ਲੁਧਿਆਣਾ(ਪਰਮਜੀਤ ਸਿੰਘ ਬਾਗੜੀਆ) ਕਟਾਣੀ ਕਲਾਂ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਵਸਦਾ ਮਸ਼ਹੂਰ ਪਿੰਡ ਹੈ।ਪੇਂਡੂ ਵਿਕਾਸ ਤੇ ਲੋਕ ਭਲਾਈ ਸਭਾ(ਰਜਿ.)ਕਟਾਣੀ ਕਲਾਂ ਵਲੋਂ ਗ੍ਰਾਮ ਪੰਚਾਇਤ,ਪਿੰਡ ਵਾਸੀਆਂ ਤੇ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਪਿੰਡ ਦੀ ਅਜ਼ੀਮ ਸ਼ਖਸੀਅਤ ਸਰਦਾਰ ਬਹਾਦਰ ਸਰਦਾਰ ਕਰਤਾਰ ਸਿੰਘ ਕਟਾਣੀ ਕਲਾਂ ਦੀ ਯਾਦ ਨੂੰ ਸਮਰਪਿਤ ਇਸ ਟੂਰਨਾਮੈਂਟ ਵਿਚ ਕਬੱਡੀ 57 ਕਿਲੋ,70 ਕਿਲੋ ਅਤੇ ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲਿਆਂ ਵਿਚ ਲਗਭਗ 100 ਟੀਮਾਂ ਨੇ ਭਾਗ ਲਿਆ।ਵਧਦੀ ਉਮਰ ਵਿਚ ਤੰਦਰੁਸਤੀ ਪ੍ਰਖਣ ਲਈ ਬਜ਼ੁਰਗਾਂ ਦੀ ਦੌੜ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਨਛੱਤਰ ਸਿੰਘ ਪਿੰਡ ਮੰਜੀ ਸਾਹਿਬ ਕੋਟਾਂ ਪਹਿਲੇ,ਬਖਤੌਰ ਸਿੰਘ ਪਿੰਡ ਗਗੜਾ ਦੂਜੇ ਅਤੇ ਸਵਰਨ ਸਿੰਘ ਪਿੰਡ ਖੰਟ ਤੀਜੇ ਸਥਾਨ ‘ਤੇ ਰਹਿ ਕੇ ਨਗਦ ਇਨਾਮ ਦੇ ਜੇਤੂ ਬਣੇ।
ਕਬੱਡੀ ਇਕ ਪਿੰਡ ਓਪਨ ਦੇ ਚਲਦਿਆਂ ਇਲਾਕੇ ਦੀਆਂ ਪ੍ਰਮੁਖ ਸ਼ਖਸੀਅਤਾਂ ਨੇ ਹਾਜਰੀ ਭਰੀ।ਸਭ ਤੋਂ ਪਹਿਲਾਂ ਟੀਮਾਂ ਨਾਲ ਜਾਣ-ਪਹਿਚਾਣ ਸ.ਚਰਨਜੀਤ ਸਿੰਘ ਅਟਵਾਲ ਡਿਪਟੀ ਸਪੀਕਰ ਲੋਕ ਸਭਾ ਦੇ ਛੋਟੇ ਪੁੱਤਰ ਰੌਕੀ ਤੇ ਹਰਜੀਤ ਸਿੰਘ ਬਿੱਲੂ ਕਨੇਚ ਫਿਰ ਸ.ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ ਨੇ ਕੀਤੀ।ਉਨ੍ਹਾਂ ਨਾਲ ਹਰਮੋਹਨ ਸਿੰਘ ਗੁੱਡੂ,ਭੁਪਿੰਦਰ ਸਿੰਘ ਧਾਂਦਰਾ ਤੇ ਸਰਬਜੀਤ ਸਿੰਘ ਗਰਚਾ ਵੀ ਸ਼ਾਮਲ ਸਨ।