ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਿਕ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਵੱਧਦੇ ਪਤਿਤਪੁਣੇ ਨੂੰ ਠੱਲ ਪਾਉਣ ਤੇ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਨਾਲ ਜੋੜਨ ਦੇ ਆਸ਼ੇ ਅਨੁਸਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੋਹਲ ਜਿਲ੍ਹਾ ਤਰਨ-ਤਾਰਨ ਵਿਖੇ ਬੀਤੇ ਦਿਨੀ ਗੁਰਬਾਣੀ ਕੰਠ ਤੇ ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ 10+2 ਕਲਾਸ ਤੱਕ ਦੇ ਤਕਰੀਬਨ 212 ਸਕੂਲੀ ਬੱਚੇ-ਬੱਚੀਆਂ ਨੇ ਭਾਗ ਲਿਆ।
ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਭਾਈ ਸੁਰਜੀਤ ਸਿੰਘ ਸਭਰਾ ਤੇ ਭਾਈ ਸੁਖਦੇਵ ਸਿੰਘ ਪ੍ਰਚਾਰਕਾਂ ਦੀ ਨਿਗਰਾਨੀ ਹੇਠ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ‘ਚ ਬੱਚਿਆਂ ਦੀ ਕਾਰਜ ਕੁਸ਼ਲਤਾ ਨੂੰ ਨਿਖਾਰਨ ਤੇ ਗੁਰਸਿੱਖੀ ਪ੍ਰਤੀ ਹੋਰ ਜਾਗਰੂਕਤਾ ਵਾਲਾ ਕਦਮ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਤੇ ਬਾਬਾ ਨਿਰਮਲ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਪਿੰਡਾਂ ਤੱਕ ਪਹੁੰਚ ਕਰਕੇ ਵੱਧਦੇ ਪਤਿਤਪੁਣੇ ਨੂੰ ਠੱਲ ਪਾਉਣ ਤੇ ਨਸ਼ਾਖੋਰੀ ਨੂੰ ਖਤਮ ਕਰਨ ਦਾ ਵੱਡਾ ਉਦਮ-ਉਪਰਾਲਾ ਹੈ। ਇਸ ਉਪਰਾਲੇ ਦੀ ਸਹਾਰਨਾ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਅਜਿਹੇ ਕੈਂਪ ਲੱਗਣ ਨਾਲ ਲੋਕਾਂ ਵਿੱਚ ਗੁਰਸਿੱਖੀ ਦੀ ਭਾਵਨਾ ਵੱਧਦੀ ਹੈ।
ਇਸ ਮੌਕੇ ਸ.ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਦਾ ਦ੍ਰਿੜ ਇਰਾਦਾ ਹੈ ਕਿ ਵੱਧ ਰਹੇ ਪਤਿਤਪੁਣੇ ਨੂੰ ਹਰ ਹੀਲੇ ਠੱਲ ਪਾਈ ਜਾਵੇ ਤੇ ਉਹਨਾਂ ਵੱਲੋਂ ਹੋਏ ਆਦੇਸ਼ਾਂ ਮੁਤਾਬਿਕ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਭਰ ‘ਚ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਦੌਰਾਨ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਤੇ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਕੂਲਾਂ ਨੂੰ ਟਰੌਫੀ, ਸਿਰੋਪਾਓ ਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਹੁਣ ਇਹ ਪ੍ਰੋਗਰਾਮ ਦੁਆਬਾ ਖੇਤਰ ‘ਚ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੋਹਲ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ 6ਵੀਂ ਤੋਂ 12ਵੀਂ ਤੱਕ ਦੇ ਬੱਚੇ-ਬੱਚੀਆਂ ਨੂੰ ਗੁਰਬਾਣੀ ਕੰਠ ਤੇ ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ ਗਏ ਹਨ। ਜਿਸ ਵਿੱਚ 212 ਬੱਚਿਆਂ ਨੇ ਭਾਗ ਲਿਆ ਹੈ ਤੇ ਇਹ ਪ੍ਰੋਗਰਾਮ ਸਾਰੇ ਹਲਕਿਆਂ ਵਿੱਚ ਕਰਵਾਏ ਜਾਣਗੇ। ਸਾਰੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ.ਜਗੀਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੋਹਲ, ਸ.ਤੇਜਾ ਸਿੰਘ, ਜਥੇਦਾਰ ਅਜੀਤ ਸਿੰਘ ਨੂਰਦੀ, ਬੀਬੀ ਮਨਜੀਤ ਕੌਰ ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਅੰਮ੍ਰਿਤਸਰ, ਸ.ਪਰਵਿੰਦਰ ਸਿੰਘ ਇੰਚਾਰਜ ਯਾਤਰਾ ਵਿਭਾਗ ਆਦਿ ਮੌਜੂਦ ਸਨ।