ਲੰਮੀ ਗੁੱਤ

ਕਿਤਾਬ ਚੁੱਕ ਬੈਡ ਤੇ ਜਾ ਕੇ ਬੈਠਾ ਹੀ ਸੀ ਕਿ ਫੋਨ ਖੜਕ ਪਿਆ।“ਇਸ ਵੇਲੇ ਕਿਹਦਾ ਫੋਨ ਆ ਗਿਆ”? ਇਹ ਸੋਚਦੇ ਹੋਏ ਮੈ ਫੋਨ ਚੁੱਕਿਆ, “ ਹੈਲੋ।”
“ ਐਤਵਾਰ ਨੂੰ ਹੋਣ ਵਾਲੀ ਸਭਾ ਵਿਚ ਟਾਈਮ ਨਾਲ ਆ ਜਾਈਂ।” ਮੇਰਾ ਇਕ ਲੇਖਕ ਦੋਸਤ ਕਹਿ ਰਿਹਾ ਸੀ, “ ਸੌਰੀ ਤੈਨੂੰ ਲੇਟ ਫੋਨ ਕੀਤਾ।”
“ ਕੋਈ ਨਹੀ ਮੈ ਅਜੇ ਜਾਗਦਾ ਹੀ ਸੀ।”
“ ਮੈ ਵੀ ਇਹ ਹੀ ਸੋਚਿਆ ਕੱਲ ਨੂੰ ਕਿਹੜਾ ਤੂੰ ਕੰਮ ਤੇ ਜਾਣਾ, ਜਾਗਦਾ ਹੀ ਹੋਣਾ ਆ, ਚੰਗਾ ਫਿਰ ਆ ਜਾਈਂ।”
“ ਜ਼ਰੂਰ,ਜ਼ਰੂਰ।” ਇਹ ਕਹਿ ਕੇ ਮੈ ਫੋਨ ਰੱਖ ਦਿੱਤਾ। ਥੋੜਾ-ਬਹੁਤਾ ਲਿਖਣ ਦਾ ਸ਼ੌਕ ਹੋਣ ਕਾਰਨ ਇਸ ਤਰਾਂ ਦੇ ਫੋਨ ਆਉਂਦੇ ਹੀ ਰਹਿੰਦੇ ।ਸਭ ਇਹ ਹੀ ਸੋਚਦੇ ਨੇ ਕਿ ਮੈਨੂੰ  ਸਭਾ ਵਿਚ ਜਾਣ ਦਾ ਲੇਖਕਾਂ ਨਾਲ ਮਿਲਣ ਦਾ ਚਸਕਾ ਪਿਆ ਕਰਕੇ ਇਹੋ ਅਜਿਹੇ ਪ੍ਰੋਗਰਾਮਾਂ ਵਿਚ ਜਾਂਦਾਂ  ਹਾਂ, ਪਰ ਅਸਲ ਇਕ ਹੋਰ ਗੱਲ ਵੀ ਹੈ ਜੋ ਮੇਰਾ ਦਿਲ  ਜਾਂ ਮੇਰਾ ਦੋਸਤ ਪਿੰਦਰ ਹੀ ਜਾਣਦਾ ਹੈ ਮੈ ਕਿਉਂ ਜਾਂਦਾ ਹਾਂ? ਪਹਿਲੀ ਵਾਰੀ ਜਦੋਂ ਸਭਾ ਵਿਚ ਗਿਆ ਤਾਂ ਉੱਥੇ ਕਹਾਣੀਆਂ ਕਵਿਤਾਵਾਂ ਪੜ੍ਹਨ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਇਕ ਕੁੜੀ ਨੇ ਕਵਿਤਾ ਪੜ੍ਹੀ ਉਸ ਦੇ ਬੋਲ ਅਜੇ ਵੀ ਯਾਦ ਨੇ, “ ਮੰਜ਼ਲ ਨੂੰ ਉਡੀਕ ਹੈ ਐਸੇ ਰਾਹੀ ਦੀ।
ਗੁਣਾ ਨਾਲ ਭਰਪੂਰ ਸੋਹਣੇ ਮਾਹੀ ਦੀ।
ਜਦੋਂ ਮੈ ਇਹ ਕਵਿਤਾ ਸੁਣੀ ਤਾਂ ਮੇਰਾ ਧਿਆਨ ਆਪਣੇ-ਆਪ ਉਸ ਵੱਲ ਚਲਾ ਗਿਆ।ਉਹ ਸਕਾਈ ਬਿਲਊ ਸੂਟ ਵਿਚ ਕਾਫੀ ਜਚ ਰਹੀ ਸੀ।ਕਵਿਤਾ ਪੜ੍ਹਨ ਤੋਂ ਪਹਿਲਾਂ ਉਸ ਦਾ ਨਾਮ ਸ਼ਾਇਦ ਸੈਕਟਰੀ ਸਾਹਿਬ ਨੇ ਦੱਸਿਆ ਹੋਵੇਗਾ, ਪਰ ਮੈ ਧਿਆਨ ਨਹੀ ਦਿੱਤਾ।ਕਵਿਤਾ ਪੜ੍ਹ ਕੇ ਮੁੜੀ ਤਾਂ ਸਭ ਨੇ ਵਾਹ ਵਾਹ ਕਰਕੇ ਤਾੜੀਆਂ ਮਾਰੀਆਂ, ਪਰ ਮੇਰੇ ਹੱਥ ਤਾੜੀਆਂ ਮਾਰਨ ਲਈ ਜੁੜੇ ਹੀ ਨਾ ਕਿਉਂ ਕਿ ਮੇਰਾ ਧਿਆਨ ਉਸ ਦੀ ਲੰਮੀ ਅਤੇ ਮੋਟੀ ਗੁੱਤ ਉੱਪਰ ਸੀ ਜੋ ਉਸ ਦੀ ਪਿੱਠ ਉੱਪਰ ਮੇਲ ਰਹੀ ਸੀ। ਮੇਰੇ ਨਾਲ ਬੈਠੇ ਪਿੰਦਰ ਨੇ ਮੇਰੇ ਵੱਲ ਦੇਖਦੇ ਕਿਹਾ, “ ਕੀ ਗੱਲ ਕਵਿਤਾ ਪਸੰਦ ਨਹੀ ਆਈ?”
“ ਕਵਿਤਾ ਤਾਂ ਚੰਗੀ ਸੀ।” ਮੈ ਸੱਚ ਕਹਿ ਦਿੱਤਾ, “ ਮੇਰਾ ਧਿਆਨ ਕਿਤੇ ਹੋਰ ਸੀ।”
“ ਅੱਜ ਪਹਿਲੀ ਵਾਰੀ ਹੀ ਸਭਾ ਵਿਚ ਆਉਣ ਨਾਲ  ਧਿਆਨ ਉੱਖੜ ਗਿਆ।” ਉਸ ਨੇ ਹੱਸਦੇ ਜਿਹੇ ਕਿਹਾ, “ ਅੱਗੇ ਕੀ ਬਣੂਗਾ।”
“ ਕਈ ਵਾਰ ਪਹਿਲੀ ਵਾਰੀ ਕਵਿਤਾ- ਕਹਾਣੀ ਪੜ੍ਹੀ ਜਾਂ ਸੁਣੀ ਜਾਵੇ ਸਮਝ ਹੀ ਨਹੀ ਆਉਂਦੀ।” ਮੈ ਕਿਹਾ, “ ਫਿਰ ਦੁਬਾਰਾ ਕੋਸ਼ਿਸ ਕਰੀਏ ਤਾਂ ਸਮਝ ਆ ਜਾਂਦੀ ਆ।”
“ ਬੁਲਾਈਏ ਉਸ ਨੂੰ ਦੁਬਾਰਾ।” ਪਿੰਦਰ ਨੇ ਟਿਚਰ ਕਰਦੇ ਕਿਹਾ, “ ਮੁੜ ਕੇ ਕਵਿਤਾ ਪੜ੍ਹ ਕੇ ਜਾਵੇ।”
ਦਿਲ ਤਾਂ ਮੇਰਾ ਕਰੇ ਕੇ ਕਹਿ ਦੇਵਾਂ, “ ਬੁਲਾ ਲੈ।” ਕਹਿੰਦੇ ਨੇ ਹੱਥ ਨਾ ਅੱਪੜੇ ਤਾਂ ਥੂ ਕੌੜੀ,ਉਹ ਹੀ ਗੱਲ ਮੈ ਕੀਤੀ, “ ਕੋਈ ਇੰਨੀ ਵੀ ਵਧੀਆ ਨਹੀ ਕਿ ਉਸ ਨੂੰ  ਦੁਬਾਰਾ ਬੁਲਾ ਲਿਆ ਜਾਵੇ।”
ਸਭਾ ਦੇ ਅੱਧ-ਵਿਚਕਾਰ ਜਦੋਂ ਚਾਹ-ਪਾਣੀ ਲਈ ਬਰੇਕ ਹੋਈ ਤਾਂ ਮੈਨੂੰ ਉਹ  ਉਹਨਾਂ ਜ਼ਨਾਨੀਆਂ ਕੋਲ ਹੀ ਖੜ੍ਹੀ ਦਿਸੀ ਜਿਹਨਾਂ ਦੀ ਗਿਣਤੀ ਬੰਦਿਆ ਦੇ ਹਿਸਾਬ ਕਾਫੀ ਥੌੜ੍ਹੀ ਸੀ।ਉਸ ਦੀ ਤਹਿਜ਼ੀਵ ਵਾਲੀ ਚਾਲ-ਢਾਲ ਦੱਸ ਰਹੀ ਸੀ ਕਿਸੇ ਚੰਗੇ ਮਾਨ-ਮਰਿਆਦਾ ਵਾਲੇ ਘਰ ਵਿਚੋਂ ਹੈ।
ਸਭਾ ਦੇ ਦੂਸਰੇ ਭਾਗ ਵਿਚ ਮੇਰੀ ਵਾਰੀ ਆਈ ਮੈ ਆਪਣੀ ਮਿੰਨੀ ਕਹਾਣੀ ਪੜ੍ਹ ਕੇ ਸੁਣਾਈ।ਬਾਕੀਆਂ ਦੇ ਨਾਲ ਉਸ ਨੇ ਵੀ ਤਾੜੀਆਂ ਵਜਾਈਆਂ।ਮੈ ਆਪਣੇ ਮਨ ਵਿਚ ਸੋਚ ਰਿਹਾ ਸੀ ਕਿ ਸਭਾ ਖਤਮ ਹੋਣ ਤੋਂ ਬਾਅਦ ਉਸ ਨੂੰ ਹਾਏ- ਹੈਲੋ ਕਹਾਂਗਾ, ਪਰ ਉਹ ਪਤਾ ਹੀ ਨਹੀ ਇਕਦੱਮ ਕਿਧਰ ਚਲੇਗੀ।ਇਧਰ-ਉਧਰ ਦੇਖਦੇ ਹੋਏ ਮੈ ਪਿੰਦਰ ਨੂੰ ਹੌਲੀ ਅਜਿਹੀ ਕਿਹਾ, “  ਕਵਿਤਾ ਵਾਲੀ ਕੁੜੀ ਨੂੰ ਤੂੰ ਜਾਣਦਾ।”
“ ਮੈ ਆਪ ਉਸ ਨੂੰ ਪਹਿਲੀ ਵਾਰੀ ਦੇਖਿਆ।” ਪਿੰਦਰ ਨੇ ਕਿਹਾ, “ ਕੀ ਗੱਲ ਤੂੰ ਉਸ ਕੁੜੀ ਬਾਰੇ ਸੀਰੀਅਸ ਤਾਂ ਨਹੀ ਹੋ ਗਿਆ।”
“ ਨਹੀ ਸੀਰੀਅਸ- ਸੁਰੀਅਸ ਤਾਂ ਕੀ ਹੋਣਾ।” ਮੈ ਨਾ ਗੰਭੀਰ ਹੋਣ ਦਾ ਦਿਖਾਵਾ ਕਰਦੇ ਕਿਹਾ, “ ਮੈ ਕਦੀ ਕਵਿਤਾ ਨਹੀ ਲਿਖੀ, ਸਿਰਫ ਕਹਾਣੀ ਹੀ ਲਿਖਦਾ ਹਾਂ, ਸੋਚਦਾ ਹਾਂ ਕੇ ਉਸ ਕੋਲੋ ਕਵਿਤਾ ਲਿਖਣ ਦਾ ਕੋਈ ਢੰਗ ਹੀ ਸਿਖ ਲਵਾਂ।”
“ ਜਾਣਦਿਆ ਕਰ।” ਪਿੰਦਰ ਨੇ ਉੱਚੀ ਹੱਸਦੇ ਕਿਹਾ, “ ਤੂੰ ਜਾਗਦਿਆਂ ਨੂੰ ਲੰਮੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਏ, ਕਵਿਤਾ ਸਿਖਾਉਣ ਵਾਲੇ ਤਾਂ ਹੋਰ ਵੀ ਬਥੇੜੇ ਮਿਲ ਸਕਦੇ ਨੇ ਉਸੇ ਕੁੜੀ ਤੋਂ ਕਿਉ?”
