ਜਿਹੜੇ ਦਿਲ ‘ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ
ਉਸ ਚੌਰਾਹੇ ਨੂੰ ਅਸੀਂ,
ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ,
ਸਾਂਭ-ਸਾਂਭ ਕੇ ਰੱਖੇ ਤੇਰੀਆਂ ਪੈੜਾਂ ਦੇ ਨਿਸ਼ਾਨ
ਇਸ ਜੂਹ ਵਿਚ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੱਤਾ,
ਮਜ਼ਾਲ ਹੈ ਕੋਈ ਗ਼ੈਰ ਪ੍ਰਵੇਸ਼ ਕਰ ਗਿਆ ਹੋਵੇ?
…।।
ਉਜਾੜੇ ਦੇ ਪ੍ਰਤੀਕ, ਉੱਲੂ ਤੇ ਕਾਂ ਫ਼ਿਰਦੇ ਨੇ,
ਸਾਡੇ ਦਿਲ ਦੀਆਂ ਜੂਹਾਂ ਵਿਚ
ਕਦੇ-ਕਦੇ ਬਦਸ਼ਗਨੀ ਤੋਂ ਵੀ ਡਰ ਜਾਂਦਾ ਹਾਂ,
ਤੇ ਸਹਿਮ ਜਾਂਦਾ ਹਾਂ ਉੱਜੜਿਆ ਚਮਨ ਦੇਖ
ਜੋ ਸਦੀਆਂ ਪੁਰਾਣਾਂ ਦੱਸਿਆ ਜਾਂਦਾ ਸੀ
ਕਿ ਕਿਤੇ ਆਹੀ ਹਾਲਤ ਕਦੇ ਮੇਰੀ ਨਾ ਹੋਵੇ?
…।।
ਕਿਸ ਗੁਲਜ਼ਾਰ ਤੇ ਕਿਸ ਬਾਗ ਦੀ ਬਾਤ ਪਾਵਾਂ ਮੈਂ…?
ਜੀਵਨ ਦਾ ਸੂਰਜ ਤਾਂ ‘ਅਸਤ’ ਹੋਣ ‘ਤੇ ਆ ਗਿਆ
ਗ੍ਰਹਿਣ ਵੇਲ਼ੇ ਤਾਂ ਚੰਦਰਮਾਂ ਵੀ ਨਹੀਂ ਦਿਸਦਾ,
ਨਹੀਂ ਤਾਂ ਰਾਤ ਨੂੰ,
ਉਸ ਦੀ ਰੌਸ਼ਨੀ ਹੀ ਬਥੇਰੀ ਸੀ!
…।।
ਸਵਰਗ ਦੇ ਅੱਧ ਤੱਕ, ਜਾਂ ਨਰਕ ਦੇ ਧੁਰ ਤੱਕ
ਕਿਹੜਾ ਰਸਤਾ ਚੁਣਾਂ…? ਲੱਗਦੇ ਤਾਂ ਚਾਰ ਚੁਫ਼ੇਰੇ ਹੀ,
ਮੌਸਮ ਖ਼ਰਾਬ ਨੇ!
ਜ਼ਿੰਦਗੀ ਦੀ ਖਿੱਚ-ਧੂਹ ਚਾਹੇ ਸੌ ਸਾਲ ਲੰਬੀ ਹੋਵੇ
ਤੇ ਚਾਹੇ ਪੰਜਾਹ ਸਾਲ,
ਪਰ ਵਾਹ ਤਾਂ ਮਾਨੁੱਖ ਨਾਲ਼ ਹੀ ਪੈਣੈ ਨ੍ਹਾਂ…?
…ਤੇ ਮਾਨੁੱਖ ਜਾਨਵਰ ਨਾਲ਼ੋਂ ਕਦੇ ਵੀ
ਵਫ਼ਾਦਾਰ ਨਹੀਂ ਹੋ ਸਕਦਾ!
…।।
ਕਦੇ ਖ਼ਾਹਿਸ਼ ਨਾ ਕਰੂੰਗਾ ਮਾਨੁੱਖੀ ਜਾਮੇਂ ਦੀ ਮੁੜ
ਕਿਉਂਕਿ, ਇਸ ਜਾਮੇਂ ਵਿਚ ਤਾਂ ਧੋਖੇ ਹੀ ਧੋਖੇ ਨੇ…!
ਰੁੱਖ, ਪਵਣ, ਅੱਗ ਅਤੇ ਬਨਸਪਤੀ ਤਾਂ ਰੱਬੀ ਹੁਕਮ ਵਿਚ ਨੇ
ਬੱਸ ਮਾਨੁੱਖ ਹੀ ਹੈ, ਜੋ ‘ਆਪਹੁਦਰਾ’ ਹੈ…!
ਇਸ ਲਈ ਰੱਬਾ ਮੈਨੂੰ,
ਮਾਨੁੱਖਾ ਜੂਨੀ ਨਾ ਦੇਵੀਂ…!
ਆਪਹੁਦਰਾ ਮਾਨੁੱਖ
This entry was posted in ਕਵਿਤਾਵਾਂ.