ਰਣਜੀਤ ਸਿੰਘ ਜੀਤਾ ਪ੍ਰਧਾਨ ਟਰੱਕ ਯੂੁਨੀਅਨ ਸਮਰਾਲਾ,ਗੁਰਜੀਤ ਸਿੰਘ ਮਾਂਗਟ ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ ਤੇ ਜੋਗੇਸ਼ਵਰ ਸਿੰਘ ਮਾਂਗਟ ਨੇ ਵੀ ਹਾਜ਼ਰੀ ਭਰੀ।ਅੰਤਲੇ ਮੈਚ ਤੱਕ ਸ.ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਵੀ ਪੁੱਜੇ ਹੋਏ ਸਨ।ਕਬੱਡੀ ਓਪਨ ਦੇ ਦੂਜੇ ਦੌਰ ਦੇ ਮੁਕਾਬਲੇ ਵਿਚ ਪਿੰਡ ਚਹਿਲਾਂ,ਜਲਾਲਦੀਵਾਲ,ਜੰਡੀ,ਬਾਲਿਓਂ ਤੇ ਧੱਲੇਕੇ ਦੀਆਂ ਟੀਮਾਂ ਦੀ ਚੜ੍ਹਤ ਰਹੀ।
ਅੰਤਲੇ ਮੈਚਾਂ ਵਿਚ ਜਲਾਲਦੀਵਾਲ ਤੇ ਚਹਿਲਾਂ ਦੀਆਂ ਟੀਮਾਂ ਵਿਚਕਾਰ ਹੋਇਆ ਸੈਮੀਫਾਈਨਲ ਮੈਚ ਬਹੁਤ ਦਿਲਚਸਪ ਰਿਹਾ।ਪਹਿਲਾਂ ਤਾਂ ਜਲਾਲਦੀਵਾਲ ਦੇ ਗੱਭਰੂ ਵਿਰੋਧੀ ਟੀਮ ਚਹਿਲਾਂ ਵਿਚ 4 ਖਿਡਾਰੀ ਬਾਹਰਲੇ ਖੇਡਦੇ ਹੋਣ ਕਰਕੇ ਖੇਡਣ ਲਈ ਰਾਜ਼ੀ ਨਾ ਹੋਏ ਪਰ ਅੰਤ ਪ੍ਰਬੰਧਕਾਂ ਦੇ ਦਖਲ ਸਦਕਾ ਜਿਉਂ ਹੀ ਮੈਚ ਸ਼ੁਰੂ ਹੋਇਆ ਤਾਂ ਦਰਸ਼ਕਾਂ ਨੂੰ ਵੀ ਸੁਆਦ ਆਊਣ ਲੱਗ ਪਿਆ।ਜਲਾਲਦੀਵਾਲ ਵਲੋਂ ਖੇਡੇ ਗੁਰਮੀਤ ਮੰਡੀਆਂ ਨੇ 9 ਕਬੱਡੀਆਂ ਪਾਈਆਂ ਉਸਨੂੰ ਹਰਜੀਤ ਚਹਿਲਾਂ ਤੇ ਸੁੱਖਾ ਨੀਲੋਂ ਨੇ 1-1 ਜੱਫਾ ਲਾਇਆ।ਦੂਜੇ ਧਾਵੀ ਨਾਥ ਸ਼ੀਹਾਂ ਦੌਦ ਨੂੰ ਵੀ 6 ਕਬੱਡੀਆਂ ਵਿਚ ਇਨ੍ਹਾਂ ਹੀ ਜਾਫੀਆਂ ਨੇ 1-1 ਜੱਫਾ ਹੋਰ ਲਾਇਆ।ਦੂਜੇ ਪਾਸੇ ਜਲਾਲਦੀਵਾਲ ਦੇ ਜਾਫੀਆਂ ਨੇ ਬਿੱਲਾ ਤੇ ਕੌਰਾ ਬਸੀਆਂ ਤੇ ਦਰਸ਼ੀ ਨੇ ਚਹਿਲਾਂ ਦੇ ਧਾਵੀਆਂ ਨੂੰ 1-1 ਜੱਫਾ ਲਾਇਆ।ਮੈਚ 4-4 ਜੱਫੇ ਲੱਗ ਕੇ ਬਰਾਬਰੀ ਤੇ ਚਲ ਰਿਹਾ ਸੀ ਜਲਾਲਾਦੀਵਾਲ ਦੇ ਜਾਫੀਆਂ ਨੇ ਆਖਿਰੀ ਤੇ ਫੈੇਸਲਾਕੁੰਨ ਰੇਡ ਤੇ ਜੱਫਾ ਲਾ ਕੇ ਮੈਚ ਸਾਢੇ 14 ਦੇ ਮੁਕਾਬਲੇ 16 ਅੰਕਾਂ ਨਾਲ ਜਿੱਤ ਲਿਆ ਤੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ।ਇਸ ਮੌਕੇ ਪਿੰਡ ਕਟਾਣੀ ਦੇ ਨਾਮਦੇਵ ਦਵਾਖਾਨੇ ਵਾਲੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਵੈਦ ਮਨਜੀਤ ਸਿੰਘ ਨੂੰ ਸ.ਗੁਰਦੇਵ ਸਿੰਘ ਸਿੱਧੂ ਐੇਬਸਫੋਰਡ ਕੈਨੇਡਾ ਵਲੋਂ ਉਨ੍ਹਾਂ ਦੀਆਂ ਇਲਾਜ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਬਦਲੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਪਿੰਡ ਦੇ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਗੁਰਪ੍ਰੀਤ ਕਟਾਣੀ ਨੂੰ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ਤੇ ਅਤੇ ਵੈਦ ਮਨਜੀਤ ਸਿੰਘ ਵਲੋਂ 11 ਹਜਾਰ ਰੁਪਏ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ।ਫਾਈਨਲ ਮੈਚ ਵਿਚ ਜਲਾਲਦੀਵਾਲ ਨੇ ਧੱਲੇਕੇ ਦੀ ਟੀਮ ਨੂੰ ਹਰਾ ਕੇ ਕਬੱਡੀ ਓਪਨ ਦਾ ਪਹਿਲਾ ਇਨਾਮ ਜਿੱਤ ਲਿਆ।ਇਸ ਮੈਚ ਦੌਰਾਨ ਵੈਦ ਮਨਜੀਤ ਸਿੰਘ ਕਟਾਣੀ ਕਲਾਂ ਅਤੇ ਉਨ੍ਹਾਂ ਦੇ ਸਪੁੱਤਰ ਗੁਰਤੇਜ ਸਿੰਘ ਵਲੋਂ ਹਰ ਰੇਡ ਤੇ ਜੱਫੇ ਉੱਤੇ ਸੌ-ਸੌ ਰੁਪਏ ਦੇ ਨੋਟ ਵੰਡੇ ਗਏ।ਕੇਸਰ ਸਿੰਘ ਧਾਰੀਵਾਲ ਯੂ.ਕੇ.ਵਲੋਂ ਫਸਵੇਂ ਅੰਕਾਂ ਤੇ ਹਜਾਰ-ਹਜਾਰ ਦੇ ਨੋਟ ਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ।ਜਲਾਲਦੀਵਾਲ ਦੇ ਧਾਵੀ ਗੁਰਮੀਤ ਮੰਡੀਆਂ ਨੂੰ ਬੈਸਟ ਧਾਵੀ ਤੇ ਬਿੱਲਾ ਜਲਾਲਦੀਵਾਲ ਨੂੰ ਬੈਸਟ ਜਾਫੀ ਚੁਣਿਆ ਗਿਆ।ਜੇਤੂ ਖਿਡਾਰੀਆਂ ਨੂੰ ਮਹਿੰਦਰਪ੍ਰਤਾਪ ਸਿੰਘ ਸਰਪੰਚ ਕਟਾਣੀ ਕਲਾਂ,ਅਵਤਾਰ ਸਿੰਘ ਚੇਅਰਮੈਨ,ਬੰਤ ਸਿੰਘ ਮਾਂਗਟ,ਭੁਪਿੰਦਰ ਸਿੰਘ ਤੇ ਜੇ.ਪੀ ਸਿੰਘ ਵਲੋਂ ਇਨਾਮ ਤਕਸੀਮ ਕੀਤੇ ਗਏ।ਅੰਤ ਵਿਚ ਗਾਇਕ ਪ੍ਰੀਤ ਕਟਾਣੀ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।