ਮੈ ਆਪਣੀ ਆਖੀ ਗਈ ਗੱਲ ਤੇ ਸ਼ਰਮਿੰਦਾ ਜਿਹੇ ਹੁੰਦੇ ਕਿਹਾ, “ ਮੈ ਤਾਂ ਅਜੇ ਇਸ ਸ਼ਹਿਰ ਵਿਚ ਨਵਾ ਆਇਆ ਹਾਂ, ਕਿਸੇ ਹੋਰ  ਕਵਿਤਾ ਲਿਖਣ ਵਾਲੇ ਨੂੰ ਜਾਣਦਾ ਹੀ ਨਹੀ।” ਕਈ ਵਾਰੀ ਆਪਾਂ ਜਿਨਾਂ ਝੂਠ ਛਪਾਉਣ ਦੀ ਕੋਸ਼ਿਸ਼ ਕਰਦੇ ਹਾਂ ਸੱਚ ਉਨਾ ਹੀ ਬਾਹਰ ਨੂੰ ਆਉਣ ਦਾ ਯਤਨ ਕਰਦਾ ਏ। ਉਹ ਹੀ ਕੁੱਝ ਮੇਰੇ ਨਾਲ ਹੋ ਰਿਹਾ ਸੀ। ਪਿੰਦਰ ਫਿਰ ਹੱਸਿਆ ਅਤੇ ਮੱਥਾ ਇਕੱਠਾ ਕਰਦਾ ਪੁੱਛਣ ਲੱਗਾ, “ ਉਹ ਤੈਨੂੰ ਜਾਣਦੀ ਹੈ, ਤੂੰ ਮੰਨ ਜਾ ਤਾਂ, ਉਹ ਕੁੜੀ ਤੈਨੂੰ ਚੰਗੀ ਲੱਗੀ।”
“ ਤੂੰ ਜੱਬਰਦਸਤੀ ਮਨਾਈ ਜਾ।” ਮੈ ਵੀ ਆਪਣੀ ‘ਮੈਂ ਨਾ ਮਾਨੂੰ’ ਵਾਲੀ ਅੜੀ ਰੱਖਦੇ ਕਿਹਾ, “ ਚੱਲ ਛੱਡ ਉਸ ਨੂੰ ਅਸੀ ਕੀ ਲੈਣਾ ਕਵਿਤਾ ਸਿਖ ਕੇ ਸਾਡੀ ਮਿੰਨੀ ਕਹਾਣੀ ਹੀ ਚੰਗੀ।”
“ ਹਾਂ ਇਹ ਤਾਂ ਹੋਈ ਗੱਲ।” ਪਿੰਦਰ ਨੇ ਫਿਰ ਮੁਸਕ੍ਰਾ ਕੇ ਕਿਹਾ, “ਉੰਝ ਵੀ ਪੰਜਾਬੀ ਲੇਖਕ ਕਵਿਤਾ ਲਿਖੇ ਜਾਂ ਕਹਾਣੀ, ਉਸ ਦੀ ਲਿਖਤ ਦਾ ਮੁੱਲ ਜਿੰਨਾ ਕੁ ਆਪਣੇ ਸਮਾਜ ਵਿਚ ਪੈਂਦਾ ਹੈ ਤੈਨੂੰ ਪਤਾ ਹੀ ਹੈ।”
“ ਉਹ ਤਾਂ ਮੈਨੂੰ ਪਤਾ।” ਮੈ ਸੱਚੀ ਗੱਲ ਦੱਸਣ ਲੱਗਾ, “ ਕਾਲਜ਼ ਪੜ੍ਹਦੇ ਜਦੋਂ ਮੈ ਕੱਝ ਲਿਖਿਆ ਕਰਨਾ ਤਾ ਮੇਰੇ ਦਾਦਾ ਜੀ ਝੱਟ ਮੈਨੂੰ ਕਹਿ ਦਿੰਦੇ, “ ਹੱਟ ਜਾ ਪੁੱਠੇ ਕੰਮਾਂ ਤੋਂ, ਪੜ੍ਹਾਈ ਕਰ ਦਿਲ ਲਾ ਕੇ, ਤੈਨੂੰ ਪਤਾ ਲੇਖਕ ਭੁੱਖੇ ਮਰ ਜਾਂਦੇ ਨੇ। ਜਦੋਂ ਮੈ ਉਹਨਾ ਨੂੰ ਕਹਿਣਾ ਕਿ ਮੈ ਲਿਖਣ ਦਾ ਕੋਈ ਮੁੱਲ ਥੌੜ੍ਹਾ ਲੈਣਾ  ਮੈ ਤਾਂ ਸਿਰਫ ਸ਼ੌਂਕ ਨੂੰ ਲਿਖਦਾ  ਹਾਂ  ਤਾਂ ਫਿਰ ਉਹਨਾਂ ਕਹਿਣਾ, ਚੱਲ ਫਿਰ ਠੀਕ ਹੈ, ਸ਼ੌਕ ਦਾ ਕੋਈ ਮੁੱਲ ਹੀ ਨਹੀ ਹੁੰਦਾ।”
ਅਸੀ ਇਹ ਗੱਲਾਂ ਹਾਲ ਦੇ ਕੋਨੇ ਵਿਚ ਖੱੜ੍ਹੇ ਹੋ ਕੇ ਕਰ ਰਿਹੇ ਸਨ, ਉੱਥੇ ਹੀ ਦੋ ਤਿੰਨ ਸ਼ਹਿਰ ਦੇ ਵਧੀਆ ਲੇਖਕ ਸਾਡੇ ਕੋਲ ਆ ਗਏ।ਇਕ ਨੇ ਮੇਰੇ ਕੋਲ ਆ ਕੇ ਕਿਹਾ, “ ਤੁਸੀ ਪੰਜਾਬ ਤੋਂ ਨਵੇ ਆਏ ਲੱਗਦੇ ਹੋ।”
“ ਹਾਂ ਜੀ।”
“ ਹੋਰ ਕੀ ਨੇ ਹਾਲ-ਚਾਲ ਪੰਜਾਬ ਦੇ।” ਦੂਜੇ ਨੇ ਕਿਹਾ, “ ਤੁਸੀ ਕਿਹੜੇ ਜ਼ਿਲੇ ਤੋਂ ਆ।”
ਤੀਜਾ ਜਿਸ ਦੀ ਲੇਖਣੀ ਤੋਂ ਮੈਨੂੰ ਲੱਗਾ ਸੀ ਉਹ ਕੌਮਨਿਸਟ ਵਿਚਾਰਧਾਰਾ ਦਾ ਬੋਲ ਪਿਆ, “ ਆਹ ਸਿੰਘਾ ਨੇ ਕੀ ਪੰਗਾ ਪਾਇਆ ਪੰਜਾਬ ਵਿਚ।”
ਮੈਨੂੰ ਉਸ ਦੀ ਗੱਲ ਸਮਝਦਿਆਂ ਦੇਰ ਨਾ ਲੱਗੀ ਕਿ 84 ਦੇ ਹਮਲੇ ਤੋਂ ਬਾਅਦ ਜੋ ਪੰਜਾਬ ਵਿਚ ਚਲ ਰਿਹਾ ਹੈ ਉਸ ਬਾਰੇ ਹੈ ਮੈ ਹਾਜ਼ਰ ਜ਼ਵਾਬੀ ਵਿਚ ਕਿਹਾ, “ ਸਿੰਘ ਤਾਂ ਕਿਸੇ ਨਾਲ ਘੱਟ ਹੀ ਪੰਗਾ ਪਾਉਂਦੇ ਨੇ, ਪਰ ਜੇ ਕੋਈ ਉਹਨਾਂ ਨਾਲ ਪੰਗਾ ਪਾਵੇ ਫਿਰ ਜਾਣ ਵੀ ਉਸ ਨੂੰ ਘੱਟ ਹੀ ਦੇਂਦੇ ਹੈ।”
“ ਰੌਲਾ ਪਾ ਕੇ ਇਹਨਾ ਨੂੰ ਕੀ ਮਿਲ ਜਾਣਾ ਏ।” ਪਹਿਲਾ ਫਿਰ ਬੋਲਿਆ, “ ਭਾਰਤ ਵਿਚ ਇਹਨਾਂ ਦੀ ਅਬਾਦੀ ਦੋ ਪਰਸੈਂਟ ਆ, ਟਿਕ ਕੇ ਫਿਰ ਵੀ ਬੈਠਨਾ ਹੀ ਨਹੀ ਆਉਂਦਾ।”
“ ਵੈਸੇ ਤਾਂ ਦੋ ਪਰਸੈਂਟ ਨੇ ਹੀ ਭਾਰਤ ਦੀ ਅਜ਼ਾਦੀ  ਵਿਚ ਸੱਭ ਤੋਂ ਵੱਧ ਹਿੱਸਾ ਪਾਇਆ।” ਐਤਕੀ ਮੇਰੀ ਥਾਂ ਪਿੰਦਰ ਬੋਲਿਆ, “ ਚਲੋ ਜੀ, ਇਹ ਤਾਂ ਆਪਣੀ ਆਪਣੀ ਸੋਚ ਹੈ।”
ਮੈ ਪਿੰਦਰ ਦੀ ਗੱਲ ਤੋਂ ਅੰਦਾਜ਼ਾ ਲਾਇਆ ਕਿ ਉਹ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਏ। ਜਦੋਂ ਕਿ ਉਹ ਬਹਿਸ ਦੇ ਮੂਡ ਵਿਚ ਸਨ।ਪਿੰਦਰ ਨੇ ਗੱਲ ਬਦਲਣ ਦੇ ਪੈਂਤੜੇ ਨਾਲ ਅਤੇ ਮੇਰੀ ਜਾਣਕਾਰੀ ਲਈ ਨਵੀ ਗੱਲ ਸ਼ੁਰੂ ਕੀਤੀ, “ ਉਹ ਜੀ, ਕੀ  ਸੀ ਉਸ ਕੁੜੀ ਦਾ ਨਾਮ ਭਲਾ ਜੋ ਆਪਣੀ ਸਭਾ ਵਿਚ ਪਹਿਲੀ ਵਾਰੀ ਆਈ ਹੈ, ਚੰਗੀ ਸੀ ਉਸ ਦੀ ਕਵਿਤਾ।”
ਤੀਜ਼ਾ ਬੰਦਾ ਜ਼ੋਰ ਦੀ ਹੱਸਿਆ ਅਤੇ ਉਸ ਦਾ ਨਾਮ ਦੱਸਣ ਦੀ ਥਾਂ ਬੋਲਿਆ, “ ਪਿੰਦਰ ਤੂੰ ਵੀ ਹੱਦ ਕਰ ਦਿੱਤੀ, ਕਦੀ ਕੋਈ ਕੁੜੀ ਵੀ ਚੰਗੀ ਕਵਿਤਾ ਲਿਖ ਸਕਦੀ ਆ?”
