ਬਰਨਾਲਾ,(ਜੀਵਨ ਰਾਮਗੜ੍ਹ)-ਸਵਾ ਕੁ 8 ਸਾਲ ਪਹਿਲਾਂ ਬਰਨਾਲਾ ਵਿਖੇ ਇੱਕ ਗੂੰਗੀ ਬਹਿਰੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਦੇ ਚਰਚਿਤ ਮਾਮਲੇ ਦਾ ਨਿਬੇੜਾ ਕਰਦਿਆਂ ਅੱਜ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਰਨਾਲਾ ਦੀ ਅਦਾਲਤ ਵੱਲੋਂ ਨਾਮਜਦ ਮੁਲਜਮ ਨੂੰ ਉਮਰ ਕੈਦ ਤੇ 20 ਹਜ਼ਾਰ ਰੁਪਏ ਜ਼ੁਰਮਾਨੇ ਦਾ ਫੈਸਲਾ ਸੁਣਾਇਆ।
ਮਾਮਲੇ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਬਰਨਾਲਾ ਵਿਖੇ 5 ਸਤੰਬਰ 2004 ਨੂੰ ਆਈ.ਪੀ.ਸੀ. ਦੀ ਧਾਰਾ 120 ਬੀ/366 ਅਤੇ 376 ਤਹਿਤ ਪੀੜਿਤਾ ਦੀ ਮਾਤਾ ਵੱਲੋਂ ਆਪਣੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਜਿਸ ਅਨੁਸਾਰ ਉਸ ਸਮੇਂ ਉਸਦੀ ਸਾਢੇ ਕੁ 14 ਸਾਲ ਦੀ ਬੋਲਣ/ਸੁਣਨ ਤੋਂ ਅਸਮਰੱਥ ਲੜਕੀ (ਕਾਲਪਨਿਕ ਨਾਂਅ ਅਣਜਾਣੀ) ਨਾਲ ਗੁਆਂਢ ’ਚ ਰਹਿੰਦੇ ਮਾਰਕੀਟ ਕਮੇਟੀ ’ਚ ਮਾਲੀ ਲੱਗੇ ਸ਼ਿਵ ਰਾਮ ਦੇ ਲੜਕੇ ਨਰਿੰਦਰ ਕੁਮਾਰ ਵਗੈਰਾ ਆਪਣੇ ਪਰਿਵਾਰਕ ਮੈਂਬਰਾ ਨਾਲ ਹਮਮਸ਼ਵਰਾ ਹੋ ਕੇ ਬਲਾਤਕਾਰ/ਜ਼ਬਰ ਜਨਾਹ ਕਰਦੇ ਰਹੇ ਸਿੱਟੇ ਵਜੋਂ ਪੀੜਿਤਾ ਗਰਭਵਤੀ ਵੀ ਹੋ ਗਈ ਸੀ। ਜਿਸ ਸਬੰਧੀ ਉਸ ਨੂੰ ਇੱਕ ਦਿਨ ਅਚਨਚੇਤੀ ਘਰ ਵਾਪਸੀ ’ਤੇ ਪੀੜਿਤਾ ਦੇ ਘਰ ਨਾ ਹੋਣ ਤੇ ਤਲਾਸ਼ ਵਜੋਂ ਉਪਰੋਕਤ ਗੁਆਂਢੀ ਦੇ ਘਰ ਜਾਣ ’ਤੇ ਪਤਾ ਲੱਗਾ।
ਇਸ ਮਾਮਲੇ ਦੀ 8 ਸਾਲ ਤੋਂ ਵੱਧ ਲੰਮਾ ਸਮੇਂ ਚੱਲੀ ਕਾਨੂੰਨੀ/ਅਦਾਲਤੀ ਕਾਰਵਾਈ ਉਪਰੰਤ ਅੱਜ ਵਧੀਕ ਜ਼ਿਲ੍ਹਾ ਸੈਸਨ ਜੱਜ ਬਰਨਾਲਾ ਬੀ.ਐਸ.ਸੰਧੂ ਦੀ ਅਦਾਲਤ ਵੱਲੋਂ ਨਿਰਣਾ ਕਰਦਿਆਂ ਨਾਮਜ਼ਦ ਦੋਸ਼ੀ ਨਰਿੰਦਰ ਕੁਮਾਰ ਨੂੰ ਅਲੱਗ-ਅਲੱਗ ਧਾਰਾਵਾਂ ਜਿਵੇਂ ਕਿ 366 ਤੇ 366ਏ ਤਹਿਤ 7-7 ਸਾਲ ਸਮੇਤ ਪੰਜ-ਪੰਜ ਹਜ਼ਾਰ ਜ਼ੁਰਮਾਨੇ ਤੋਂ ਇਲਾਵਾ ਧਾਰਾ 376(2)ਜੀ ਤਹਿਤ ਉਮਰ ਕੈਦ ਸਮੇਤ ਦਸ ਹਜ਼ਾਰ ਰੁਪਏ ਜ਼ੁਰਮਾਨਾ ਅਲੱਗ ਭਰਨ ਦਾ ਹੁਕਮ ਸੁਣਾਇਆ ਗਿਆ।