ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਸਾਰੀਆਂ ਧਾਰਮਕ ਤੇ ਮਾਨਵੀ ਕਦਰਾਂ-ਕੀਮਤਾਂ ਦੀ ਹਤਿਆ ਕਰ ਦਿਤੇ ਜਾਣ ਸੰਬਧੀ ਜੋ ਖਦਸ਼ਾ ਪ੍ਰਗਟ ਕੀਤਾ ਗਿਆ ਸੀ, ਉਹ ਸੱਚ ਸਾਬਤ ਹੋ ਰਿਹਾ ਹੈ। ਇਹ ਵਿਚਾਰ ਸ. ਹਰਵਿੰਦਰ ਸਿੰਘ ਸਰਨਾ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਪ੍ਰਗਟ ਕੀਤੇ। ਸ. ਸਰਨਾ ਆਪਣੇ ਬਿਆਨ ਵਿਚ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੂੰ ਭ੍ਰਿਸ਼ਟਾਚਾਰੀ ਬਨਾਉਣ ਦੀਆਂ ਸਾਜਸ਼ਾਂ ਤੋਂ ਮੁਕਤ ਰਖਣ ਲਈ ਹੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸਿੱਧੀ ਮਤਦਾਤਾਵਾਂ ਰਾਹੀਂ ਕਰਵਾਏ ਜਾਣ ਦੇ ਉਦੇਸ਼ ਨਾਲ ਗੁਰੁਦਆਰਾ ਐਕਟ ਵਿਚ ਸੋਧ ਕਰਵਾਈ ਜਾ ਰਹੀ ਸੀ, ਪ੍ਰੰਤੂ ਬਾਦਲਕਿਆਂ ਨੇ ਇਸ ਕਰਕੇ ਇਸਦਾ ਵਿਰੋਧ ਕੀਤਾ ਕਿਉਂਕਿ ਇਹ ਗਲ ਉਨ੍ਹਾਂ ਨੂੰ ਇਸ ਕਰਕੇ ਰਾਸ ਨਹੀਂ ਸੀ ਆ ਰਹੀ ਕਿ ਜੇ ਗੁਰਦੁਆਰਾ ਐਕਟ ਵਿਚ ਇਹ ਸੋਧ ਹੋ ਗਈ ਤਾਂ ਫਿਰ ਉਨ੍ਹਾਂ ਲਈ ਮੈਬਰਾਂ ਦੀਆਂ ਵਫਾਦਾਰੀਆਂ ਖ੍ਰੀਦ ਕੇ ਸੰਨ-2000 ਵਿਚ ਗੁਰਦੁਆਰਾ ਕਮੇਟੀ ਪੁਰ ਕਬਜ਼ਾ ਕਰਨ ਵਿਚ ਉਨ੍ਹਾਂ ਜੋ ਸਫਲਤਾ ਪ੍ਰਾਪਤ ਕੀਤੀ ਗਈ ਸੀ, ਉਸ ਨੂੰ ਮੁੜ ਦੁਹਰਾਉਣਾ ਨਾਮੁਮਕਿਨ ਹੋ ਜਾਇਗਾ।
ਸ. ਸਰਨਾ ਨੇ ਦਸਿਆ ਕਿ ਗੁਰਦੁਆਰਾ ਐਕਟ ਵਿਚ ਇਹ ਸੋਧ ਨਾ ਹੋ ਸਕਣ ਦਾ ਲਾਭ ਉਠਾਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਨੋਟਾਂ ਦੀਆਂ ਥੈਲੀਆਂ, ਪੰਜਾਬ ਦੇ ਛੇਵੇਂ ਦਰਿਆ ਦੀਆਂ ਪੇਟਿਆਂ, ਪੰਜਾਬ ਸਰਕਾਰ ਦੇ ਲੈਟਰ ਪੈਡ ਤੇ ਮੋਹਰਾਂ ਭਰੇ ਬਕਸੇ ਲਿਆਉਣ ਦੇ ਨਾਲ ਹੀ ਧਮਕੀਆਂ ਤੇ ਡਰਾਵਿਆਂ ਦੇ ਬੋਰੇ ਵੀ ਭਰ ਦਿੱਲੀ ਆ ਪੁਜੇ ਹਨ। ਇਥੇ ਆ ਉਨ੍ਹਾਂ ਇਨ੍ਹਾਂ ਸਾਧਨਾਂ ਰਾਹੀਂ ਆਪਣੇ ਅਕਾਲੀ ਦਲ (ਬਾਦਲ) ਦੇ ਵਿਰੋਧੀ ਉਮੀਦਵਾਰਾਂ ਤੇ ਡੋਰੇ ਪਾਣੇ ਤੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ।
ਸ. ਸਰਨਾ ਨੇ ਕਿਹਾ ਕਿ ਜੇ ਧਾਰਮਕ ਸੰਸਥਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਜਿਹੇ ਹਥਕੰਡਿਆਂ ਦੀ ਵਰਤੋਂ ਕੀਤੀ ਜਾਂਦੀ ਰਹੀ ਤੇ ਉਹ ਸਫਲ ਹੁੰਦੇ ਰਹੇ ਤਾਂ ਕੋਈ ਵੀ ਈਮਾਨਦਾਰ, ਸਿੱਖੀ ਪ੍ਰਤੀ ਸਮਰਪਤ ਤੇ ਸਾਫ ਸੁਥਈ ਛਵੀ ਵਾਲਾ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਲਈ ਅਗੇ ਨਹੀਂ ਆਵੇਗਾ। ਸ. ਸਰਨਾ ਨੇ ਹੋਰ ਕਿਹਾ ਕਿ ਜੇ ਅਜਿਹੇ ਹਥਕੰਡੇ ਵਰਤਣ ਵਾਲਾ ਅਨਸਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਪੁਰ ਕਾਬਜ਼ ਹੋ ਗਿਆ ਤਾਂ ਦਿੱਲੀ ਸਮੇਤ ਪੰਜਾਬੋਂ ਬਾਹਰ ਵੀ ਸਿੱਖੀ ਦਾ ਉਹੀ ਹਾਲ ਹੋਵੇਗਾ, ਜੋ ਅਜ ਪੰਜਾਬ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇਸ ਲਈ ਜੇ ਦਿੱਲੀ ਸਮੇਤ ਪੰਜਾਬੋਂ ਬਾਹਰ ਸਿੱਖੀ ਅਤੇ ਸਿੱਖੀ ਸਰੂਪ ਨੂੰ ਬਚਾਈ ਰਖਣਾ ਹੈ ਤਾਂ ਦਿੱਲੀ ਦੇ ਸੂਝਵਾਨ ਸਿੱਖਾ ਨੂੰ ਬਾਦਲਕਿਆਂ ਦੇ ਇਨ੍ਹਾਂ ਹਥਕੰਡਿਆਂ ਤੋਂ ਸਾਵਧਾਨ ਰਹਿਣਾ ਹੋਵੇਗਾ।