ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਅਦਾਰਾ ਪ੍ਰਬੰਧਕ ਕਮੇਟੀ ਨੇ ਅਜ ਇਥੇ ਪ੍ਰੈਸ ਮਿਲਨੀ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੈਂਤੀ ਤੋਂ ਵੱਧ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਜਿੱਤ ਹੋਣ ਦਾ ਦਾਵਾ ਕਰਦਿਆ ਕਿਹਾ ਕਿ ਦਿੱਲੀ ਵਿਚ ਵਸਦੇ ਕਾਬਲ ਤੋਂ ਆਏ ਸਿੱਖ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਆਪਣਾ ਪੁਰਜ਼ੋਰ ਸਮਰਥਨ ਦੇ ਕੇ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਦਾ ਪ੍ਰਣ ਕੀਤਾ ਹੈ।
ਸ. ਸਰਨਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦਾ ਪੁਤੱਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੀ ਸਾਰੀ ਤਾਕਤ ਲੈ ਕੇ ਦਿੱਲੀ ਡੇਰੇ ਲਾਈ ਬੈਠਾ ਹੈ। ਉਸ ਦਾ ਨਿਸ਼ਾਨਾ ਹਰ ਹੀਲਾ ਵਰਤ ਕੇ ਦਿੱਲੀ ਦੇ ਗੁਰਦੁਆਰਿਆਂ ਦੀ ਗੋਲਕ ਤੇ ਕਾਬਜ਼ ਹੋਣਾ ਹੈ। ਇਸ ਤੋਂ ਇਲਾਵਾ ਗੁਰਦੁਆਰਿਆਂ ਦੇ ਵਿਕਾਸ, ਸੁੰਦਰੀਕਰਣ ਸੰਗਤਾਂ ਲਈ ਨਵੀਨ ਤੇ ਆਧੁਨਿਕ ਸੁਵਿਧਾਵਾਂ, ਨੌਜਵਾਨਾ ਨੂੰ ਸਿੱਖੀ ਅਤੇ ਮਾਣ ਮਤੇ ਸਿੱਖ ਇਤਿਹਾਸ ਨਾਲ ਜੋੜਨ ਵਰਗੇ ਉਪਰਾਲਿਆ ਨਾਲ ਇਨ੍ਹਾਂ ਦਾ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ। ਇਹ ਤਾਂ ਕੇਵਲ ਅਹਿਮਦ ਸ਼ਾਹ ਅਬਦਾਲੀ ਵਾਂਗ ਦਿੱਲੀ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਲੁਟ ਕੇ ਲੈ ਜਾਣ ਦੇ ਮਨਸੂਬੇ ਘੜੀ ਬੈਠੇ ਹਨ।
ਸ. ਸਰਨਾ ਨੇ ਕਿਹਾ ਕਿ ਜਿਥੇ ਤਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮਨੰਣ ਦੀ ਗਲ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਦੈਵ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਤੇ ਜਾਰੀ ਹੋਣ ਵਾਲੇ ਸੰਦੇਸ਼ਾ ਤੇ ਹੁਕਮਾ ਦੀ ਇਨ-ਬਿਨ ਪਾਲਣਾ ਕੀਤੀ ਹੈ ਤੇ ਅਗੋਂ ਤੋਂ ਵੀ ਕਰਦੇ ਰਹਿਣ ਲਈ ਵਚਣ ਬੱਧ ਹੈ ਪਰੰਤੂ ਦੂਜੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ 1999 ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਾਗੀ ਹੈ। ੳੇੁਸ ਸਮੇਂ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਿਰ ਹੋਣ ਦਾ ਆਦੇਸ਼ ਕੀਤਾ ਸੀ ਪਰੰਤੂ ਸ. ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੁੰ ਮੰਨਣ ਦੀ ਥਾਂ ਭਾਈ ਰਣਜੀਤ ਸਿੰਘ ਨੂੰ ਹੀ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕਰ ਦਿਤਾ, ਤੇ ਅਜ ਵੀ ਉਹ (ਸ. ਬਾਦਲ) ਸ੍ਰੀ ਅਕਾਲ ਤਖਤ ਸਾਹਿਬ ਦਾ ਬਾਗੀ ਹੀ ਹੈ।
ਸ. ਸਰਨਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਵਤੰਤਰ ਤੇ ਪੱਕੇ ਤੌਰ ਤੇ ਨਿਯੁਕਤ ਨਹੀਂ ਕੀਤਾ ਤਾਜੋ ਉਹ ਜਥੇਦਾਰ ਦੀ ਸੋਚ ਨੂੰ ਅਪਣਾ ਗੁਲਾਮ ਬਣਾ ਕੇ ਰਖ ਸਕਣ ਤੇ ਜੇਕਰ ਕੋਈ ਜਥੇਦਾਰ ਪੰਥਕ ਹਿਤਾਂ ਵਿਚ ਫੈਸਲਾ ਲੈਣ ਦੀ ਜ਼ੁਰਤ ਕਰੇ ਤਾਂ ਉਸ ਨੂੰ ਤੁਰੰਤ ਹੀ ਹਟਾ ਕੇ ਪਾਸੇ ਕਰ ਦਿਤਾ ਜਾਵੇ ਤੇ ਇਸੇ ਤਰ੍ਹਾਂ ਦਾ ਹੀ ਇਤਿਹਾਸ ਵਰਤਮਾਨ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਣਾਇਆ ਜਾ ਰਿਹਾ ਹੈ।
ਸ. ਸਰਨਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮ ਕਿ ‘ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵਿਚ ਪੈਸਾ ਨਸ਼ੇ ਤੇ ਤਾਕਤ ਦੀ ਵਰਤੋਂ ਨਾ ਕੀਤੀ ਜਾਵੈ’ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਖੁਲੇ ਤੌਰ ਤੇ ਪੈਸਾ ਅਤੇ ਨਸ਼ਿਆ ਦੀ ਵਰਤੋਂ ਤੋਂ ਇਲਾਵਾ ਸਿੱਖ ਵੋਟਰਾਂ ਨੂੰ ਰਾਜ ਦੀ ਤਾਕਤ ਵਿਖਾ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ। ਲੇਕਿਨ ਦਿੱਲੀ ਦਾ ਸਿੱਖ ਸੁਚੇਤ ਹੈ ਗੁਰੂ ਦੇ ਭਾਣੇ ਵਿਚ ਰਹਿਣ ਵਾਲਾ ਹੈ ਉਸ ਉਪਰ ਇਨ੍ਹਾਂ ਪ੍ਰਲੋਭਣਾ ਦਾ ਕੋਈ ਅਸਰ ਨਹੀਂ ਪਵੇਗਾ ਤੇ ਇਨ੍ਹਾਂ ਚੋਣਾਂ ਦੇ ਨਤੀਜੇ ਸਿੱਧ ਕਰ ਦੇਣਗੇ ਕਿ ਬਾਦਲ ਦੇ ਸਿਰ ਮੂੰਨੇ ਅਕਾਲੀ ਦਲ ਤੇ ਬਾਦਲ ਦੇ ਗੁੰਡਾਬ੍ਰਿਗੇਡ ਦਾ ਦਿੱਲੀ ਦੇ ਸਿੱਖਾਂ ਨੇ ਆਪਣੀਆ ਵੋਟਾਂ ਰਾਹੀ ਢੁਕਵਾਂ ਜਵਾਬ ਦਿਤਾ ਹੈ।