ਲੁਧਿਆਣਾ – ਪੀ ਏ ਯੂ ਇੰਪਲਾਈਜ਼ ਯੂਨੀਅਨ ਪਿਛਲੇ 50 ਦਿਨਾਂ ਤੋਂ ਆਪਣੇ ਸੋਧੇ ਸਕੇਲਾਂ ਦੇ ਬਕਾਏ ਲਈ ਸੰਘਰਸ਼ ਕਰ ਰਹੀ ਹੈ। ਅੱਜ ਲੜੀਵਾਰ ਧਰਨੇ ਨੂੰ ਚਲਦਿਆਂ 50 ਦਿਨ ਪੂਰੇ ਹੋ ਗਏ ਹਨ। ਆਉਣ ਵਾਲੇ ਕੱਲ੍ਹ ਨੂੰ ਸੰਘਰਸ਼ ਦੀ ਗੋਲਡਨ ਜੁਬਲੀ ਹੋਵੇਗੀ। ਯਾਦ ਰਹੇ ਕਿ ਗੋਲਡਨ ਜੁਬਲੀ ਸਮਾਗਮਾਂ ਸਮੇ ਵੀ ਮੁਲਾਜਮਾਂ ਨੂੰ ਕੁਝ ਵੀ ਨਹੀ ਦਿੱਤੀ ਗਿਆ ਜਦੋਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਡੇ ਤੋਂ ਵੱਡੇ ਨੁਮਾਂਇਦੇ ਪੀ ਏ ਯੂ ਦੀਆਂ ਸਿਫਤਾਂ ਕਰ ਕੇ ਗਏ ਏਥੋਂ ਤਕ ਕਿ ਮੁਲਾਜਮਾਂ ਦੇ ਦਿਨ ਰਾਤ ਇੱਕ ਕਰਕੇ ਕੰਮ ਕਰਨ ਦੀਆਂ ਗੱਲਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਰਹੀਆਂ। ਪਿਛਲੇ ਦਿਨੀ ਗੋਲਡਨ ਜੁਬਲੀ ਸਮਾਗਮਾਂ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ 3 ਦਸੰਬਰ 2012 ਨੂੰ ਆਪਣੀ ਪੀ ਏ ਯੂ ਦੀ ਫੇਰੀ ਸਮੇਂ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਨੁਮਾਂਇੰਦਿਆਂ ਨਾਲ ਅਧਿਕਾਰੀਆਂ ਸਾਮਣੇ ਇਹ ਵਾਅਦਾ ਕਰਕੇ ਗਏ ਸਨ ਕਿ ਇਸ ਸਾਲ ਦੇ ਅੰਤ ਯਾਨੀ ਦਸੰਬਰ ਮਹੀਨੇ ਤੱਕ ਸਕੇਲਾਂ ਦੇ ਬਕਾਏ ਨਾਲ ਸੰਬੰਧਤ ਬਣਦੀ ਸਾਢੇ 10 ਕਰੋੜ ਦੀ ਗ੍ਰਾਂਟ ਜਾਰੀ ਕਰ ਦਿੱਤੀ ਜਾਵੇਗੀ। ਪ੍ਰੰਤੂ ਅਜੇ ਤੱਕ ਗ੍ਰਾਂਟ ਜਾਰੀ ਨਹੀਂ ਕੀਤੀ ਗਈ।
ਸੋਧੇ ਸਕੇਲਾਂ ਦੇ ਬਕਾਏ ਦੀ ਗਰਾਂਟ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਵਾਅਦਾ ਕਰਨ ਦੇ ਬਾਵਜੂਦ ਵੀ ਨਹੀਂ ਦਿੱਤੀ ਜਾ ਰਹੀ। ਸੋ ਸੋਧੇ ਸਕੇਲਾਂ ਦੇ ਬਕਾਏ ਲਈ ਸੰਘਰਸ਼ ਇਸੇ ਤਰ੍ਹਾਂ ਲੜੀਵਾਰ ਧਰਨੇ ਦੇ ਰੂਪ ਵਿੱਚ ਜਾਰੀ ਰਹੇਗਾ। ਪੀ ਏ ਯੂ ਇੰਪਲਾਈਜ਼ ਯੂਨੀਅਨ ਅਤੇ ਪੈਨਸ਼ਨਰਜ਼ ਯੂਨੀਅਨ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਨੂੰ ਅੱਗੇ ਤੋਰੇਗੀ। ਪੀ ਏ ਯੂ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਰੇ ਕੱਕਰ ਵਰਗੀ ਠੰਢ ਵਿੱਚ ਬਕਾਇਦਾ ਜੋਸ਼ ਖਰੋਸ਼ ਨਾਲ ਨਾਅਰੇ ਮਾਰਦੇ ਹੋਏ ਧਰਨੇ ਵਾਲੀ ਥਾਂ ਤੇ ਪਹੁੰਚਦੇ ਹਨ ਅਤੇ ਉਨ੍ਹਾਂ ਦੀ ਤਹੱਈਆ ਕੀਤਾ ਹੈ ਕਿ ਜਦੋਂ ਤਕ ਪੰਜਾਬ ਸਰਕਾਰ ਬਣਦੀ ਗਰਾਂਟ ਨਹੀਂ ਦਿੰਦੀ ਉਦੋਂ ਤਕ ਸੰਘਰਸ਼ ਜਾਰੀ ਰਹੇਗਾ, ਸਗੋਂ ਹੋਰ ਤਿੱਖਾ ਕੀਤਾ ਜਾਵੇਗਾ।