“ ਕਿਉਂ।” ਮੇਰੇ ਮੁੰਹੂ ਇਕਦੱਮ ਨਿਕਲਿਆ, “ ਆਪਣੇ ਸਾਹਿਤ ਵਿਚ ਤਾਂ ਬਹੁਤ ਐਸੀਆਂ ਇਸਤਰੀਆਂ ਨੇ ਜਿਨਾਂ ਚੰਗੀਆਂ ਕਿਤਾਬਾਂ ਪੰਜਾਬੀਆਂ ਦੀ ਝੋਲੀ ਵਿਚ ਪਾਈਆਂ ।”
“ ਔਰਤ ਕਦੀ ਵੀ ਆਦਮੀਆਂ ਨਾਲੋ ਵਧੀਆ ਨਹੀ ਲਿਖ ਸਕਦੀ।” ਉਹ ਅੱਧਖੜ ਆਦਮੀ ਫਿਰ ਬੋਲਿਆ, “ ਤੁਸੀ ਦੱਸੋ ਹੈ ਕੋਈ।”
“ ਅੰਮ੍ਰਿਤਾ ਪਰੀਤਮ।” ਮੈ ਅਜੇ ਹੋਰ ਨਾਮ ਲੈਣ ਹੀ ਲੱਗਾ ਸੀ ਕਿ ਦੂਜਾ ਹੱਸਦਾ ਹੋਇਆ ਕਹਿਣ ਲੱਗਾ, “ ਅੰਮ੍ਰਿਤਾ ਇਮਰੋਜ਼ ਕਹੋ, ਉਹ ਸ਼ਾਰਬ ਵੀ ਪੀ ਲੈਂਦੀ ਸੀ।”

ਉਹਦੀ ਗੱਲ ਸੁਣ ਕੇ ਮੇਰੇ  ਤਿਊੜੀਆਂ ਪੈ ਗਈਆਂ, ਪਿੰਦਰ ਨੇ ਮੇਰੇ ਮੱਥੇ ਨੂੰ ਦੇਖਦੇ ਸਾਰ ਹੀ ਕਿਹਾ, “ ਚੱਲ ਫਿਰ ਚੱਲੀਏ , ਮੈ ਜਾ ਕੇ ਕੰਮ ਤੇ ਵੀ ਜਾਣਾ ਹੈ।” ਇਹ ਕਹਿੰਦਾ ਹੋਇਆ ਉਹ ਉਹਨਾ ਨੂੰ ਸਤਿ-ਸਲਾਮ ਕਰਨ ਲੱਗਾ।ਮੇਰੇ ਨਾਲ ਵੀ ਉਹਨਾਂ ਹੱਥ ਮਿਲਾਏ ਅਤੇ ਅਗਲੀ ਮੀਟੰਗ ਵਿਚ ਆਉਣ ਲਈ ਵੀ ਕਿਹਾ।
ਪਿੰਦਰ ਦੀ ਕਾਰ ਵਿਚ ਬੈਠਦਿਆਂ ਹੀ ਮੈ ਕਿਹਾ, “ ਉਹ ਤੇਰੇ ਮਿੱਤਰ ਕਿਹੋ ਜਿਹੀਆਂ ਗੱਲ ਕਰ ਰਹੇ ਸਨ।”
“ ਮੇਰੇ ਕਾਹਦੇ ਮਿੱਤਰ ਆ।” ਪਿੰਦਰ ਨੇ ਕਾਰ ਬੈਕ ਕਰਦਿਆ ਕਿਹਾ, “ ਮੈ ਤਾਂ ਇਹਨਾਂ ਦੇ ਮੂੰਹ ਘੱਟ ਹੀ ਲੱਗਦਾ ਏ,  ਉਦਾ ਲਿਖਦੇ ਚੰਗਾ ਆ, ਪਰ ਜਦੋਂ ਗੋਲਡਨ ਟੈਂਪਲ ਤੇ ਹਮਲਾ ਹੋਇਆ ਇਹਨਾਂ ਨੇ ਇਕ ਵਾਰੀ ਵੀ ਹਮਲੇ ਨੂੰ ਗੱਲਤ ਨਾ ਕਿਹਾ ਅਤੇ ਨਾ ਹੀ ਇਸ ਦੇ ਬਾਰੇ ਕੁੱਝ ਲਿਖਿਆ।”
“ਅਕ੍ਰਿਤਘਣ।”
“ ਬਹਿਸ ਨੂੰ ਤਿਆਰ ਰਹਿੰਦੇ ਆ”
“ ਲੱਗਦਾ ਹੈ ਲਿਖਦੇ ਵੀ ਬਹਿਸ ਕਰਨ ਲਈ ਆ।” ਮੈ ਕਿਹਾ, “ ਇਕ ਵਾਰੀ ਇਕ ਕਥਾਕਾਰ ਦੱਸ ਰਿਹਾ ਸੀ ਕਿ ਗੁਰੂ ਜੀ ਪੰਡਿਤ ਨੂੰ ਕਹਿ ਰਹੇ ਨੇ ਕਿ ਤੂੰ ਵੇਦ ਇਸ ਲਈ ਪੜ੍ਹਦਾ ਤਾਂ ਜੋ ਵਾਦ ਕਰ ਸਕੇ, ਤੂੰ ਪ੍ਰਮਾਤਮਾ ਦੇ ਪ੍ਰੇਮ ਵਿਚ ਵੇਦ ਨਹੀ ਪੜ੍ਹਦਾ ਸਿਰਫ ਆਪਣੇ ਆਪ ਨੂੰ ਵੱਡਾ ਗਿਆਤਾ ਦੱਸਣ ਕਰਕੇ ਪੜ੍ਹਦਾ ਏ।”
“ ਬਸ ਬਸ ਇਹ ਹੀ ਹਿਸਾਬ ਇਹਨਾ ਦਾ ਹੈ।” ਪਿੰਦਰ ਨੇ ਕਿਹਾ, “ ਜੋ ਅੰਮ੍ਰਿਤਾ ਪ੍ਰਤੀਮਾ ਬਾਰੇ ਬੋਲ ਰਿਹਾ ਸੀ, ਉਸ ਨੇ ਹੀ ਪਿੱਛੇ ਜਿਹੇ ਅੰਮ੍ਰਿਤਾ ਦੀਆਂ ਸਿਫਤਾਂ ਕਰਦਿਆ ਕਵਿਤਾ ਪੜ੍ਹੀ ਸੀ।”
“ ਜਿਨਾਂ ਦੇ ਚਿਤ ਹੋਰ ਮੁਖ ਹੋਰ ਹੋਣ।” ਮੈ ਪੁੱਛਿਆ, “ ਕੀ ਫਾਈਦਾ ਇਹਨਾਂ ਦੀਆਂ ਸਭਾਵਾ ਵਿਚ ਜਾਣ ਦਾ?”
