ਜਦੋਂ ਮੈਨੂੰ ਹੋਸ਼ ਆਈ, ਨਰਸ ਦੇ ਇਹ ਬੋਲ ਮੇਰੇ ਕੰਨੀਂੰ ਪਏ, “ਮਾਤਾ ਜੀ, ਆਪਣਾ ਨਾਂ ਪਤਾ ਦੱਸੋ, ਤੁਹਾਡੇ ਘਰੇ ਇਤਲਾਹ ਦੇਣੀ ਹੈ।”
ਮੇਰੀ ਜੁਬਾਨ ਨੂੰ ਤਾਂ ਜਿਵੇਂ ਤਾਲਾ ਜੜਿਆ ਗਿਆ ਹੋਵੇ। ਮੇਰੇ ਕੋਲ ਘਰ ਨਾਂ ਦੀ ਕੋਈ ਸ਼ੈ ਹੈ ਹੀ ਨਹੀਂ ਸੀ। ਆਪਣੇ ਕਹਿਣ ਨੂੰ ਮੇਰੇ ਕੋਲ ਸੀ ਕੌਣ? ਮੈਂ ਕਿਸ ਦਾ ਪਤਾ ਦੇਵਾਂ? ਮੇਰੀ ਬੀਤੀ ਜਿੰਦਗੀ ਫਿਲਮ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਪਈ।
ਮੈਂ ਪੜ੍ਹ ਲਿਖ ਕੇ ਲੈਕਚਰਾਰ ਲੱਗ ਗਈ ਸਾਂ। ਘਰ ਦੇ ਹਾਲਾਤ ਵੇਖਦਿਆਂ ਵਿਆਹ ਨਾ ਕਰਾਉਣ ਦਾ ਫੈਸਲਾ ਮੇਰਾ ਹੀ ਸੀ। ਮੈਂ ਆਪਣੇ ਛੋਟੇ ਵੀਰ ਨੂੰ ਪੁੱਤਰ ਮੰਨ ਲਿਆ ਅਤੇ ਉਸਦੀ ਜਿੰਦਗੀ ਸੁਆਰਨ ਲਈ ਮਾਪਿਆਂ ਨੂੰ ਸਹਾਰਾ ਦੇਣਾ ਹੀ ਉਚਿਤ ਸਮਝਿਆ। ਮੈਂ ਆਪਣੇ ਆਪ ਨੂੰ ਧੀ ਨਹੀਂ, ਸਗੋਂ ਪੁੱਤਰ ਦਾ ਦਰਜਾ ਦਿੰਦੀ ਸਾਂ। ਸਮੇਂ ਦੀ ਚਾਲ ਦੇ ਨਾਲ ਮੇਰੇ ਬੀਜੀ ਤੇ ਬਾਊਜੀ ਮੇਰਾ ਸਾਥ ਛੱਡ ਪਰਮਾਤਮਾ ਨੂੰ ਪਿਆਰੇ ਹੋ ਗਏ। ਮੈਂ ਉਹਨਾਂ ਦੀ ਜਿੰਮੇਦਾਰੀ ਨੂੰ ਆਪਣੇ ਮੋਢਿਆਂ ਉੱਤੇ ਲੈਂਦਿਆਂ ਆਪਣੇ ਛੋਟੇ ਵੀਰ ਨੂੰ ਇੰਜੀਨੀਅਰ ਬਨਾਇਆ ਅਤੇ ਚੰਗਾ ਜਿਹਾ ਘਰ ਵੇਖ ਕੇ ਉਸਦਾ ਵਿਆਹ ਕਰ ਦਿੱਤਾ।
ਵਾਹਿਗੁਰੂ ਨੇ ਮੇਰੀਆਂ ਖੁਸ਼ੀਆਂ ਵਿੱਚ ਵਾਧਾ ਕੀਤਾ ਅਤੇ ਮੇਰਾ ਨਿੱਕਾ ਵੀਰ ਸੋਹਣੇ-ਸੋਹਣੇ ਦੋ ਬੱਚਿਆਂ ਦਾ ਪਿਤਾ ਬਣ ਗਿਆ। ਜਦੋਂ ਉਸ ਦੇ ਬੱਚੇ ਮੈਨੂੰ ‘ਬੜੇ ਮੰਮੀ’ ‘ਬੜੇ ਮੰਮੀ’ ਕਹਿਕੇ ਪੁਕਾਰਦੇ ਤਾਂ ਅਸੀਮ ਖੁਸ਼ੀ ਪ੍ਰਤੀਤ ਹੁੰਦੀ। ਇਕੱਲੇਪਨ ਦਾ ਕਦੇ ਅਹਿਸਾਸ ਹੀ ਨਹੀਂ ਹੋਇਆ।
