੂਪ ਸਿੰਘ ਸਕੱਤਰ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ। ਸਬ-ਕਮੇਟੀ ਦੀ ਰੀਪੋਰਟ ਆਉਣ ਤੇ ਜਲਦੀ ਹੀ ਅਗਲੇਰੀ ਕਾਰਵਾਈ ਸ਼ੁਰੂ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਗੁਰੂ-ਕਾ-ਬਾਗ ਵਿਖੇ ਪੁਰਾਤਨ ਇਤਿਹਾਸਕ ਬਾਗ ਸੁਰਜੀਤ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਬੂਟੇ ਲੱਗਣੇ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਵਿਖੇ ਵੀ ਪੁਰਾਤਨ ਗੁਰੂ-ਕਾਲ ਦੇ ਸਮੇਂ ਵਰਗਾ ਜੰਗਲ ਉਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੂੰਗੇ, ਬੋਲੇ ਬੱਚਿਆਂ ਲਈ ਗੁਰਦੁਆਰਾ ਆਲਮਗੀਰ ਲੁਧਿਆਣਾ ਵਿਖੇ ਵਧੀਆ ਸਕੂਲ ਖੋਲਿਆ ਜਾਵੇਗਾ ਜੋ ਇੱਕ ਸਾਲ ਦੇ ਅੰਦਰ-ਅੰਦਰ ਤਿਆਰ ਹੋ ਜਾਵੇਗਾ। ਦਫਤਰ ਸ਼੍ਰੋਮਣੀ ਕਮੇਟੀ ਪੁੱਜਣ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਬਾਬਾ ਦਯਾ ਸਿੰਘ ਜੀ ਸੁਰਸਿੰਘ ਤਰਨਾ ਦਲ ਬਿਧੀ ਚੰਦ ਸੰਪਰਦਾ ਵਾਲਿਆਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਡੇਰੇ ਸੁਰਸਿੰਘ ਵਿਖੇ ਗਏ। ਬਾਬਾ ਦਯਾ ਸਿੰਘ ਜੋ ਡਾਕਟਰਾਂ ਦੇ ਜ਼ੇਰੇ ਇਲਾਜ ਨੂੰ ਅੱਜ ਦਿੱਲੀ ਵਿਖੇ ਲਜਾਇਆ ਗਿਆ ਹੈ। ਜਥੇਦਾਰ ਅਵਤਾਰ ਸਿੰਘ ਨੇ ਬਾਬਾ ਦਯਾ ਸਿੰਘ ਜੀ ਦੀ ਜਲਦ ਸੇਹਤਯਾਬੀ ਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਹਰ ਸੇਵਾ ਲਈ ਅਸੀਂ ਬਾਬਾ ਜੀ ਦੇ ਨਾਲ ਹਾਂ। ਇਸ ਮੌਕੇ ਉਨ੍ਹਾਂ ਦੇ ਨਾਲ ਸ.ਦਿਲਜੀਤ ਸਿੰਘ ਬੇਦੀ ਤੇ ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਬਾਬਾ ਨਾਹਰ ਸਿੰਘ ਸਾਧ ਜੀ, ਬਾਬਾ ਸਰੂਪ ਸਿੰਘ, ਅਤੇ ਸ.ਪਰਮਜੀਤ ਸਿੰਘ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜੁਆਬ ਦੇਂਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਚੋਣਾਂ ਦਾ ਏਜੰਡਾ ਤਾਂ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਸਿੰਘ ਬਾਦਲ ਹੀ ਰਲੀਜ਼ ਕਰਨਗੇ। ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਕਮੇਟੀ ਤੇ ਕਾਬਜ ਰਹਿੰਦਿਆਂ ਗੁਰੂ ਘਰ ਦੀ ਜਮੀਨ ਜਾਇਦਾਦ ਅਤੇ ਗੁਰਦੁਆਰਾ ਬਾਲਾ ਸਾਹਿਬ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਦਾਲਤੀ ਦਖਲ ਕਾਰਨ ਇਹ ਸਭ ਕੁਝ ਬਚਾ ਲਿਆ ਗਿਆ। ਉਨ੍ਹਾਂ ਕਿਹਾ ਕਿ ਸਰਨਾਂ ਭਰਾਵਾਂ ਵੱਲੋਂ ਸੀਨੀਅਰ ਮੈਂਬਰਾਂ ਨੂੰ ਮੀਟਿੰਗ ‘ਚ ਬੁਲਾ ਕੇ ਆਪਣੇ ਗੁੰਡਿਆਂ ਰਾਹੀਂ ਡਾਗਾਂ ਨਾਲ ਕੁੱਟਣਾ ਕਿਧਰ ਦਾ ਪ੍ਰਬੰਧ ਹੈ। ਸਕੂਲਾਂ/ਕਾਲਜਾਂ ‘ਚ ਵੀ ਬਹੁਤ ਤਰਸ-ਯੋਗ ਹਾਲਤ ਹੈ।
ਉਨ੍ਹਾਂ ਕਿਹਾ ਕਿ ਸਰਨਾਂ ਭਰਾਵਾਂ ਦੀਆਂ ਸਿੱਖ ਭਾਵਨਾਵਾਂ ਦੇ ਉਲਟ ਕਾਰਵਾਈਆਂ ਦਾ ਚੋਣਾਂ ‘ਚ ਦਿੱਲੀ ਨਿਵਾਸੀ ਵੋਟ ਪਰਚੀ ਰਾਹੀਂ ਜੁਆਬ ਦੇਣਗੇ, ਇਸ ਵਾਰ ਸਰਨਾ ਭਰਾਵਾਂ ਦੀ ਹਾਰ ਅਵੱਛ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਫ-ਸੁਥਰਾ ਤੇ ਗੁਰਮਤਿ ਜੁਗਤ ਅਨੁਸਾਰ ਪਾਰਦਰਸ਼ੀ ਸੰਗਤੀ ਪ੍ਰਬੰਧ ਦਿੱਲੀ ਕਮੇਟੀ ‘ਚ ਕਾਇਮ ਕਰਾਂਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਿੱਲੀ ਦੀਆਂ ਸੰਗਤਾਂ ਦੇ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਧਾਲੂ ਨਾਲ ਭੇਦ-ਭਾਵ ਨਹੀ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਵੱਧਦੀ ਆਮਦ ਨੂੰ ਮੁੱਖ ਰੱਖਦਿਆਂ ਹੋਰ ਸਰਾਂਵਾਂ ਦੀ ਉਸਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਯਾਤਰੂਆਂ ਦੇ ਨਾਮਪੁਰ ਜੋ ਸਰਾਂ ਬਣਾਈ ਗਈ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਹੁਤ ਦੂਰ ਹੈ। ਕੋਈ ਵੀ ਯਾਤਰੂ ਉਥੇ ਨਹੀ ਠਹਿਰਦਾ, ਉਥੇ ਕੇਵਲ ਵਪਾਰੀ ਵਰਗ ਨੂੰ ਹੀ ਸਹੂਲਤ ਹੈ ਯਾਤਰੂ ਕੇਵਲ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਹੀ ਰਹਿਣਾ ਪਸੰਦ ਕਰਦੇ ਹਨ।
ਇਸ ਮੌਕੇ ਸ.ਦਲਮੇਘ ਸਿੰਘ ਖੱਟੜਾ, ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਤੇ ਸ.ਮਹਿੰਦਰ ਸਿੰਘ ਆਹਲੀ ਐਡੀ:ਸਕੱਤਰ, ਸ.ਹਰਭਜਨ ਸਿੰਘ ਮਨਾਵਾਂ, ਸ.ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ.ਬਿਜੈ ਸਿੰਘ, ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਹਰਬੰਸ ਸਿੰਘ ਮੱਲੀ ਮੈਨੇਜਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਗੁਰਿੰਦਰ ਸਿੰਘ ਐਡੀ:ਮੈਨੇਜਰ ਆਦਿ ਮੌਜੂਦ ਸਨ।