“ ਬਾਕੀ ਤਾਂ ਸਭ ਠੀਕ ਨੇ।ਇਹ ਹੀ ਨੇ ਦੋ-ਚਾਰ ਇਹੋ ਅਜਿਹੇ।” ਪਿੰਦਰ ਨੇ  ਥੱਲ਼ੜਾ ਬੁੱਲ ਆਪਣੇ ਦੰਦਾਂ ਵਿਚ ਦਬਦੇ ਕਿਹਾ, “ ਦੇਖ ਤਾਂ, ਕੁੜੀ ਕਿੰਨੀ ਚੰਗੀ ਸੀ॥”
“ ਜਦੋਂ ਪਤਾ ਹੀ ਨਹੀ ਕੌਣ ਸੀ, ਚੰਗੀ ਹੋਵੇ ਮੰਦੀ ਹੋਵੇ ਸਾਨੂੰ ਕੀ।”
“ ਆ ਗਿਆ ਲਾਈਨ ਤੇ।” ਪਿੰਦਰ ਨੇ ਹੱਸਦੇ ਕਿਹਾ, “ ਘਬਰਾ ਨਾ ਅਗਲੀ ਮੀਟੰਗ ਵਿਚ ਹੋ ਜਾਣਗੇ ਦਰਸ਼ਨ।”
ੳਦੋਂ ਤੋ ਲੈ ਕੇ ਹੁਣ ਤੱਕ ਸਭਾਵਾਂ ਵਿਚ ਆਉਣਾ ਜਾਰੀ ਰਖਿਆ, ਪਰ ਮੁੜ ਮੈਨੂੰ ਉਸ ਦੇ ਦਰਸ਼ਨ ਨਾ ਹੋਏ।ਸ਼ਾਇਦ ਇਸ ਵਾਰੀ ਹੀ ਆ ਜਾਵੇ, ਇਹ ਸੋਚ ਕੇ ਐਤਵਾਰ ਨੂੰ ਹੋਣ ਵਾਲੀ ਮੀਟੰਗ ਵਿਚ ਪੱਕਾ ਜਾਣ ਦਾ ਮਨ ਬਣਾ ਲਿਆ।
ਐਤਵਾਰ ਸਵੇਰੇ ਹੀ ਪਿੰਦਰ ਦਾ ਫੋਨ ਆ ਗਿਆ, “ ਕਿਦਾਂ ਫਿਰ ਜਾ ਰਿਹਾ ਮੀਟੰਗ ਤੇ।”
“ ਯੈਸ।”
“ ਮੈਨੂੰ ਵੀ ਚੁੱਕ ਲਈ।ਪਿਛਲੀ ਵਾਰੀ ਵੀ ਮੈਥੋਂ ਜਾ ਨਹੀ ਹੋਇਆ ਸੀ, ਅੱਜ ਛੁੱਟੀ ਆ।”

ਕਾਰ ਵਿਚ ਬੈਠਦੇ ਸਾਰ ਹੀ ਪਿੰਦਰ ਨੇ ਕਿਹਾ, “ ਦੇਖ ਲੈ ਮੁੜ ਕੇ ਉਹ ਕੁੜੀ ਦਿਸੀ ਨਹੀ।”
“ ਸੱਚੀ ਯਾਰ, ਪਤਾ ਨਹੀ ਕਿੱਥੇ ਲੁਕ ਗਈ।”
“ ਮਨ ਵਿਚ ਰੱਖ ਆਸ ਨਾ ਹੋ ਉਦਾਸ।”
“ ਮੈਨੂੰ ਤਾਂ ਆਪ ਨਹੀ ਪਤਾ ਲੱਗਦਾ, ਮੈ ਕਿਉਂ ਉਹਦੇ ਬਾਰੇ ਸੋਚਦਾ ਰਹਿੰਦਾ ਏ।ਮੈਨੂੰ ਤਾਂ ਉਹਦੀ ਪਿਠ ਉੱਪਰ ਮੇਲਦੀ ਗੁੱਤ ਹੀ ਨਹੀ ਸੋਣ ਦਿੰਦੀ।”
“ ਕੈਨੇਡਾ ਵਿਚ ਗੁੱਤ ਘੱਟ ਹੀ ਦੇਖਣ ਨੂੰ ਮਿਲਦੀ ਏ।” ਪਿੰਦਰ ਨੇ ਹੱਸਦੇ ਕਿਹਾ, “ ਇਸ ਕਰਕੇ ਇਹ ਸਪਨੀ ਬਣ ਤੈਨੂੰ ਡੰਗ ਗਈ ਏ।”
“ ਚਲੋ ਇਹ ਵੀ ਮੰਨ ਲੈਂਦੇ ਆ।” ਮੈ ਮੁਸਕ੍ਰਾਂਉਂਦੇ ਹੋਏ ਕਿਹਾ, “ ਗੁੱਤ ਨਹੀ ਉਸ ਦਾ ਸਾਰਾ ਹੀ ਪਹਿਰਾਵਾ ਬੜੇ ਸਲੀਕੇ ਵਾਲਾ ਸੀ।”
“ ਉਹ ਕਿਤੇ ਹੋਰ ਸਭਾ ਦੀ ਨਾ ਮੈਂਬਰ ਬਣ ਗਈ ਹੋਵੇ।”
“ ਇੱਥੇ ਹੋਰ ਸਭਾ ਵੀ ਆ।”
“ ਇਹ ਗੱਲ ਛੱਡਦੇ ਤੂੰ , ਲੇਖਕ ਘੱਟ ਸਭਾਵਾਂ ਜ਼ਿਆਦਾ ਆ।”
“ ਅੱਛਾ, ਇੱਥੇ ਵੀ ਪੰਜਾਬ ਵਾਲਾ ਹਾਲ ਆ, ਪੰਜਾਬੀ ਕਿਸੇ ਵੀ ਮਸਲੇ ਤੇ ਇਕੱਠੇ ਨਹੀ ਹੋ ਸਕਦੇ।”
“ ਜਿੱਥੇ ਹੰਕਾਰ ਅਤੇ ਮੈ ਚੌਧਰ ਹੋਣ ਉੱਥੇ ਇਕੱਠ ਕਿੱਥੇ ਆ ਆਊ।”
ਇਸ ਤਰਾਂ ਦੀਆਂ ਗੱਲਾਂ ਕਰਦਿਆਂ ਪਾਰਕਿੰਗ-ਲਾਟ ਵਿਚ ਕਾਰ ਖੜ੍ਹੀ ਕੀਤੀ ਤਾਂ ਅਚਾਨਕ ਹੀ ਮੇਰੀ ਨਿਗਾਹ ਨਾਲ ਵਾਲੀ ਕਾਰ ਵੱਲ ਗਈ ਤਾਂ ਉਹ ਕੁੜੀ ਡਰਾਵਿੰਗ ਸੀਟ ਤੇ ਬੈਠੀ ਨਾਲ ਵਾਲੀ ਜ਼ਨਾਨੀ ਨਾਲ ਗੱਲਾਂ ਕਰਦੀ ਦਿਸੀ। ਉਸ ਨੂੰ ਦੇਖ ਕੇ ਮੈਨੂੰ ਸੌਖਾ ਜਿਹਾ ਸਾਹ ਆਇਆ ਅਤੇ ਮੈ ਹੌਲੀ ਅਜਿਹੇ ਪਿੰਦਰ ਨੂੰ ਕਿਹਾ, “ ਉਧਰ ਦੇਖ ਕੌਣ ਬੈਠਾ ਆ।”
“ ਲੈ ਕਾਕਾ, ਅੱਜ ਤਾਂ ਲੱਗਦਾ ਮਾਹ ਦਾਨ ਕਰਕੇ ਆਇਆ।” ਪਿੰਦਰ ਨੇ ਉਹਨਾਂ ਦੀ ਕਾਰ ਵੱਲ ਦੇਖਦੇ ਕਿਹਾ, “ ਚੱਲ ਛੇਤੀ ਕਰ, ਬਾਹਰ ਨਿਕਲ ਬੁਲਾਈਏ ਇਸ ਨੂੰ ਸਤਿ ਸ੍ਰੀ ਅਕਾਲ।”
ਕਾਰ ਵਿਚੋਂ ਨਿਕਲਦੇ ਸਾਰ ਹੀ ਆਮਣਾ-ਸਾਹਮਣਾ ਹੋ ਗਿਆ।ਪਿੰਦਰ ਤੋਂ ਪਹਿਲਾਂ ਹੀ ਮੈ ਉਸ ਨੂੰ ਕਿਹਾ, “ ਸਤਿ ਸ੍ਰੀ ਅਕਾਲ ਜੀ।”
ਦੋਨੋ ਇਕੱਠੀਆਂ ਬੋਲੀਆਂ, “ ਸਤਿ ਸ੍ਰੀ ਅਕਾਲ।”
“ ਵਧਾਂਈ ਤਹਾਨੂੰ।” ਪਿੰਦਰ ਨੇ ਨਾਲ ਆਈ ਔਰਤ ਨੂੰ ਕਿਹਾ, “ਤੁਹਾਡੀ ਅੱਜ ਕਿਤਾਬ ਰਲੀਜ਼ ਹੋਣੀ ਆ।”
“ ਥੈਕਊ।” ਔਰਤ ਨੇ ਕਿਹਾ, “ ਤੁਹਾਡਾ ਵੀ ਧੰਨਵਾਦ ਜੋ ਤੁਸੀ ਮੇਰੀ ਕਿਤਾਬ ਰਲੀਜ਼ ਸਮਰੋਹ ਉੱਪਰ ਪਹੁੰਚੇ ਹੋ।”
ਪਿੰਦਰ ਉਸ ਔਰਤ ਨੂੰ ਗੱਲੀ ਪਾ ਅੱਗੇ ਹੋ ਹਾਲ ਵੱਲ ਨੂੰ ਤੁਰਨ ਲੱਗਾ, ਮੈ ਉਸ ਕੁੜੀ ਦਾ ਹਮਕਦਮ ਬਣ ਕੇ ਨਾਲ ਰਲਦਿਆਂ ਕਿਹਾ, “ ਤੁਸੀ ਕਾਫੀ ਦੇਰ ਬਾਅਦ ਸਭਾ ਵਿਚ ਆਏ ਹੋ।”
“ ਹਾਂ ਜੀ, ਅੱਜ ਵੀ ਮੈ ਤਾਂ ਹੀ ਆਈ ਹਾਂ ਭੈਣ ਜੀ ਦੀ ਕਿਤਾਬ ਰਲੀਜ਼ ਹੋਣ ਕਰਕੇ।”
“ ਕਿਸੇ ਹੋਰ ਸਭਾ ਵਿਚ ਜਾਂਦੇ ਹੋ।”
“ ਨਹੀ ਜੀ।”
“ ਮੇਰਾ ਨਾਮ ਮਨਜੋਤ ਹੈ।”
“ ਅੱਛਾ ਜੀ।”
ਮੈ ਜਿੰਨੀ ਵੀ ਗੱਲ ਕਰਾਂ ਸੰਖੇਪ ਜਿਹਾ ਉੱਤਰ ਦੇਵੇ।ਛੇਤੀ ਮੀਟੰਗ ਹਾਲ ਆ ਗਿਆ।ਅਸੀ ਆਪਣੀਆਂ ਆਪਣੀਆਂ ਕੁਰਸੀਆਂ ਤੇ ਜਾ ਨਿਵਾਜ਼ੇ। ਮੈ ਜਾਣ ਕੇ ਉਸ ਦੇ ਪਿੱਛਲੀ ਸੀਟ ਤੇ ਬੈਠ ਗਿਆਂ ਤਾਂ ਜੋ ਉਸਦੀ ਸੋਹਣੀ ਗੁੱਤ ਮੈਨੂੰ ਦਿਸਦੀ ਰਹੇ।ਚਾਹ-ਪਾਣੀ ਵੇਲੇ ਪਿੰਦਰ ਨੇ ਹੌਲੀ ਜਿਹੀ ਕਿਹਾ, “ ਗੱਲ ਹੋਈ ਉਹਦੇ ਨਾਲ ਕੋਈ।”