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸ਼੍ਰੀ ਸਤਪਾਲ ਗੁਪਤਾ, ਸੁਖਦੇਵ ਸਿੰਘ ਅਤੇ ਡੀ ਪੀ ਮੌੜ, ਚਰਨ ਸਿੰਘ ਗੁਰਮ, ਮਨਜੀਤ ਸਿੰਘ ਮਹਿਰਮ, ਸਤਪਾਲ ਸ਼ਰਮਾ, ਜਸਵੰਤ ਸਿੰਘ ਕੈਨੇਡਾ, ਇਕਬਾਲ ਸਿੰਘ, ਜ਼ਿਲਾ ਰਾਮ ਬਾਂਸਲ, ਜਸਵੰਤ ਸਿੰਘ, ਤਿਲਕ ਸਿੰਘ ਸਾਂਘੜਾ ਅਤੇ ਮੰਗਲ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਰੋਜ਼ਾਨਾ ਸ਼ਾਮਿਲ ਹੁੰਦੇ ਹਨ। ਅੱਜ ਦੇ ਧਰਨੇ ਸਮੇਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਯੂਨੀਅਨ ਦੇ ਦਫਤਰ ਇਕੱਠੇ ਹੋ ਕੇ ਨਾਅਰੇ ਮਾਰਦੇ ਹੋਏ ਥਾਪਰ ਹਾਲ ਦੇ ਖੁੱਲੇ ਗਰਾਂਉਂਡ ਵਿੱਚ ਆਏ। ਇਨ੍ਹਾਂ ਦੀ ਅਗਵਾਈ ਐਗਜੈਕਟਿਵ ਕੋਂਸਲ ਦੇ ਮੈਂਬਰ ਸਰਵ ਸ਼੍ਰੀ ਅੰਮ੍ਰਿਤਪਾਲ ਸਾਬਕਾ ਜਨਰਲ ਸਕੱਤਰ, ਬਲਦੇਵ ਸਿੰਘ ਵਾਲੀਆ, ਲਖਵਿੰਦਰ ਸਿੰਘ ਸੰਧੂ, ਗੁਰਮੇਲ ਸਿੰਘ ਤੁੰਗ, ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਲਾਲ ਬਹਾਦਰ ਯਾਦਵ, ਜਰਨੈਲ ਸਿੰਘ, ਪ੍ਰਵੀਨ ਗਰਗ, ਕੁਲਦੀਪ ਸਿੰਘ, ਪ੍ਰਕਾਸ਼ ਸਿੰਘ, ਹਰਦੇਵ ਘਲੌਟੀ, ਮੋਹਨ ਲਾਲ , ਜਸਵਿੰਦਰ ਸਿੰਘ ਘੋਲੀਆ ਅਤੇ ਰਾਮਨਾਥ ਕਰ ਰਹੇ ਸਨ। ਇਸ ਸਮੇਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਕੋਸਿਆ ਅਤੇ ਆਖਿਆ ਕਿ ਸੋਧੇ ਸਕੇਲਾਂ ਦੇ ਬਕਾਏ ਮਿਲਣ ਤਕ ਸੰਘਰਸ਼ ਨੂੰ ਪੂਰੇ ਜ਼ੋਸ਼ ਖਰੋਸ਼ ਨਾਲ ਚਲਾਇਆ ਜਾਵੇਗਾ। ਯੂਨੀਅਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਅਤੇ ਜਰਨਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਜਿਥੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਲਾਹਣਤਾਂ ਪਾਈਆਂ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ 50 ਦਿਨਾਂ ਤੋਂ ਮੁਲਾਜਮ ਕੱਕਰ ਵਰਦੇ ਮੌਸਮ ਵਿੱਚ ਧਰਨੇ ਤੇ ਬੈਠੇ ਹਨ ਪਰ ਸਰਕਾਰ ਕੀਤੇ ਵਾਅਦੇ ਤੋਂ ਵੀ ਮੁੱਕਰ ਰਹੀ ਹੈ ਉਨਾਂ ਸੰਘਰਸ਼ ਨੂੰ ਅਗਲਾ ਮੋੜਾ ਦਿੰਦਿਆਂ ਤੇਜ਼ ਕਰਨ ਦਾ ਪ੍ਰੋਗਰਾਮ ਦਿੱਤਾ ਜਿਸ ਦੀ ਜਿੰਮੇਂਵਾਰੀ ਅਧਿਕਾਰੀਆਂ ਅਤੇ ਸਰਕਾਰ ਦੀ ਹੋਵੇਗੀ ।
ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਦੇ ਧਰਨੇ ਵਿੱਚ ਜਿਹੜੇ ਪੰਜ ਮੁਲਾਜਮ ਬੈਠੇ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ, ਨਰਿੰਦਰ ਸਿੰਘ, ਸਤਨਾਮ ਸਿੰਘ, ਗੁਲਸ਼ਨ ਕੁਮਾਰ, ਗੁਰਚੇਤ ਸਿੰਘ,ਅਤੇ ਸੇਵਾ ਮੁਕਤ ਮੁਲਾਜ਼ਮਾਂ ਵਿੱਚੋਂ ਸੁਖਮਿੰਦਰ ਸਿੰਘ ਗਰੇਵਾਲ। ਅੱਜ ਮੁਲਾਜ਼ਮਾਂ ਨੂੰ ਧਰਨੇ ਤੇ ਬਿਠਾਉਣ ਸਮੇਂ ਉਪਰੋਕਤ ਪੰਜਾਂ ਸਾਥੀਆਂ ਨੂੰ ਹਾਰ ਪਾ ਕੇ ਬਿਠਾਉਣ ਵਾਲਿਆਂ ਵਿੱਚ ਜੁਗਿੰਦਰ ਰਾਮ,ਹਰਬੰਸ ਸਿੰਘ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ ਅਤੇ ਪ੍ਰਸੋਤਮ ਸਿੰਘ ਸ਼ਾਮਿਲ ਸਨ।