ਅੰਮ੍ਰਿਤਸਰ 25 ਜਨਵਰੀ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ‘ਚ ਬੰਦ ਭਾਰਤੀ ਸਿੱਖ ਕੈਦੀ ਨੂੰ ਬਿਨਾਂ ਵਜਾ ਕੁੱਟ-ਕੁੱਟ ਕੇ ਮਾਰ ਦੇਣ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਮਾਨਵੀਂ ਹੱਕਾਂ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦੇ ਹੋਏ ਸਹਾਇਕ ਜੇਲ੍ਹ ਅਧਿਕਾਰੀ ਨਾਸਿਰ ਨਵੇਜ ਤੇ ਉਸਦੇ ਸਾਥੀਆਂ ਖਿਲਾਫ ਕਤਲ ਦਾ ਪਰਚਾ ਦਰਜ਼ ਕਰਕੇ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।
ਇਥੋਂ ਜਾਰੀ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕਿਸੇ ਵੀ ਜੁਰਮ ‘ਚ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਵਿਅਕਤੀ ਨੂੰ ਸਜਾ ਦੇਣੀ ਅਦਾਲਤ ਦਾ ਕੰਮ ਹੁੰਦਾ ਹੈ। ਜਦੋਂ ਵਿਅਕਤੀ ਜੇਲ੍ਹ ਚਲੇ ਜਾਦਾਂ ਹੈ ਤਾਂ ਉਸ ਦੀ ਸੁਰੱਖਿਆ ਦੀ ਜਿੰਮੇਵਾਰੀ ਜੇਲ੍ਹ ਪ੍ਰਸ਼ਾਸ਼ਨ ਦੀ ਬਣ ਜਾਂਦੀ ਹੈ ਪਰ ਇੱਥੇ ਤਾਂ ਬਿੱਲਕੁਲ ਉਲਟ ਹੋਇਆ ਹੈ। ਸ.ਸ਼ਮੇਲ ਸਿੰਘ ਸਪੁੱਤਰ ਸ.ਰਸਾਲ ਸਿੰਘ ਪ੍ਰਗਵਾਲ ਖਾਲੇਕੇ ਅਖਨੂਰ ਜੰਮੂ ਨਿਵਾਸੀ ਨੂੰ ਜੇਲ੍ਹ ਪ੍ਰਸਾਸ਼ਨ ਨੇ ਸੁਰੱਖਿਅਤ ਰੱਖਣ ਦੀ ਬਜਾਏ ਬਿਨ੍ਹਾਂ ਵਜ੍ਹਾ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਜੇਲ੍ਹ ਪ੍ਰਸ਼ਾਸ਼ਨ ਦੀ ਇਸ ਘਿਨਾਉਣੀ ਕਰਤੂਤ ਦਾ ਖੁਲਾਸਾ ਵੀ ਬੁੱਧੀਜੀਵੀ ਵਰਗ ‘ਚੋਂ ਜਾਣੇ ਜਾਂਦੇ ਇੱਕ ਪਾਕਿਸਤਾਨ ਵਕੀਲ ਤਹਿਸੀਨ ਖਾਨ ਵੱਲੋਂ ਅਖਬਾਰਾਂ ਰਾਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹਾਇਕ ਜੇਲ੍ਹ ਸੁਪ੍ਰਿੰਟੈਂਡੈਂਟ ਤੇ ਉਸ ਦੇ ਸਾਥੀਆਂ ਦੇ ਇਸ ਘਿਨਾਉਣੇ ਜ਼ੁਰਮ ਬਦਲੇ ਉਹਨਾਂ ਖਿਲਾਫ ਕਤਲ ਦਾ ਪਰਚਾ ਦਰਜ਼ ਕਰਕੇ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਇੱਕ ਪਾਕਿਸਤਾਨੀ ਸਿੱਖ ਵਪਾਰੀ ਸ.ਰਣਬੀਰ ਸਿੰਘ ਜੋ ਬੀਤੇ ਦਿਨੀ ਆਪਣੇ ਘਰ ਉਪ ਨਗਰ ਕੈਦਾਬਾਦ ਪੈਸ਼ਾਵਰ ਦੇ ਬਾਹਰ ਖੜ੍ਹਾ ਸੀ। ਅਣਪਸ਼ਾਤੇ ਬੰਦੂਕਧਾਰੀਆਂ ਵੱਲੋਂ ਅਗਵਾ ਕੀਤੇ ਜਾਣ ਦੀ ਘਟਨਾ ਨੂੰ ਵੀ ਦੁਖਦਾਈ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਘੱਟ ਗਿੱਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਇੱਕ ਸਿੱਖ ਵਿਅਕਤੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇਸ਼ ‘ਚ ਘੱਟ ਗਿੱਣਤੀਆਂ ਪ੍ਰਤੀ ਨਿੱਤ ਵੱਧ ਰਹੀਆਂ ਅਗਵਾ, ਹੱਤਿਆ ਦੀਆਂ ਵਾਰਦਾਤਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੇ ਸਖਤੀ ਨਾਲ ਕਾਬੂ ਪਾਇਆ ਜਾਵੇ।