“ ਨਾ ਭਰਾਵਾ। ਮੈ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੇ ਤਾਂ ਕੋਈ ਦਿਲਚਸਪੀ ਨਾ ਦਿਖਾਈ।”
“ ਚੱਲ ਕੋਈ ਨਾ, ਭੈਣ ਜੀ ਕੋਲੋ ਇਸ ਬਾਰੇ ਪਤਾ ਕਰਕੇ ਤੈਨੂੰ ਦੱਸਦਾਂ।”
ਕਿਤਾਬ ਰਲੀਜ਼ ਤੋਂ ਬਾਅਦ ਛੇਤੀ ਹੀ ਮਟਿੰਗ ਖਤਮ ਹੋ ਗਈ।ਕਿਉਂਕਿ ਲੌਗਵੀਕਐਂਡ ਦੀ ਛੁੱਟੀ ਕਰਕੇ ਕਈਆਂ ਨੇ ਪਾਰਟੀਆਂ ਬਗੈਰਾ ਤੇ ਜਾਣਾ ਸੀ।ਜਾਣ ਲੱਗਿਆਂ ਅਸੀ ਫਿਰ ਉਹਨਾਂ ਨਾਲ ਰੱਲ ਗਏ।ਪਿੰਦਰ ਭੈਣ ਜੀ ਨਾਲ ਗੱਲਾਂ ਕਰਨ ਲੱਗਾ। ਮੈ ਫਿਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਿਆ ਕਿਹਾ, “ ਤੁਸੀ ਸਿਰਫ ਬੁਕ ਰਲੀਜ਼ ਸਮਰੋਹ ਤੇ ਹੀ ਆਉਂਦੇ ਹੋ।”
“ ਨਹੀ, ਇਹ ਭੈਣ ਜੀ ਮੇਰੇ ਬਹੁਤ ਕਲੋਜ਼ ਨੇ ਇਸ ਲਈ ਆਈ ਹਾਂ।”
“ ਤੁਸੀ ਸਭਾ ਵਿਚ ਆਉਂਦੇ ਕਿਉ ਨਹੀ?” ਮੇਰੇ ਮੂੰਹ ਵਿਚੋਂ ਆਪਣੇ-ਆਪ ਹੀ ਨਿਕਲ ਗਿਆ, “ ਮੀਟੰਗ ਵਿਚ ਪੁੰਹਚਿਆ ਕਰੋ।”
“ ਕਿਉਂ।” ਉਸ ਨੇ ਹੈਰਾਨ ਹੁੰਦੇ ਕਿਹਾ, “ ਤੁਸੀ ਕਿਉਂ ਸਭਾ ਵਿਚ ਆਉਣ ਲਈ ਮਜ਼ਬੂਰ ਕਰ ਰਹੇ ਹੋ, ਕੋਈ ਮਤ..?”
“ ਮਜ਼ਬੂਰ ਤਾਂ ਨਹੀ ਕਰ ਰਿਹਾ, ਉਹ ਤਾਂ ਤੁਹਾਡੀ ਖੁਸ਼ੀ ਆ।”
“ ਇਸ ਤਰਾਂ ਕਹੋ ਨਾ, ਵੈਸੇ ਮੈ ਸਭਾਵਾਂ ਵਿਚ ਜਾਣਾ ਪਸੰਦ ਨਹੀ ਕਰਦੀ।”
“ ਪਸੰਦ ਨਾ ਕਰਨ ਦਾ ਵੀ ਕੋਈ ਕਾਰਨ ਹੋਵੇਗਾ।”
“ ਕਾਰਨ ਤਾਂ ਜੋ ਹੈ ਸੋ ਹੈ, ਵੈਸੇ ਮੇਰੇ ਕੋਲ ਟਾਈਮ ਹੀ ਨਹੀ ਹੁੰਦਾ।” ਉਸ ਦੇ ਇਸ ਜ਼ਵਾਬ ਤੋਂ ਮੈਨੂੰ ਪਤਾ ਹੀ ਨਾ ਲੱਗੇ ਕਿ ਕੀ ਗੱਲ ਕਰਾਂ।‘ਮੁੜ-ਘਿੜ ਖੋਤੀ ਬੋੜ ਥੱਲੇ,ਮੈ ਵੀ ਉਹ ਹੀ ਗੱਲ ਕਰਦਿਆਂ ਕਿਹਾ, “ ਅੱਛਾ ਫਿਰ ਖਾਸ ਮੌਕਿਆ ਤੇ ਹੀ ਸਭਾ ਵਿਚ ਆਉਂਦੇ ਹੋ।”
“ ਤਹਾਨੂੰ ਦੱਸਿਆ ਤਾਂ ਹੈ ਭੈਣ ਜੀ ਦੀ ਬੁਕ ਰਲੀਜ਼ ਹੋਣੀ ਕਰਕੇ ਆਈ ਸੀ,ਉਸ ਤਰਾਂ ਮੈ ਖਾਸ ਮੌਕਿਆ ਤੇ ਵੀ ਨਹੀ ਆਉਂਦੀ।”
ਪਤਾ ਨਹੀ ਮੈ ਇਹ ਕਿਵੇ ਕਹਿ ਦਿੱਤਾ,“ ਜਦੋਂ ਮੇਰੀ ਕਿਤਾਬ ਰਲੀਜ਼ ਹੋਈ ਤਾਂ ਆਵੋਗੇ।”
ਉਸ ਨੇ ਆਪਣੀ ਮੁਸਕ੍ਰਾਟ ਲਕਾਉਂਦੇ ਕਿਹਾ, “ ਦੇਖਾਂਗੀ।”
ਮੈ ਕਾਰ ਸਟਾਰਟ ਕਰਕੇ ਉਡੀਕ ਕਰਨ ਲੱਗਾ ਕਿ ਪਹਿਲਾਂ ਉਹ ਹੀ ਆਪਣੀ ਕਾਰ ਕੱਢ ਲਏ।ਕਾਰ ਨੂੰ ਰਿਵਰਸ ਗੇਰ ਵਿਚ ਪਾਉਂਦਿਆਂ ਉਸ ਨੇ ਮੇਰੇ ਵੱਲ ਦੇਖਿਆ ਤਾਂ ਪਹਿਲੀ ਵਾਰੀ ਉਸ ਦੀ ਨਿਗਾਹ ਮੇਰੇ ਨਾਲ ਮਿਲੀ, ਪਰ ਉਸ ਨੇ ਇਕਦੱਮ ਆਪਣੀਆਂ ਸ਼ਰਬਤੀ ਅੱਖਾਂ ਘੁੰਮਾਈਆਂ ਅਤੇ ਪਿੱਛੇ ਦੇਖਣ ਲੱਗੀ।
“ ਚੱਲ ਤੋਰ ਲੈ।” ਪਿੰਦਰ ਨੇ ਮਸ਼ਕੂਲਾ ਕਰਦੇ ਕਿਹਾ, “ ਉਹ ਮੁੜ ਕੇ ਤਾਂ ਨਹੀ ਆਉਣ ਲੱਗੀ, ਨਠਾ ਕੇ ਲੈ ਗਈ ਅੱਗਲੀ ਕਾਰ।”
ਦਿਲ ਸ਼ੁਦਾਈ ਹੋਇਆ ਉਸ ਦਾ ਪਿੱਛਾ ਕਰਨ ਲਈ ਕਹਿ ਰਿਹਾ ਸੀ,ਪਰ ਦਿਲ ਦਾ ਇਹ ਸੁਝਾਅ ਰੱਦ ਕਰਦਿਆਂ ਮੈ ਪਿੰਦਰ ਨੂੰ ਪੁੱਛਿਆ, “ ਭੈਣ ਜੀ ਨੇ ਦੱਸਿਆ ਕੁੱਝ ਉਹਦੇ ਬਾਰੇ।”
“ ਉਸ ਦਾ ਨਾਮ ਜੋਤੀ ਆ।” ਪਿੰਦਰ ਨੇ ਦੱਸਿਆ, “ ਆਪਣੇ ਮਾਂ-ਬਾਪ ਨਾਲ ਰਹਿੰਦੀ ਆ, ਮੈ ਤਾਂ ਭੈਣ ਜੀ ਤੋਂ ਉਸ ਦਾ ਫੋਨ ਨੰਬਰ ਵੀ ਲੈ ਲਿਆ।”
“ ਭੈਣ ਜੀ ਨੇ ਪੁੱਛਿਆ ਨਹੀ ਕਿ ਤੂੰ ਕਿਉਂ ਉਹਦੇ ਬਾਰੇ ਪੁੱਣ-ਛਾਨ ਕਰ ਰਿਹਾ ਏ।”
“ ਭੈਣ ਜੀ ਕਿਹੜੇ ਨਿਆਣੇ ਆ, ਉਹ  ਕਹਿਣ ਲੱਗੇ ਕੀ ਗੱਲ, ਬਣਾ ਤੇਰੀ ਵਿਚੋਲੀ, ਮੈ ਕਿਹਾ ਇਹਦੇ ਕਰਕੇ ਮੇਰੇ ਦੋਸਤ ਦੀ ਨੀਂਦ ਉੱਡੀ ਫਿਰਦੀ ਏ, ਮੈ ਤਾਂ ਠੀਕ ਆ, ਉਹ ਕਹਿੰਦੇ ਆਪਣੇ ਦੋਸਤ ਨੂੰ ਦੱਸੀ ਉਹਦੀ ਗੱਲ ਨਹੀ ਬੱਣਨੀ।”
“ ਕਿਉਂ?” ਮੈ ਆਪਣਾ ਸਾਹ ਉੱਪਰ ਚੜ੍ਹਾ ਕੇ ਕਿਹਾ, “ ਉਸ ਕੁੜੀ ਨਾਲੋਂ ਤੇਰੇ ਯਾਰ ਦੀ ਪਰਸਨੈਲਟੀ ਘੱਟ ਨਹੀ।”
“ ਇਹ ਗੱਲ ਨਹੀ, ਜੋਤੀ ਲੇਖਕਾਂ ਨੂੰ ਪਸੰਦ ਨਹੀ ਕਰਦੀ।”
“ ਉਹ ਆਪ ਵੀ ਤਾਂ ਲਿਖਦੀ ਆ।”
“ ਤੂੰ ਸਮਝਿਆ ਨਹੀ, ਉਹ ਆਦਮੀ ਲੇਖਕਾਂ ਨੂੰ ਪਸੰਦ ਨਹੀ ਕਰਦੀ।”
“ ਆਦਮੀ ਲੇਖਕਾਂ ਨੂੰ ਹੀ ਪਸੰਦ ਨਹੀ ਕਰਦੀ ਜਾਂ ਉਦਾਂ ਹੀ ਆਦਮੀਆਂ ਨੂੰ ਪਸੰਦ ਨਹੀ ਕਰਦੀ।” ਮੈ ਹਾਸੇ ਵਿਚ ਗੱਲ ਪਾਉਂਦੇ ਕਿਹਾ, “ ਭਰਾਵਾ, ਅੱਜ-ਕਲ ਜ਼ਮਾਨੇ ਵਿਚ ਸਭ ਉਲਟ ਹੋ ਰਿਹਾ ਕੁੱਝ ਪਤਾ ਨਹੀ ਲੱਗਦਾ।”
ਪਿੰਦਰ ਉੱਚੀ ਹੱਸਿਆ ਤੇ ਕਹਿਣ ਲੱਗਾ, “ ਨਹੀ ਨਹੀ ਇਸ ਤਰਾਂ ਦੀ ਕੋਈ ਗੱਲ ਨਹੀ, ਬਸ ਉਸ ਨੂੰ ਲੇਖਕ ਪਸੰਦ ਨਹੀ।”
“ ਕਿਉ?”