ਦਿਨ ਕਿੱਦਾਂ ਬੀਤ ਗਏ, ਪਤਾ ਹੀ ਨਹੀਂ ਲੱਗਿਆ। ਮੈਂ ਵੀਰ ਦੇ ਬੱਚਿਆਂ ਵਿੱਚ ਰੁੱਝ ਗਈ। ਉਹਨਾਂ ਦੇ ਨਾਂ ਰੱਖਣ ਤੋਂ ਲੈਕੇ ਸਕੂਲ ਦੀ ਚੋਣ ਤੱਕ ਮੈਂ ਕੀਤੀ। ਸਕੂਲ ਟੀਚਰ ਨੂੰ ਮਿਲਣ ਜਾਣਾ ਤਾਂ ਮੈਂ, ਕਪੜੇ ਖਰੀਦ ਕੇ ਲਿਆਉਣੇ ਤਾਂ ਮੈਂ। ਕਦੀ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਮੈਂ ਉਹਨਾਂ ਦੀ ਮਾਂ ਨਹੀਂ, ਭੂਆ ਸੀ, ਉਹਨਾਂ ਦੇ ਪਿਉ ਦੀ ਭੈਣ। ਸਕੂਲਾਂ ਦੀਆਂ ਫੀਸਾਂ, ਕਾਲਜਾਂ ਦੇ ਦਾਖਲੇ, ਕੋਰਸਾਂ ਤੱਕ ਮੈਂ ਆਪਣੇ ਭਰਾ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਹ ਸਭ ਕਿਸ ਦੀ ਜਿੰਮੇਵਾਰੀ ਸੀ। ਪਰ ਵੇਲਾ ਇੱਦਾਂ ਬਦਲ ਜਾਵੇਗਾ, ਮੈਂ ਸੋਚਿਆ ਹੀ ਨਹੀਂ ਸੀ। ਇਕ ਦਿਨ ਅਚਾਨਕ ਮੇਰੇ ਸੀਨੇ ਵਿੱਚ ਦਰਦ ਉੱਠਿਆ। ਮੈਨੂੰ ਡਾਕਟਰ ਪਾਸ ਲਿਜਾਇਆ ਗਿਆ। ਡਾਕਟਰੀ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਮੇਰੇ ਦਿਲ ਦੇ ਵਾਲ ਵਿੱਚ ਨੁਕਸ ਪੈ ਗਿਆ ਹੈ। ਇਸ ਲਈ ਦਿੱਲੀ ਜਾ ਕੇ ਇਲਾਜ ਕਰਾਉਣਾ ਪਵੇਗਾ। ਭੱਣ, ਇਹ ਸੁਣਦੀਆਂ ਜਿਵੇਂ ਮੇਰੇ ਭਰਾ-ਭਰਜਾਈ ਨੂੰ ਦੌਰਾ ਪੈ ਗਿਆ ਹੋਵੇ। ਡਾਕਟਰ ਨੇ ਢਾਈ ਕੁ ਲੱਖ ਦਾ ਖਰਚਾ ਦੱਸਿਆ, ਪਰ ਮੇਰੇ ਕੋਲ ਤਾਂ ਜਮ੍ਹਾਂ ਰਾਸ਼ੀ ਦੇ ਨਾਂ ਤੇ ਬੱਸ ਮੇਰਾ ਪਰਿਵਾਰ ਹੀ ਸੀ।
ਮੇਰੇ ਵੀਰ ਨੇ ਮੇਰੇ ਨਾਲ ਦਿਲ ਸਾਂਝਿਆਂ ਕਰਦਿਆਂ ਕਿਹਾ, “ਭੈਣ ਜੀ, ਇਸ ਸਾਲ ਚੰਡੀਗੜ੍ਹ ਕੋਠੀ ਲੈਣ ‘ਚ ਮੇਰੇ ਸਾਰੇ ਪੈਸੇ ਖਰਚ ਹੋ ਗਏ ਹਨ। ਕਿਉਂ ਨਾ ਆਪਾਂ ਤੁਹਾਡੇ ਪ੍ਰੌਵੀਡੈਂਟ ਫੰਡ ਵਿੱਚੋਂ ਲੋਨ ਲਈ ਅਰਜੀ ਦੇ ਦੇਈਏ?”
