ਸ੍ਰੀ ਮੁਕਤਸਰ ਸਾਹਿਬ- ਮਾਘੀ ਮੇਲੇ ਤੇ ਕਾਂਗਰਸ ਵੱਲੋਂ ਆਯੋਜਿਤ ਕਾਨਫਰੰਸ ਵਿੱਚ ਮਜੀਠੀਏ ਦੀ ਗੁੰਡਾਗਰਦੀ ਦਾ ਮੁੱਦਾ ਹੀ ਭਾਰੂ ਰਿਹਾ।ਵਿਧਾਨ ਸੱਭਾ ਵਿੱਚ ਬਿਕਰਮਜੀਤ ਮਜੀਠੀਏ ਨੇ ਰਾਣੇ ਨੂੰ ਜੋ ਗਾਲ੍ਹਾਂ ਕੱਢੀਆਂ ਸਨ, ਉਸ ਦੀ ਸੀਡੀ ਵਾਰ-ਵਾਰ ਐਲ ਸੀਡੀ ਤੇ ਲੋਕਾਂ ਨੂੰ ਵਿਖਾਈ ਗਈ।
ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਜੀਠੀਆ ਵਿਧਾਨ ਸੱਭਾ ਵਿਚ ਸਰੇਆਮ ਗਾਲ੍ਹਾਂ ਦੇ ਰਿਹਾ ਹੈ ਅਤੇ ਉਸ ਦੀ ਗੁੰਡਾਗਰਦੀ ਤੋਂ ਡਰਦਾ ਸਪੀਕਰ ਇਸ ਗਲ ਨੂੰ ਮੰਨ ਹੀ ਨਹੀਂ ਰਿਹਾ ਕਿ ਸੈਸ਼ਨ ਦੌਰਾਨ ਉਸ ਨੇ ਕੋਈ ਗਾਲ੍ਹ ਸੁਣੀ ਹੈ।ਉਨ੍ਹਾਂ ਨੇ ਕਿਹਾ ਕਿ ਬਿਕਰਮਜੀਤ ਮਜੀਠੀਆ ਪੰਜਾਬ ਦੇ ਹਾਲਾਤ ਪੂਰੀ ਤਰ੍ਹਾਂ ਨਾਲ ਵਿਗਾੜ ਕੇ ਹੀ ਦਮ ਲਵੇਗਾ। ਕੈਪਟਨ ਅਨੁਸਾਰ ਜੇ ਰੇਲ ਮੰਤਰੀ ਊਨ੍ਹਾਂ ਨੂੰ ਇੱਕ ਰੇਲਗੱਡੀ ਦੇ ਦੇਣ ਤਾਂ ਉਹ ਗੁੰਡਾਗਰਦੀ ਕਰਨ ਵਾਲਿਆਂ ਨੂੰ ਕਿਤੇ ਬਾਹਰ ਛੱਡ ਆਉਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।
ਮੁੱਖਮੰਤਰੀ ਬਾਦਲ ਤੇ ਵੀ ਵਾਰ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਬਾਦਲ ਨੇ ਡਬਲ ਫੇਸ ਮਾਸਕ ਪਹਿਨਿਆ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਹਾਲਤ ਤੱਕ ਵਿਗੜ ਚੁੱਕੇ ਹਨ ਕਿ ਕਿਸੇ ਵੀ ਸਮੇਂ ਆਰਥਿਕ ਐਮਰਜੈਂਸੀ ਲਗ ਸਕਦੀ ਹੈ ਜਾਂ ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਬਾਦਲ ਕੇਂਦਰ ਤੋਂ ਕਿਸਾਨਾਂ ਲਈ 5 ਹਜਾਰ ਕਰੋੜ ਹੋਰ ਮੰਗ ਰਹੇ ਹਨ ਜਦੋਂ ਕਿ ਪਹਿਲਾਂ ਮਿਲੇ 1500 ਕਰੋੜ ਰੁਪੈ ਦਾ ਅਜੇ ਤੱਕ ਹਿਸਾਬ ਨਹੀਂ ਦੇ ਸਕੇ।ਰੇਲ ਮੰਤਰੀ ਪਵਨ ਬੰਸਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਜਮੀਨ ਦੇਣ ਦੀ ਹਾਮੀ ਭਰੇ ਤਾਂ ਪੰਜਾਬ ਵਿੱਚ ਰੇਲ ਕਾਰਖਾਨਾ ਲਗਾਇਆ ਜਾ ਸਕਦਾ ਹੈ।