“ ਮੈਨੂੰ ਕੀ ਪਤਾ।”
“ ਭੈਣ ਜੀ ਨੇ ਦੱਸਿਆ ਨਹੀ।”
“ ਭੈਣ ਜੀ ਨੂੰ ਆਪ ਨਹੀ ਪਤਾ।”
“  ਚੱਲ ਬਚੂ, ਹੁਣ ਏਦਾ ਕਰ, ਉਸ ਦਾ ਫੋਨ ਨੰਬਰ ਦੇ,ਇਸ ਗੱਲ ਦਾ ਪਤਾ ਮੈ ਆਪ ਕਰਦਾ, ਐਸੀ ਕੀ ਤੈਸੀ, ਲੇਖਕ ਕਿਤੇ ਚੋਰ-ਜੁਆਰੀਏ ਹੁੰਦੇ ਆ।”
ਪਿੰਦਰ ਨੇ ਕਾਰ ਵਿਚ ਲੱਗੇ ਸੀ.ਡੀ ਪਲੇਅਰ ਦਾ ਬਟਨ ਨੱਪ ਦਿੱਤਾ ਤਾਂ ਗਾਣਾ ਵੱਜਣ ਲੱਗਾ, ਹੁਣ ਤੈਨੂੰ ਟਕਰਾਂਗੇ, ਸੱਜਰੇ ਸ਼ਰੀਕ ਤੇਰੇ ਬਣ ਕੇ,ਅਸੀ ਦੋਵੇ ਇਕ ਦੂਜੇ ਨੂੰ ਦੇਖਦੇ ਹੱਸ ਪਏ।
ਕਾਰ ਵਿਚੋਂ ਉਤਰਨ ਲੱਗਿਆ ਪਿੰਦਰ ਨੇ ਫੋਨ ਵਾਲਾ ਕਾਗਜ਼ ਦਾ ਟੁਕੜਾ ਮੇਨੂੰ ਫੜਾ ਦਿੱਤਾ ਅਤੇ ਤੁੰਨ-ਮੁਨ ਕੇ ਇਸ ਤਰਾਂ ਪਰਸ ਵਿਚ ਪਾਇਆ,ਜਿਵੇ ਮੈ ਲੇਖਕਾਂ ਨੂੰ ਨਾ ਪਸੰਦ ਕਰਨ ਦਾ ਬਦਲਾ ਲਿਆ ਹੋਵੇ।ਘਰ ਜਾ ਕੇ ਵੀ ਮੈਨੂੰ ਚੈਨ ਨਾ ਆਵੇ ਦਿਲ ਕਰੇ ਹੁਣੇ ਫੋਨ ਕਰਕੇ ਪੁੱਛਾ ਕਿ ਲੇਖਕਾਂ ਨੂੰ ਤੂੰ ਗੁਨਾਹਗਾਰ ਸਮਝਦੀ ਏ।ਪਹਿਲਾਂ ਸੋਚਿਆ ਕੱਲ ਨੂੰ ਫੋਨ ਕਰਾਂਗਾ। ਨਾ ਜੀ, ਕੱਲ ਦੀ ਕੌਣ ਉਡੀਕ ਕਰੇ ਚੁੱਪ ਕਰਕੇ ਰਾਤ ਦੇ ਸਾਡੇ ਕੁ ਅੱਠ ਵਜੇ ਫੋਨ ਘੁੰਮਾਇਆ।ਜ਼ਵਾਬ ਆਇਆ, “ ਸਤਿ ਸ੍ਰੀ ਅਕਾਲ ਜੀ।” ਅਵਾਜ਼ ਤੋਂ ਅੰਦਾਜ਼ਾ ਲਾਇਆ ਉਸ ਦਾ ਪਿਉ ਹੋਵੇਗਾ।“ ਜੋਤੀ ਨਾਲ ਗੱਲ ਕਰ ਸਕਦਾ।”
“ ਤੁਸੀ ਕੌਣ”?
“ਜੀ, ਮੈ ਇਕ ਲੇਖਕ ਹਾਂ।”
“ ਲੇਖਕ, ਅੱਛਾ ਫਿਰ ਤਾਂ ਕਰ ਲਉ ਗੱਲ।” ਉਸ ਦੇ ਪਿਤਾ ਸ਼੍ਰੀ ਨੇ ਇਸ ਤਰਾਂ ਕਿਹਾ ਜਿਵੇ ਲੇਖਕਾਂ ਤੋਂ ਉਹਨਾਂ ਦੀ ਧੀ ਨੂੰ ਜਾਂ ਉਹਨਾਂ ਨੂੰ ਕੋਈ ਖਤਰਾ ਨਹੀ।
“ ਹੈਲੋ।”
“ ਮੈ ਮਨਜੋਤ ਬੋਲ ਰਿਹਾ ।”
“ ਹਾਂ ਜੀ।”
“ ਮੈ ਤਹਾਨੂੰ ਮਿਲਣਾ ਚਾਹੁੰਦਾ ।”
“ ਮੈ ਲੇਖਕਾਂ ਨੂੰ ਨਹੀ ਮਿਲਦੀ।”
“ ਇਹੀ ਵਜਹ ਕਰਕੇ ਤਾਂ ਮਿਲਣਾ ਆ।” ਮੈ ਗੁੱਸੇ ਜਿਹੇ ਵਿਚ ਕਿਹਾ, “ ਤੁਸੀ ਲੇਖਕਾਂ ਨੂੰ ਬੁੱਧੂ ਸਮਝਦੇ ਹੋ।”
“ ਤਲਖ ਹੋਣ ਦੀ ਲੋੜ ਨਹੀ।” ਉਸ ਨੇ ਸੈਲਰ ਦਾ ਨੰਬਰ ਦਿੰਦੇ ਆਖਿਆ, “ ਕੱਲ ਸ਼ਾਮ ਨੂੰ ਮੇਰੇ ਸੈਲਰ ਤੇ ਫੋਨ ਕਰ ਲੈਣਾ।”
ਕੰਮ ਤੋਂ ਹੱਟ ਕੇ ਫੋਨ ਕਰਨ ਲਈ ਸੋਚਦੇ ਨੇ ਸੈਲ-ਫੋਨ ਕਮੀਜ਼ ਦੀ ਮੂਹਰਲੀ ਜੇਬ ਵਿਚ ਪਾ ਲਿਆ। ਫੋਨ ਮੇਰੇ ਦਿਲ ਨਾਲ ਲੱਗਦਾ ਹੀ ਕੰਬਿਆ। ਕੰਮ ਤੇ ਫੋਨ ਸਾਈਲੈਂਟ ਕੀਤਾ ਕਰਕੇ ਉਸ ਦੀ ਅਵਾਜ਼ ਹੀ ਨਾ ਆਈ।
‘ਹੈਲੋ’ ਕਿਹਾ ਤਾਂ ਅਵਾਜ਼ ਆਈ, “ ਮੈ ਕੰਮ ਤੋਂ ਸਿਧੀ ਸੈਂਟਰਲ ਮਾਲ ਵੱਲ ਜਾ ਰਹੀ ਹਾਂ,ਉੱਥੇ ਫੂਡ ਕੋਰਟ ਵਿਚ ਆ ਸਕਦੇ ਹੋ ਤਾਂ ਆ ਜਾਣਾ।”
ਬਿੱਲੀ ਭਾਣੇ ਛਿੱਕਾ ਟੁੱਟਾ ਸੀ।ਕਾਰ ਦੇ ਸ਼ੀਸ਼ੇ ਵਿਚ ਮੂੰਹ ਸਵਾਰਦਾ  ਸੈਂਟਰਲ-ਮਾਲ ਵੱਲ ਜਾਂਦਾ ਕਾਰ ਦੀ ਸਪੀਡ ਵਧਾ ਰਿਹਾ ਸੀ।
ਫੂਡ ਕੋਰਟ ਵਿਚ ਪਹੁੰਚ ਕੇ ਇਧਰ-ਉਧਰ ਨਿਗਾਹ ਮਾਰੀ ਤਾਂ ਵਿਚਕਾਰ ਵਾਲੇ ਟੇਬਲ ਦੇ ਕੋਲ ਖਲੋਤੀ, ਕੰਮ ਦੀ ਡਰੈਸ ਕਾਲੀ ਪੈਂਟ ਅਤੇ ਚਿੱਟੀ ਕਮੀਜ਼ ਵਿਚ ਨਜ਼ਰ ਆਈ।ਚਿੱਟੀ ਕਮੀਜ਼ ਵਿਚ ਵੀ ਉਸ ਦਾ ਗੋਰਾ ਰੰਗ ਗੁਲਾਬੀ ਭਾਅ ਮਾਰ ਰਿਹਾ ਸੀ।
“ਕੁੱਝ ਖਾਣ ਲਈ ਲਿਆਂਵਾ।” ਮੈ ਜਾਂਦਿਆਂ ਹੀ ਪੁੱਛਿਆ, “ ਜਾਂ ਪੀਣ ਲਈ।”
“ਮੇਰੇ ਕੋਲ ਇੰਨਾ ਟਾਈਮ ਨਹੀ।” ਉਸ ਨੇ ਆਪਣੀ ਘੜੀ ਦੇਖਦੇ ਕਿਹਾ, “ ਜੋ ਕੁੱਝ ਪੁੱਛਣਾ ਛੇਤੀ ਪੁੱਛੋ।”
“ ਤੁਸੀ ਲੇਖਕਾਂ ਨੂੰ ਨਫਰਤ ਕਿਉਂ ਕਰਦੇ ਹੋ।” ਉਸ ਦੇ ਸਾਹਮਣੇ ਪਈ ਕੁਰਸੀ ਤੇ ਮੈ ਬੈਠਦੇ ਪੁੱਛਿਆ।
“ ਨਫਰਤ ਤਾਂ ਮੈ ਵੈਰੀਆਂ ਨੂੰ ਵੀ ਨਹੀ ਕਰਦੀ,ਲੇਖਕ ਤਾਂ ਇਕ ਪਾਸੇ”
“ ਮੇਰਾ ਭਾਵ ਆ ਕੀ ਕਾਰਨ ਆ ਜੋ ਲੇਖਕਾਂ ਤੋਂ ਇੰਨੇ ਖਪਾ ਹੋ ਜੋ ਦੋਸਤੀ ਕਰਨ ਵਿਚ ਝਿਜਕਦੇ ਹੋ।”
“ ਦੋਸਤੀ।” ਉਹ ਵਿਅੰਗ ਨਾਲ ਮੁਸਕ੍ਰਾਉਂਦੀ ਬੋਲੀ, “ ਸਮਝ ਵਾਲੀ ਕੁੜੀ  ਤਾਂ ਲੇਖਕ ਨਾਲ ਭੁੱਲ ਕੇ ਵੀ ਦੋਸਤੀ ਨਾ ਕਰੇ।”
“ ਕਿਉਂ?”
