ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਆਪੋ-ਅਪਣੇ ਚੋਣ ਪ੍ਰਚਾਰ ਵਿਚ ਤੇਜ਼ੀ ਲੈ ਆਂਦੀ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਦਿਤੀ ਗਈ ਹੈ। ਬਿਆਨ ਵਿਚ ਦਸਿਆ ਗਿਆ ਹੈ ਕਿ ਦਲ ਦੇ ਬਹੁਤੇ ਉਮੀਦਵਾਰਾਂ ਨੇ ਪਹਿਲਾਂ ਤੋਂ ਹੀ ਮਿਲ ਗਏ ਸੰਕੇਤਾਂ ਦੇ ਆਧਾਰ ਤੇ ਆਪੋ-ਆਪਣੇ ਹਲਕੇ ਵਿਚ ਸਿੱਖ-ਮਤਦਾਤਾਵਾਂ ਨਾਲ ਸਿੱਧਾ ਸੰਪਰਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿਤੀ ਹੋਈ ਹੈ। ਬਿਆਨ ਅਨੁਸਾਰ ਦਲ ਦੇ ਉਮੀਦਵਾਰ ਆਪੋ-ਆਪਣੇ ਇਲਾਕੇ ਵਿਚ ਨੁਕੜ ਬੈਠਕਾਂ ਕਰਕੇ ਦਲ ਵਲੋਂ ਬੀਤੇ ਵਰ੍ਹਿਆਂ ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਚੁਕੇ ਗਏ ਕਦਮਾਂ, ਗੁਰਧਾਮਾਂ ਦੀ ਸੇਵਾ-ਸੰਭਾਲ, ਸੰਗਤਾਂ ਲਈ ਸਹੂਲਤਾਂ ਦੇ ਕੀਤੇ ਗਏ ਵਾਧੇ, ਵਿਦਿਅਕ ਖੇਤਰ ਵਿਚ ਕੀਤੇ ਵਿਸਥਾਰ ਅਤੇ ਵਿਦਿਆ ਦਾ ਪੱਧਰ ਉਚਿਆਉਣ ਦੇ ਕੀਤੇ ਗਏ ਉਪਰਾਲਿਆਂ ਦੇ ਨਾਲ ਹੀ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਵਾਉਣ ਲਈ ਕੀਤੇ ਗਏ ਅਤੇ ਕੀਤੇ ਜਾ ਰਹੇ ਜਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਇਨ੍ਹਾਂ ਕੰਮਾਂ ਨਾਲ ਸੰਬਧਤ ਛਪਿਆ ਪੰਫਲਿਟ ਵੀ ਸੰਗਤਾਂ ਤਕ ਪਹੁੰਚਾਇਆ ਜਾ ਰਿਹਾ ਹੈ।
ਇਸੇ ਬਿਆਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਗੁਰਦੁਆਰਾ ਕਮੇਟੀ ਦੇ ਕੰਮਾਂ ਵਿਚ ਪਾਈਆਂ ਗਈਆਂ ਅਤੇ ਪਾਈਆਂ ਜਾ ਰਹੀਆਂ ਰੁਕਾਵਟਾਂ ਨਾਲ ਸੰਬਧਤ ਪ੍ਰਕਾਸ਼ਤ ਕੀਤਾ ਗਆ ਚਿਠਾ ਵੀ ਵਖੋ-ਵਖ ਇਲਾਕਿਆਂ ਵਿਚ ਵਸਦੇ ਸਿੱਖਾਂ ਤਕ ਪਹੁੰਚਾਇਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਕੀਤੇ ਗਏ ਕੰਮਾਂ ਅਤੇ ਬਾਦਲ ਅਕਾਲੀ ਦਲ ਵਲੋਂ ਗੁਰੂ ਘਰ ਦੇ ਕੰਮਾਂ ਵਿਚ ਪਾਈਆਂ ਗਈਆਂ ਰੁਕਾਵਟਾਂ ਤੋਂ ਜਾਣੂ ਹੋ ਸਿੱਖ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰਾਂ ਨੂੰ ਸਮਰਥਨ ਅਤੇ ਸਹਿਯੋਗ ਦੇਣ ਲਈ ਅਗੇ ਆ ਰਹੇ ਹਨ।