ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਦੇਸ਼ ਦੇ 64ਵੇਂ ਗਣਤੰਤਰਦਿਵਸ ਤੇ 108 ਮੰਨੇ ਪ੍ਰਮੰਨੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।ਇਨ੍ਹਾਂ ਵਿੱਚੋਂ 4 ਨੂੰ ਪਦਮ ਵਿਭੂਸ਼ਣ,24 ਨੂੰ ਪਦਮ ਭੂਸ਼ਣ ਅਤੇ 80 ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ।ਪੁਲਿਸ ਦੇ 875 ਜਵਾਨਾਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਦਿੱਤੇ ਜਾਣਗੇ।
ਪੰਜਾਬ ਦੇ ਮੰਨੇ ਪ੍ਰਮੰਨੇ ਹਾਸਰਸ ਕਲਾਕਾਰ ਜਸਪਾਲ ਭੱਟੀ ਅਤੇ ਰਾਜੇਸ਼ ਖੰਨਾ ਨੂੰ ਮਰਣ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ।ਜਸਪਾਲ ਭੱਟੀ ਦੀ ਕੁਝ ਸਮਾਂ ਪਹਿਲਾਂ ਇੱਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ।ਰਾਜੇਸ਼ ਖੰਨਾ ਵੀ ਲੰਬਾ ਸਮਾਂ ਬਿਮਾਰ ਰਹਿਣ ਤੋਂ ਬਾਅਦ ਅਲਵਿਦਾ ਕਹਿ ਗਏ ਸਨ। ਇਸ ਤੋਂ ਇਲਾਵਾ ਗਿਆਨ ਖੇਤਰ ਦੇ ਪ੍ਰੋਫੈਸਰ ਰੋਡਮ, ਪ੍ਰੋਫੈਸਰ ਯਸ਼ਪਾਲ ਅਤੇ ਕਲਾ ਖੇਤਰ ਦੇ ਰਜ਼ਾ ਹੈਦਰ ਅਤੇ ਰਘੂਨਾਥ ਮੋਹਾਪਾਤਰਾ ਨੂੰ ਪਦਮ ਵਿਭੂਸ਼ਣ ਦੇਣ ਦਾ ਫੈਸਲਾ ਕੀਤਾ ਗਿਆ।
ਪ੍ਰਸਿੱਧ ਅਦਾਕਾਰਾ ਸ਼ਰਮੀਲਾ ਟੈਗੋਰ ਨੂੰ ਪਦਮ ਭੂਸ਼ਣ ਅਤੇ ‘ਇੰਗਲਸ਼ ਵਿੰਗਲਸ਼’ ਨਾਲ ਫਿਲਮੀ ਜਗਤ ਵਿੱਚ ਦੁਬਾਰਾ ਵਾਪਸੀ ਕਰਨ ਵਾਲੀ ਸ੍ਰੀ ਦੇਵੀ ਅਤੇ ਸ਼ੋਲੇ ਦੇ ਨਿਰਦੇਸ਼ਕ ਰਮੇਸ਼ ਸਿੱਪੀ ਨੂੰ ਪਦਮ ਸ੍ਰੀ ਨਾਲ ਨਿਵਾਜਿਆ ਗਿਆ। ਸਾਹਿਤ ਖੇਤਰ ਦੇ ਨਿੰਦਾ ਫਾਜ਼ਲੀ ਅਤੇ ਸੁਰੇਂਦਰ ਕੁਮਾਰ ਸ਼ਰਮਾ ਨੂੰ ਪਦਮ ਸ੍ਰੀ ਦਿੱਤਾ ਜਾਵੇਗਾ। ਇਹ ਪੁਰਸਕਾਰ ਮਾਰਚ-ਅਪਰੈਲ ਵਿੱਚ ਰਾਸ਼ਟਰਪਤੀ ਭਵਨ ਵਿੱਚ ਸਮਾਗਮ ਆਯੋਜਿਤ ਕਰਕੇ ਰਾਸ਼ਟਰਪਤੀ ਵੱਲੋਂ ਦਿੱਤੇ ਜਾਣਗੇ।