ਰਾਂਚੀ- ਇਥੇ ਖੇਡਿਆ ਗਿਆ ਤੀਜਾ ਵਨ ਡੇਅ ਕ੍ਰਿਕਟ ਮੈਚ ਭਾਰਤ ਨੇ 7 ਵਿਕਟਾਂ ਨਾਲ ਇੰਗਲੈਂਡ ਤੋਂ ਜਿੱਤ ਲਿਆ। ਇਸਦੇ ਨਾਲ ਹੀ ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਅੱਗੇ ਹੋ ਗਈ ਹੈ ਅਤੇ ਵਨ ਡੇਅ ਰੈਂਕਿੰਗ ਵਿਚ ਹੁਣ ਭਾਰਤ ਪਹਿਲੇ ਨੰਬਰ ‘ਤੇ ਪਹੰਚ ਗਿਆ ਹੈ। ਲਗਾਤਾਰ ਦੂਜੇ ਮੈਚ ਵਿਚ ਹਾਰ ਨਾਲ ਇੰਗਲੈਂਡ ਰੈਂਕਿੰਗ ਵਿਚ 118 ਪੁਆਇੰਟ ਨਾਲ ਦੂਜੇ ਨੰਬਰ ‘ਤੇ ਆ ਗਿਆ ਹੈ ਅਤੇ ਭਾਰਤ ਦੇ ਹੁਣ 119 ਨੰਬਰ ਹੋ ਗਏ ਹਨ।
ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਤੋਂ ਬਾਅਦ ਇੰਗਲੈਂਡ ਨੂੰ ਪਹਿਲਾਂ ਖੇਡਣ ਦਾ ਸੱਦਾ ਦਿੱਤਾ ਪਰੰਤੂ ਭਾਰਤੀ ਟੀਮ ਦੀ ਵਧੀਆ ਗੇਂਦਬਾਜ਼ੀ ਅਤੇ ਫੀਲਡਿੰਗ ਸਦਕੇ ਇੰਗਲੈਂਡ ਦੇ ਖਿਡਾਰੀ ਸਿਰਫ਼ 155 ਦੌੜਾਂ ਬਣਾ ਕੇ ਹੀ 42.2 ਓਵਰਾਂ ਵਿਚ ਆਊਟ ਹੋ ਗਏ।
ਬਾਅਦ ਵਿਚ ਖੇਡਣ ਲਈ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਹੀ ਮਾੜੀ ਰਹੀ। ਉਨ੍ਹਾਂ ਦਾ ਪਹਿਲਾ ਵਿਕਟ ਅਜੰਕੇ ਰਹਾਨੇ (0 ਦੌੜਾਂ) ਦੇ ਰੂਪ ਵਿਚ ਡਿੱਗ ਗਿਆ। ਇਸਤੋਂ ਬਾਅਦ ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਨੇ ਸੰਭਲਕੇ ਖੇਡਦਿਆਂ ਹੋਇਆਂ ਭਾਰਤੀ ਟੀਮ ਦਾ ਸਕੋਰ ਅੱਗੇ ਵਧਾਇਆ ਅਤੇ ਦੂਜੇ ਵਿਕਟ ਦੇ ਰੂਪ ਵਿਚ ਗੌਤਮ ਗੰਭੀਰ 33 ਦੌੜਾਂ ਬਣਾਕੇ ਆਊਟ ਹੋ ਗਏ। ਉਸਤੋਂ ਬਾਅਦ ਖੇਡਣ ਲਈ ਮੈਦਾਨ ਵਿਚ ਉਤਰੇ ਯੁਵਰਾਜ ਸਿੰਘ ਨੇ ਆਪਣੀ ਤੇਜ਼ ਰਫ਼ਤਾਰ ਖੇਡ ਖੇਡਦਿਆਂ 30 ਦੌੜਾਂ ਬਣਾਕੇ ਆਊਟ ਹੋ ਗਏ। ਪੰਜਵੇਂ ਖਿਡਾਰੀ ਵਜੋਂ ਖੇਡਣ ਲਈ ਆਏ ਮਹਿੰਦਰ ਸਿੰਘ ਧੋਨੀ ਨੇ ਬਿਨਾਂ ਆਊਟ ਹੋਇਆਂ 10 ਦੌੜਾਂ ਦਾ ਯੋਗਦਾਨ ਪਾਇਆ। ਵਿਰਾਟ ਕੋਹਲੀ ਬਿਨਾਂ ਆਉਟ ਹੋਇਆਂ ਸ਼ਾਨਦਾਰ 77 ਦੌੜਾਂ ਬਣਾਕੇ ‘ਮੈਨ ਆਫ਼ ਦ ਮੈਚ’ ਬਣੇ।
ਪਹਿਲਾਂ ਖੇਡਦਿਆਂ ਹੋਇਆਂ ਇੰਗਲੈਂਡ ਟੀਮ ਦੇ ਖਿਡਾਰੀ ਕੋਈ ਵਧੀਆ ਸਕੋਰ ਨਾ ਬਣਾ ਸਕੇ। ਕਪਤਾਨ ਕੁੱਕ 17 ਦੌੜਾਂ, ਬੇਲ 25 ਦੌੜਾਂ, ਪੀਟਰਸਨ 17 ਦੌੜਾਂ, ਮਾਰਗਨ 10 ਦੌੜਾਂ ਅਤੇ ਬ੍ਰੇਸਨਨ 25 ਦੌੜਾਂ ਦੇ ਸਕੋਰ ‘ਤੇ ਹੀ ਆਊਟ ਹੋ ਗਏ।
ਭਾਰਤੀ ਟੀਮ ਵਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵਧੀਆ ਗੇਂਦਬਾਜ਼ੀ ਕਰਕੇ 6.2 ਓਵਰਾਂ ਵਿਚ 19 ਦੌੜਾਂ ਦੇ ਕੇ ਤਿੰਨ ਖਿਡਾਰੀ ਆਊਟ ਕੀਤੇ। ਅਸ਼ਵਿਨ ਅਤੇ ਈਸ਼ਾਂਤ ਸ਼ਰਮਾ ਦੀ ਝੋਲੀ 2-2 ਵਿਕਟਾਂ ਪਈਆਂ। ਭੁਵਨੇਸ਼ਵਰ, ਸ਼ਮੀ ਅਹਿਮਦ ਅਤੇ ਸੁਰੇਸ਼ ਰੈਨਾ ਨੂੰ 1-1 ਵਿਕਟ ਮਿਲੀ।
5 ਮੈਚਾਂ ਦੀ ਸੀਰੀਜ਼ ਵਿਚ ਹੁਣ ਭਾਰਤੀ ਟੀਮ 2-1 ਨਾਲ ਅੱਗੇ ਹੋ ਗਈ ਹੈ।ਇਸ ਸੀਰੀਜ਼ ਦਾ ਚੌਥਾ ਮੈਚ 23 ਜਨਵਰੀ ਨੂੰ ਮੋਹਾਲੀ ਅਤੇ ਪੰਜਵਾਂ ਮੈਚ 27 ਜਨਵਰੀ ਨੂੰ ਧਰਮਸ਼ਾਲਾ ਵਿਖੇ ਖੇਡਿਆ ਜਾਣਾ ਹੈ। ਇਨ੍ਹਾਂ ਦੋਵੇਂ ਮੈਚਾਂ ਲਈ ਬੀਸੀਸੀਆਈ ਨੇ ਪਹਿਲੇ ਤਿੰਨ ਮੈਚ ਖੇਡਣ ਵਾਲੀ ਟੀਮ ਨੂੰ ਹੀ ਬਰਕਰਾਰ ਰੱਖਿਆ ਹੈ।