“ ਪਹਿਲਾਂ ਇਹ ਲੇਖਕ ਅਣਭੋਲ ਕੁੜੀਆਂ ਨਾਲ ਦੋਸਤੀ ਪਾਉਂਦੇ ਆ।”
ਮਨ ਵਿਚ ਆਇਆ ਕਿ ਕਹਾਂ ਤੂੰ ਤਾਂ ਅਣਭੋਲ ਲੱਗਦੀ ਨਹੀ, ਪਰ ਮੈ ਕਿਹਾ, “ ਫਿਰ।”
“ ਦੋਸਤ ਦੀ ਆੜ ਵਿਚ ਸਬੰਧ ਬਣਾ ਕੇ ਉਹਨਾਂ ਬਾਰੇ ਮਸਾਲੇ ਲਾ ਲਾ ਕੇ ਲਿਖਦੇ ਆ।”
ਮੈਨੂੰ ਪਤਾ ਹੋਣ ਦੇ ਵਾਬਜ਼ੂਦ ਵੀ ਮੈ ਕਿਹਾ, “ ਕੌਣ ਨੇ ਇਸ ਤਰਾਂ ਦੇ ਲੇਖਕ?ਇਸ ਤਰਾਂ ਨਹੀ ਕਰਨਾਂ ਚਾਹੀਦਾ ।”
“ ਪਤਾ ਤਾਂ ਤਹਾਨੂੰ ਵੀ, ਖੈਰ ਜੇ ਤੁਸੀ ਨਾਮ ਲੈਣ ਤੋਂ ਡਰਦੇ ਤਾਂ ਮੈ ਦੱਸ ਦੇਂਦੀ।” ਉਸ ਨੇ ਸਿੱਧਾ ਮੇਰੀਆਂ ਅੱਖਾਂ ਵਿਚ ਦੇਖਦੇ ਕਿਹਾ, “ ਹੈ ਤਾਂ ਕਈ,ਚਲੋ ਖੁਸ਼ਵੰਤ ਸਿੰਘ , ਬਲਵੰਤ ਗਾਰਗੀ ਦੀਆਂ ਕਿਤਾਬਾਂ ਪੜ੍ਹ ਕੇ ਤਾਂ ਦੇਖਿਉ ਕੁੜੀਆਂ ਨਾਲ ਬਣੇ ਸੰਬਧਾ ਬਾਰੇ ਉਹਨਾਂ ਦੀ ਸਰੀਰਕ ਬਣਤਰ ਬਾਰੇ ਕਿਵੇ ਚਟਖਾਰੇ ਲਾ ਲਾ ਲਿਖਦੇ ਨੇ।”
“ ਹੋ ਸਕਦਾ ਉਹ ਆਪਣੀਆਂ ਪਿਆਰ ਭਰੀਆਂ ਯਾਦਾਂ ਨੂੰ ਤਾਜ਼ਾ ਰੱਖਣ ਵਾਸਤੇ ਇਸ ਤਰਾਂ ਕਰਦੇ ਹੋਣ।”
“ ਕਾਮ ਨੂੰ ਪਿਆਰ ਦਾ ਨਾਮ ਦੇਣਾ ਠੀਕ ਨਹੀ, ਚਲੋ ਤੁਹਾਡੀ ਸੋਚ ਅਨੁਸਾਰ ਇਹਦਾ ਮਤਲਬ ਉਹ ਆਪਣੀਆਂ ਪਤਨੀਆਂ ਨੂੰ ਪਿਆਰ ਨਹੀ ਸੀ ਕਰਦੇ।” ਪਹਿਲਾਂ ਤਾਂ ਦਿਲ ਵਿਚ ਆਇਆ ਕਹਾਂ ਜੇ ਕਰਦੇ ਹੁੰਦੇ ਤਾਂ ਉਹਨਾਂ ਨਾਲ ਬੇਵਾਫ਼ਈ ਕਰਕੇ ਧੋਖਾ ਨਾ ਕਰਦੇ, ਪਰ ਮੈ ਸਿਰਫ ਇੰਨਾ ਹੀ ਕਿਹਾ,” ਕਰਦੇ ਹੋਣਗੇ।”
“ ਜੇ ਕਰਦੇ ਤਾਂ ਉਹਨਾਂ ਦੀ ਸਰੀਰਕ ਬਣਤਰ ਬਾਰੇ ਕਿਉਂ ਨਹੀ ਜਿਕਰ ਕਰਦੇ।”
ਇਸ ਦੇ ਜ਼ਵਾਬ ਵਿਚ ਮੈਨੂੰ ਕੋਈ ਗੱਲ ਨਾ ਆਈ ਤਾਂ ਉਹ ਫਿਰ ਬੋਲੀ, “ ਕਿਉਂਕਿ ਉਹਨਾਂ ਨੂੰ ਆਪਣੀਆਂ ਪਤਨੀਆਂ ਦੀ ਇੱਜ਼ਤ ਪਿਆਰੀ ਹੁੰਦੀ ਆ।ਸਰੀਰ ਬਾਰੇ ਤਾਂ ਗੱਲ ਕਰਨੀ ਇਕ ਪਾਸੇ ਉਹ ਤਾਂ ਉਹਨਾਂ ਦੇ ਹੁਸਨ ਬਾਰੇ ਵੀ ਘੱਟ ਹੀ ਗੱਲ ਕਰਦੇ ਨੇ।
“ ਇਹ ਤਾਂ ਉਹਨਾਂ ਕੁੜੀਆਂ ਦੀ ਵੀ ਗੱਲਤੀ ਆ ਜੋ ਪੈਸੇ ਪਿੱਛੇ ਉਹਨਾਂ ਦੇ ਮਗਰ ਮਗਰ ਫਿਰਦੀਆਂ ਨੇ।”
“ ਪੰਜਾਬੀ ਲੇਖਕਾਂ ਕੋਲ ਪੈਸੇ ਤਾਂ ਕੀ ਹੋਣੇ ਆ।” ਉਸ ਨੇ ਮੁਸਕ੍ਰਾ ਕੇ ਕਿਹਾ, “ ਮਸ਼ਹੂਰੀ ਕਰਕੇ ਭਾਂਵੇ ਮਗਰ ਦੌੜਦੀਆਂ ਹੋਣਗੀਆਂ।”
“ ਤੁਸੀ ਮੰਨਦੇ ਹੋ ਕਿ ਇਸ ਵਿਚ ਕੁੜੀਆਂ ਦੀ ਵੀ ਗੱਲਤੀ ਹੈ।”
“ ਜੇ ਤੁਸੀ ਮਰਦ ਹੋ ਕੇ ਮੰਨ ਗਏ ਕਿ ਲੇਖਕਾਂ ਨੂੰ ਇਸ ਤਰਾਂ ਨਹੀ ਕਰਨਾਂ ਚਾਹੀਦਾ, ਮੈਨੂੰ ਮੰਨਣ ਵਿਚ  ਕੀ ਆ।”
ਚਤਰਾਈ ਨਾਲ ਕੀਤੀ ਉਸ ਦੀ ਗੱਲ ਉੱਪਰ ਮੈ ਹੱਸ ਪਿਆ।ਉਸ ਨੂੰ ਵੀ ਮੁਸਕ੍ਰਾਂਦਾ ਦੇਖ ਮੇਰਾ ਹੋੰਸਲਾ ਬਲੁੰਦ ਹੋ ਗਿਆ ਅਤੇ ਮੈ ਸਿਧਾ ਹੀ ਕਹਿ ਦਿੱਤਾ, “ ਆਪ ਜੀ ਦਾ ਮੇਰੇ ਬਾਰੇ ਕੀ ਖਿਆਲ ਆ?”
