ਲੁਧਿਆਣਾ: – ਇੰਡੀਅਨ ਸੁਸਾਇਟੀ ਆਫ ਔਰਨਾਮੈਂਟਲ ਹਾਰਟੀਕਲਚਰ ਦੀ ਹਾਲ ਹੀ ਵਿੱਚ ਹੋਈ ਦਿੱਲੀ ਵਿਖੇ ਸਾਲਾਨਾ ਗੋਸ਼ਟੀ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀਕਲਚਰ ਨਾਲ ਸਬੰਧਿਤ ਵਿਗਿਆਨੀਆਂ ਡਾ: ਜਗਦੀਸ਼ ਸਿੰਘ ਅਰੋੜਾ, ਡਾ: ਰਮੇਸ਼ ਕੁਮਾਰ ਅਤੇ ਡਾ: ਅਜੇ ਪਾਲ ਸਿੰਘ ਗਿੱਲ ਨੂੰ ਸਨਮਾਨਿਆ ਗਿਆ। ਡਾ: ਅਰੋੜਾ ਅਤੇ ਡਾ: ਕੁਮਾਰ ਨੂੰ ਉਨ੍ਹਾਂ ਦੁਆਰਾ ਫਲੋਰੀਕਲਚਰ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਸੁਸਾਇਟੀ ਦੇ ਫੈਲੋਸ਼ਿਪ ਦਿੱਤੇ ਗਏ ਜਦ ਕਿ ਡਾ:ਗਿੱਲ ਨੂੰ ਉਨ੍ਹਾਂ ਦੁਆਰਾ ਜੀਵਨ ਭਰ ਦੀਆਂ ਪ੍ਰਾਪਤੀਆਂ ਸਦਕਾ ‘ਕਮਲ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਡਾ: ਅਰੋੜਾ ਫਲੋਰੀਕਲਚਰ ਅਤੇ ਲੈਂਡਸਕੇਪ ਵਿਭਾਗ ਦੇ ਸਾਬਕਾ ਮੁਖੀ ਹਨ। ਡਾ: ਰਮੇਸ਼ ਕੁਮਾਰ ਇਸ ਵਿਭਾਗ ਦੇ ਹੁਣ ਮੁਖੀ ਹਨ। ਇਨ੍ਹਾਂ ਦੋਹਾਂ ਵਿਗਿਆਨੀਆਂ ਨੂੰ ਹੰਸ ਰਾਜ ਪਾਹਵਾ ਐਵਾਰਡ ਨਾਲ ਪਹਿਲਾਂ ਵੀ ਸਨਮਾਨਿਆ ਜਾ ਚੁੱਕਾ ਹੈ। ਡਾ: ਕੁਮਾਰ ਨੂੰ ਹਾਰਟੀਕਲਚਰ ਨਾਲ ਸਬੰਧਿਤ ਭਾਰਤ ਸੁਸਾਇਟੀ ਵੱਲੋਂ ਸੋਨ ਤਮਗਾ ਵੀ ਦਿੱਤਾ ਜਾ ਚੁੱਕਾ ਹੈ। ਡਾ: ਗਿੱਲ ਨੇ ਸੀਨੀਅਰ ਫਲੋਰੀਕਲਚਰਿਸਟ ਦੇ ਤੌਰ ਤੇ ਯੂਨੀਵਰਸਿਟੀ ਦੀ ਸੇਵਾ ਨਿਭਾਈ ਹੈ ਅਤੇ ਦੇਸ਼ ਵਿਦੇਸ਼ ਵਿੱਚ ਫਲੋਰੀਕਲਚਰ ਖੇਤਰ ਵਿੱਚ ਇਕ ਜਾਣਿਆ ਪਛਾਣਿਆ ਨਾਂ ਹੈ।