ਲੁਧਿਆਣਾ - ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਹੈ ਕਿ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਲਈ ਚੋਣਾਂ ਪੂਰੀ ਤਰਾਂ ਗੈਰ ਸਿਆਸੀ ਅਤੇ ਇਖਲਾਕੀ ਹੋਣੀਆਂ ਚਾਹੀਦੀਆਂ ਹਨ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਸ ਅਮਨ ਨੇ ਕਿਹਾ ਕਿ ਧਰਮ ਨੂੰ ਪੈਸੇ ਨਾਲ ਤੋਲਣਾ ਸਿੱਖ ਪਰੰਪਰਾਵਾਂ ਦੀ ਤੌਹੀਨ ਹੈ । ਸ. ਅਮਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਹ ਚੋਣਾਂ ਵਿੱਚ ਸਿਆਸੀ ਪੈਂਤੜੇਬਾਜ਼ੀਆਂ ਹੋ ਰਹੀਆਂ ਹਨ ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਸਿਰਫ ਸਿਆਸੀ ਲੋਕਾਂ ਦੀ ਹੀ ਖੇਡ ਬਣ ਗਈ ਹੈ । ਸ. ਅਮਨ ਨੇ ਕਿਹਾ ਕਿ ਰਾਜਨੀਤਕ ਅਖਾੜੇ ਦੇ ਇਹ ਪਹਿਲਵਾਨ ਤਾਂ ਧਾਰਮਿਕ ਸਥਾਨਾ ਦਾ ਪਹਿਲਾਂ ਹੀ ਅਪਮਾਨ ਕਰ ਰਹੇ ਹਨ ਜਿੱਤਣ ਉਪਰੰਤ ਸੇਵਾ ਕਰਨਾ ਤਾਂ ਦੂਰ ਦੀ ਗਲ ਹੈ ।
ਸ. ਅਮਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਪੰਜਾਬ ਦਾ ਫਿਕਰ ਛੱਡਕੇ ਦਿੱਲੀ ਜਾ ਬੈਠੇ ਹਨ ਅਤੇ ਸਿਆਸੀ ਤੋੜਮਰੋੜ ਕਰ ਰਹੇ ਹਨ ਇਸ ਦਾ ਸਿੱਖ ਸੰਗਤ ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਇਸ ਵਰਤਾਰੇ ਵਿਚੋਂ ਇਹ ਵੀ ਝਲਕਦਾ ਹੈ ਕਿ ਇਹਨਾ ਲੋਕਾਂ ਨੂੰ ਗੁਰੁ ਸਾਹਿਬ ਜਾਂ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਨਾਲ ਕੋਈ ਮਤਲਬ ਨਹੀਂ ਇਹ ਤਾਂ ਹਕੂਮਤੀ ਨਸ਼ੇ ਦੀ ਲੋਰ ਹੈ । ਸ. ਅਮਨ ਨੇ ਕਿਹਾ ਕਿ ਸਿੱਖ ਸੰਗਤਾਂ ਇਹਨਾ ਦੀਆਂ ਸਭ ਚਾਲਾਂ ਨੂੰ ਸਮਝ ਰਹੀਆਂ ਹਨ ਜੋ ਦਿਨਾਂ ਵਿੱਚ ਹੀ ਆਪਣਾ ਫਤਵਾ ਦੇ ਦੇਣਗੀਆਂ । ਸ. ਅਮਨ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨਾਜ਼ਕ ਮੌਕੇ ਸੋਚ ਸਮਝ ਕੇ ਫੈਸਲਾ ਲੈਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪਛਤਾਉਣਾ ਨਾ ਪਵੇ ।
ਧਰਮ ਨੂੰ ਪੈਸੇ ਨਾਲ ਤੋਲਣਾ ਸਿੱਖ ਪਰੰਪਰਾਵਾਂ ਦੀ ਤੌਹੀਨ ਹੈ – ਹਰਦਿਆਲ ਸਿੰਘ ਅਮਨ
This entry was posted in ਪੰਜਾਬ.