ਉਸ ਨੇ ਸਮਝਦੇ ਹੋਏ ਵੀ ਕਿਹਾ, “ ਮੈ ਸਮਝੀ ਨਹੀ।”
“ ਮੇਰਾ ਮਤਲਵ ਮੈ ਤਾਂ ਕੋਈ ਮਸ਼ਹੂਰ ਲੇਖਕ ਨਹੀ ਹਾਂ॥” ਮੈ ਉਸ ਦੀਆਂ ਭੂਰੀਆਂ ਅੱਖਾਂ ਵਿਚ ਦੇਖਦੇ ਕਿਹਾ, “ਇਸ ਕਰਕੇ ਮੈਨੂੰ ਤਾਂ ਪਸੰਦ ਕਰਦੇ ਹੋਵੋਗੇ।ਵੈਸੇ ਵੀ ਸਾਰੇ ਮਰਦ ਲੇਖਕ ਇਕੋ ਅਜਿਹੇ ਨਹੀ ਹੁੰਦੇ।”
ਉਸ ਦੀਆਂ ਗੋਰੀਆਂ ਗੱਲਾਂ ਹੋਰ ਵੀ ਗੁਲਾਬੀ ਹੁੰਦਿਆ ਦੇਖ ਮੈ ਫਿਰ ਸਪਸ਼ੱਟ ਕਿਹਾ, “ ਵੈਸੇ ਮੈਂ ਤੁਹਾਨੂੰ ਆਪਣੀ ਗਰਲ ਫਰੈਂਡ ਨਹੀ ਬਣਾਉਣਾ ਚਾਹੁੰਦਾ,ਜੀਵਨ-ਸਾਥਣ ਬਣਾਉਣਾ ਚਾਹੁੰਦਾ ਹਾਂ।”
“ਗਰਲ ਫਰੈਂਡ ਤਾਂ ਮੈ ਕਦੇ ਵੀ ਕਿਸੇ ਲੇਖਕ ਦੀ ਨਾ ਬਣਾਂ।” ਉਸ ਨੇ ਹੱਸਦੇ ਜਿਹਾ ਕਿਹਾ, “ ਪਹਿਲੇ ਦਿਨ ਤੋਂ ਕੀਤੀ ਤੁਹਾਡੀ ਮਿਹਨਤ ਬਰ ਆ ਹੀ ਗਈ।”
“ ਕੀ ਮਤਲਵ।” ਮੈ ਹੈਰਾਨ ਹੁੰਦੇ ਕਿਹਾ, “ ਕਿਹੜਾ ਪਹਿਲਾ ਦਿਨ।”
“ ਜਦੋਂ ਮੈ ਕਵਿਤਾ ਪੜ੍ਹੀ ਸੀ।” ਉਸ ਨੇ ਦੱਸਿਆ, “ ਤੁਸੀ ਤਾਂ ਉਸ ਦਿਨ ਮੈਨੂੰ ਦੇਖ ਕੇ ਤਾੜੀ ਵਜਾਉਣਾ ਵੀ ਭੁੱਲ ਗਏ ਸੀ।”
“ ਜੇ ਤਹਾਨੂੰ  ਪਤਾ ਲੱਗ ਗਿਆ ਸੀ ਤਾਂ ਮੁੜ ਸਭਾ ਵਿਚ ਕਿਉਂ ਨਹੀ ਆਏ?”
“ ਸਭਾ ਵਿਚ ਜਾ ਕੇ ਮਹਿਸੂਸ ਹੁੰਦਾ ਹੈ ਕਈ ਲੋਕ ਉੱਪਰੋ ਵਾਹ ਵਾਹ ਕਰਦੇ ਨੇ ਵਿਚੋਂ ਈਰਖਾ।”ਉਸ ਨੇ ਸੱਚ ਦੱਸਿਆ, “ ਕਈ ਤਾਂ ਹਰਦਮ ਬਹਿਸ ਲਈ ਹੀ ਤਿਆਰ ਰਹਿਣਗੇ।”
“ ਅਸਲ ਵਿਚ ਤੁਸੀ ਮੇਰੀ ਗੱਲ ਦਾ ਜ਼ਵਾਬ ਨਹੀ ਦਿੱਤਾ।” ਮੈ ਵਿਚੋਂ ਹੀ ਬੋਲਿਆ, “ ਤੁਸੀ ਜਾਣ ਕੇ ਮੈਨੂੰ ਟਾਲ ਰਹੇ ਸੀ।”
“ ਮੈਨੂੰ ਕੀ ਪਤਾ ਸੀ ਕਿ ਤੁਹਾਡੇ ਦਿਲ ਵਿਚ ਜੋ ਮੇਰੇ ਬਾਰੇ ਭਾਵਨਾ ਸੀ ਉਹ ਸੱਚੀ ਸੀ ਜਾਂ ਝੂਠੀ।”
“ ਚਲੋ, ਹੁਣ ਤਾਂ ਪਤਾ ਲੱਗ ਗਿਆ ਕਿ ਇਹ ਸੱਚੀ-ਸੁਚੀ ਭਾਵਨਾ ਇਕ ਵੱਧੀਆ ਰੂਹ ਵਾਲੀ ਮੰਜ਼ਿਲ ਨੂੰ ਪਾ ਸਕਦੀ ਹੈ।”
“ ਇਹ ਭਾਵਨਾ ਸਾਰੀ ਉਮਰ ਬਣਾਈ ਰੱਖੋਂਗੇ?”
“ ਬੰਦਾ ਤੁਹਾਡਾ ਗੁਲਾਮ ਬਣ ਗਿਆ।” ਮੈ ਹੱਸਦੇ ਕਿਹਾ, “ ਜੋ ਮਰਜ਼ੀ ਬਣਵਾਈ ਜਾਇਉ, ਪਰ”
“ ਪਰ ਕੀ?”
“ ਇਕ ਵਾਅਦਾ ਤੁਸੀ ਵੀ ਕਰੋ।”
“ ਦੱਸੋ।”
“ ਤੁਸੀ ਆਪਣੀ  ਸੋਹਣੀ ਜਿਹੀ ਲੰਮੀ ਕਾਲੀ ਗੁੱਤ ਇਸ ਤਰਾਂ ਰਖੋਂਗੇ।ਕੈਨੇਡਾ ਦਾ ਰੰਗ ਚੜ੍ਹਨ ਤੇ ਵੀ ਇਸ ਨੂੰ ਕੱਟਵਾਉਗੇ ਨਹੀ।”
ਇਹ ਗੱਲ ਸੁਣ ਕੇ ਉਹ ਕਲੀ ਦੀ ਤਰਾਂ ਖਿੜ ਕੇ ਕਹਿਣ ਲੱਗੀ, “ ਜੋ ਤੁਸੀ ਚਾਹੁੰਦੇ ਹੋ ਉਸ ਤਰਾਂ ਹੀ ਹੋਵੇਗਾ।ਵੈਸੇ ਵੀ ਆਪਣੇ ਰੰਗ ਵਿਚ ਯਕੀਨ ਹੋਵੇ ਤਾਂ ਦੂਜਿਆਂ ਦੇ ਰੰਗ ਘੱਟ ਹੀ ਚੜ੍ਹਦੇ ਨੇ।”
“ ਤੁਸੀ ਬਿਲਕੁਲ ਸਹੀ ਕਿਹਾ, ਤੁਹਾਡਾ ਬਹੁਤ ਧੰਨਵਾਦ ਤੁਸੀ ਮੇਰੇ ਲੇਖਕ ਹੋਣ ਤੇ ਵੀ ਮੈਨੂੰ ਪਸੰਦ ਕਰ ਲਿਆ।”
“ ਤਹਾਨੂੰ ਪਤਾ ਹੀ ਹੈ ਲੱਸੀ ਦਾ ਡਰਿਆ ਦੁੱਧ ਨੂੰ ਵੀ ਪੁਣਨ ਲੱਗਦਾ ਹੈ।” ਉਸ ਨੇ ਮੁਸਕ੍ਰਾਟ ਬਿਖੇਰਦੇ ਕਿਹਾ, “ ਖੈਰ, ਚੱਲੀਏ ਫਿਰ।”
“ ਹੁਣ ਤੁਸੀ ਇਸ ਤਰਾਂ ਕਿਵੇ ਚਲੇ ਜਾਉਂਗੇ।” ਮੈ ਵੀ ਮੁਸਕ੍ਰਾ ਕੇ ਕਿਹਾ, “ ਪਹਿਲੇ ਦਿਨ ਦੀ ਇਹ ਸੁਹਾਣੀ ਮੁਲਾਕਾਤ ਬਗੈਰ ਖਾਦੇ-ਪੀਤੇ ਹੀ ਚਲੇ ਜਾਵੇਗੀ।”
“ ਚਲੋ, ਫਿਰ ਮੈਂਗਉ ਮਿਲਕ ਸ਼ੇਕ ਤੋਂ ਆਪਣਾ ਨਵਾ ਸਫਰ ਸ਼ੁਰੂ ਕਰੀਏ।”
ਮੈ ਕਿਹਾ,“ ਤੁਸੀ ਤਾਂ ਮੇਰੇ ਦਿਲ ਦੀ ਬੁੱਝ ਲਈ।”
“ ਇਕ ਦੂਜੇ ਦੇ ਦਿਲਾਂ ਦੀ ਬੁੱਝਾ ਗੇ ਤਾਂ ਇਹ ਮੁਹੱਬਤ ਭਰਿਆ ਜੀਵਨ ਹੋਰ ਵੀ ਸੁੰਦਰ ਹੋ ਜਾਵੇਗਾ।”
“ ਵਾਹ ਪਈ ਵਾਹ ਕਿਆ ਕਹਿਣੇ ਆਪ ਦੇ।” ਮੈ ਉਸ ਦੇ ਫਿਲਾਸਫੀ ਵਾਲੇ ਅੰਦਾਜ਼ ਵਿਚ ਕੀਤੀ ਗੱਲ ਤੇ ਮੁਸਕ੍ਰਾ ਕੇ ਕਿਹਾ, “ ਵੈਸੇ ਵੀ ਆਪਣੇ ਘਰਾਂ ਵਿਚ ਹਰ ਸ਼ਗਨ ਮਿੱਠੇ ਨਾਲ ਸ਼੍ਰੁਰੂ ਕਰਦੇ ਨੇ ਇਹ ਸ਼ੇਕ ਵੀ ਆਪਾਂ ਸ਼ਗਨ ਸਮਝਾਂਗੇ।”
ਉਹ ਹੱਸ ਪਈ ਅਤੇ ਅਸੀ ਬਰੋ-ਬਰਾਬਰ ਤੁਰ ਪਏ।

This entry was posted in ਕਹਾਣੀਆਂ.

3 Responses to ਲੰਮੀ ਗੁੱਤ

  1. jyoti says:

    this is so nice,look like this happen with me

  2. CHAMKAUR SINGH SIMSK says:

    bahut accha likha Anmol g..

  3. gurbaj singh says:

    bahut vadiya likhiya mam,

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>