ਇਸਲਾਮਾਬਾਦ- ਪਾਕਿਸਤਾਨ ਵਿੱਚ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਸੈਨਾ ਦੀ ਨਿਗਰਾਨੀ ਵਿੱਚ ਹੋ ਸਕਦੀਆਂ ਹਨ। ਮੁੱਖ ਚੋਣ ਕਮਿਸ਼ਨਰ ਫਖਰੂਦੀਨ ਇਬਰਾਹਿਮ ਨੇ ਬੁੱਧਵਾਰ ਨੂੰ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਚੋਣਾਂ ਸੈਨਾ ਦੀ ਨਿਗਰਾਨੀ ਹੇਠ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। ਹਾਲਾਤ ਦਾ ਜਾਇਜਾ ਲੈਣ ਲਈ ਫਖਰੂਦੀਨ ਦੀ ਅਗਵਾਈ ਵਿੱਚ ਸੰਘੀ ਅਤੇ ਰਾਜ ਸਰਕਾਰਾਂ ਦੇ ਉਚ ਅਧਿਕਾਰੀਆਂ ਦੀ ਇੱਕ ਬੈਠਕ ਹੋਈ।
ਚੋਣ ਕਮਿਸ਼ਨਰ ਨੇ ਕਿਹਾ ਕਿ ਪੋਲਿੰਗ ਸਟੇਸ਼ਨਾਂ ਤੇ ਹੱਥਿਆਰਬੰਦ ਜਵਾਨ ਤੈਨਾਤ ਕੀਤੇ ਜਾਣੇ ਚਾਹੀਦੇ ਹਨ।ਪਾਕਿਸਤਾਨ ਵਿੱਚ ਇਸ ਸਾਲ ਅਪਰੈਲ ਜਾਂ ਮਈ ਵਿੱਚ ਆਮ ਚੋਣਾਂ ਹੋ ਸਕਦੀਆਂ ਹਨ। ਫਖਰੂਦੀਨ ਦਾ ਕਹਿਣਾ ਹੈ ਕਿ ਚੋਣਾਂ ਸੁਤੰਤਰ ਅਤੇ ਨਿਰਪੱਖ ਹੋਣੀਆਂ ਚਾਹੀਦੀਆਂ ਹਨ। ਸੱਭ ਤੋਂ ਵੱਡੀ ਸਮੱਸਿਆ ਕਾਨੂੰਨ-ਵਿਵਸਥਾ ਬਣਾਏ ਰੱਖਣ ਦੀ ਹੈ।ਉਨ੍ਹਾਂ ਨੇ ਕਿਹਾ ਕਿ ਜਨਰਲ ਕਿਆਨੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਚੋਣਾਂ ਦੌਰਾਨ ਪੂਰਾ ਸਹਿਯੋਗ ਦਿੱਤਾ ਜਾਵੇਗਾ।ਚੋਣ ਕਮਿਸ਼ਨ ਸਾਰੀਆਂ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਸੁਰੱਖਿਆ ਯੋਜਨਾ ਤਿਆਰ ਕਰੇਗਾ। ਉਨ੍ਹਾਂ ਨੇ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਸੁਰੱਖਿਆ ਏਜੰਸੀਆਂ ਤੋਂ ਸੁਝਾਅ ਮੰਗੇ ਹਨ।