ਮੇਰੇ ਕੋਲ ਉਸਦੀ ਜਿੰਮੇਵਾਰੀ ਨਿਭਾਉਣ ਤੋਂ ਬਾਅਦ ਬੱਚਿਆ ਹੀ ਕੀ ਸੀ? ਮੇਰੇ ਖਾਤੇ ਵਿੱਚ ਸਨ ਬਸ ਕੁੱਲ ਮਿਲਾ ਕੇ ਪੰਦਰਾਂ ਕੁ ਸੌ ਰੁਪਏ। ਮੈਂ ਉਸਨੂੰ ‘ਚੰਗਾ’ ਕਹਿ ਕੇ ਟਾਲ ਦਿੱਤਾ।
ਚਾਰ ਕੁ ਦਿਨਾਂ ਪਿੱਛੋਂ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।
ਮੇਰੀ ਬੀਮਾਰੀ ਦੀ ਗੱਲ ਤਾਂ ਜਿਵੇਂ ਸੁਫਨਾ ਜਿਹਾ ਹੀ ਹੋ ਗਈ। ਲੱਗਦਾ ਹੀ ਨਹੀਂ ਸੀ ਕਿ ਡਾਕਟਰ ਨੇ ਕਿਸੇ ਨੂੰ ਕਿਹਾ ਹੋਵੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਲਾਜ ਲਈ ਦਿੱਲੀ ਲੈ ਜਾਵੋ। ਮੇਰੀ ਤਕਲੀਫ ਵਧਦੀ ਜਾ ਰਹੀ ਸੀ। ਹੁਣ ਤਾਂ ਵੀਰ ਦੀ ਸ਼ਕਲ ਨੂੰ ਵੇਖਿਆਂ ਪੂਰਾ ਹਫਤਾ ਬੀਤ ਗਿਆ ਸੀ। ਮੇਰਾ ਖਾਣਾ ਮੇਰੇ ਕਮਰੇ ਵਿੱਚ ਨੌਕਰ ਦੇ ਜਾਂਦਾ। ਮੈਂ ਬਿਸਤਰੇ ਉੱਤੇ ਪਈ ਕੰਧਾਂ ਵੱਲ ਝਾਕਦੀ ਰਹਿੰਦੀ। ਇਕਲਾਪੇ ਤੋਂ ਉਕਤਾ ਕੇ ਮੈਂ ਕਦੋਂ ਕਮਰੇ ਵਿੱਚੋਂ ਬਾਹਰ ਨਿੱਕਲ ਤੁਰੀ, ਮੈਨੂੰ ਕੁਝ ਪਤਾ ਨਹੀਂ ਲੱਗਿਆ। ਮੈਨੂੰ ਤਾਂ ਇਹ ਪਤਾ ਨਹੀਂ ਲੱਗਿਆ ਕਿੱਥੇ ਅਤੇ ਕਿਵੇਂ ਬੇਹੋਸ਼ ਹੋ ਕੇ ਡਿੱਗ ਪਈ ਅਤੇ ਮੈਨੂੰ ਹਸਪਤਾਲ ਕਿਸ ਨੇ ਪਹੁੰਚਾਇਆ।
ਨਰਸ ਨੇ ਫਿਰ ਉੱਚੀ ਆਵਾਜ ਵਿੱਚ ਪੁੱਛਿਆ, “ਮਾਤਾ ਜੀ, ਆਪਣੇ ਘਰ ਦਾ ਪਤਾ ਦੱਸੋ।”
ਮੇਰਾ ਕੋਈ ਘਰ ਹੁੰਦਾ ਤਾਂ ਮੈਂ ਨਰਸ ਨੂੰ ਦੱਸਦੀ।