ਇਸਲਾਮਾਬਾਦ- ਬਲੋਚਿਸਤਾਨ ਅਤੇ ਖੈਬਰ ਸੂਬਿਆਂ ਵਿੱਚ ਹੋਏ 6 ਬੰਬ ਧਮਾਕਿਆਂ ਨੇ ਪੂਰੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਨ੍ਹਾਂ ਧਮਾਕਿਆਂ ਵਿੱਚ 166 ਲੋਕਾਂ ਦੀ ਜਾਨ ਗਈ ਹੈ ਅਤੇ 235 ਤੋਂ ਵੱਧ ਲੋਕ ਜਖਮੀ ਹੋਏ ਹਨ। ਹਮਲਿਆਂ ਲਈ ਸੁਰੱਖਿਆ ਬਲਾਂ ਤੋਂ ਇਲਾਵਾ ਧਾਰਮਿਕ ਸੰਘਠਨ ਦੇ ਦਫਤਰ ਅਤੇ ਬਾਜ਼ਾਰ ਨੂੰ ਨਿਸ਼ਾਨਾ ਬਣਾਇਆ ਗਿਆ।
ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿੱਚ ਸੱਭ ਤੋਂ ਵੱਧ 56 ਲੋਕ ਮਾਰੇ ਗਏ ਅਤੇ 160 ਤੋਂ ਵੱਧ ਜਖਮੀ ਹੋਏ।ਇੱਕ ਆਤਮਘਾਤੀ ਹਮਲਾਵਰ ਨੇ ਇੱਕ ਕਲਬ ਸਮੇਤ ਆਪਣੇ ਆਪ ਨੂੰ ਉਡਾ ਲਿਆ।ਸੁਰੱਖਿਆ ਬਲਾਂ ਅਤੇ ਮੀਡੀਆ ਕਰਮਚਾਰੀਆਂ ਦੇ ਪਹੁੰਚਣ ਤੋਂ ਬਾਅਦ ਫਿਰ ਤੋਂ ਧਮਾਕੇ ਹੋਏ।ਸ਼ਹਿਰ ਦੇ ਮੁੱਖ ਬਾਜ਼ਾਰ ਬੱਚਾ ਖਾਨ ਚੌਂਕ ਵਿੱਚ ਹੋਏ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 40 ਜਖਮੀ ਹੋਏ। ਧਮਾਕਾ ਏਨਾ ਜਬਰਦਸਤ ਸੀ ਕਿ ਕਈ ਕਿਲੋਮੀਟਰ ਤੱਕ ਉਸ ਦੀ ਆਵਾਜ਼ ਸੁਣਾਈ ਦਿੱਤੀ।ਇਸ ਧਮਾਕੇ ਵਿੱਚ 20 ਕਿਲੋਗਰਾਮ ਵਿਸਫੋਟ ਦਾ ਇਸਤੇਮਾਲ ਕੀਤਾ ਗਿਆ ਸੀ।
ਸਵਾਤ ਘਾਟੀ ਵਿੱਚ ਇੱਕ ਧਾਰਮਿਕ ਸੰਸਥਾ ਦੇ ਦਫਤਰ ਤੇ ਕੀਤੇ ਗਏ ਹਮਲੇ ਦੌਰਾਨ ਵੀ 22 ਲੋਕਾਂ ਦੀ ਮੌਤ ਹੋ ਗਈ ਅਤੇ 70 ਦੇ ਕਰੀਬ ਲੋਕ ਜਖਮੀ ਹੋਏ।ਦਫਤਰ ਦੀ ਬੇਸਮੈਨਟ ਵਿੱਚ ਬੰਬ ਰੱਖਿਆ ਗਿਆ ਸੀ।ਪਾਕਿਸਤਾਨ ਰੇਡੀਓ ਨੇ ਇਸ ਨੂੰ ਗੈਸ ਸਿਲੰਡਰ ਦਾ ਧਮਾਕਾ ਦਸਿਆ ਹੈ।ਸਵਾਤ ਘਾਟੀ ਤਾਲਿਬਾਨ ਦਾ ਗੜ੍ਹ ਰਿਹਾ ਹੈ, ਪਰ ਪਿੱਛਲੇ ਕੁਝ ਅਰਸੇ ਤੋਂ ਸੈਨਾ ਦੀ ਸਖਤ ਕਾਰਵਾਈ ਕਰਕੇ ਤਾਲਿਬਾਨ ਨੇਤਾ ਅਫ਼ਗਾਨਿਸਤਾਨ ਵੱਲ ਮੂਵ ਕਰ ਗਏ ਸਨ।